ਕੋਰੋਨਾ ਨੂੰ ਹਰਾਉਣ ਵਾਲੀ ਜੋੜੀ ਨੇ ਲੋਕਾਂ ਨੂੰ ਕੋਵਿਡ ਦੀ ਸਾਵਧਾਨੀਆਂ ਅਪਨਾਉਣ ਦੀ ਕੀਤੀ ਅਪੀਲ
ਪਤੀ ਪਤਨੀ ਵੱਲੋਂ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਅਤੇ ਡਾਕਟਰੀ ਟੀਮ ਦਾ ਵਿਸ਼ੇਸ ਤੌਰ ਤੇ ਕੀਤਾ ਧੰਨਵਾਦ
ਸਾਕਾਰਾਤਮਕ ਜੀਵਨ ਸ਼ੈਲੀ ਅਪਣਾ ਕੇ ਕਿਸੇ ਵੀ ਬਿਮਾਰੀ ਤੇ ਪਾਈ ਜਾ ਸਕਦੀ ਫ਼ਤਿਹ –ਡਿਪਟੀ ਕਮਿਸ਼ਨਰ
ਹਰਪ੍ਰੀਤ ਕੌਰ ਸੰਗਰੂਰ, 5 ਅਗਸਤ:2020
ਪੰਜਾਬ ਸਰਕਾਰ ਦੇ ਮਿਸ਼ਨ ਫਤਹਿ ਨੂੰ ਸਫ਼ਲ ਬਣਾਉਣ ’ਚ ਆਪਣਾ ਯੋਗਦਾਨ ਦਿੰਦਿਆਂ ਕੋਵਿਡ-19 ’ਤੇ ਫਤਹਿ ਹਾਸਿਲ ਕਰਨ ਵਾਲੇ ਪਤੀ ਪਤਨੀ ਸੇਵਾ ਮੁਕਤ ਹੋਮਿਓਪੈਥਿਕ ਡਾ. ਸੁਰੇਸ਼ ਕੁਮਾਰ ਅਤੇ ਸੁਮਨ ਗਰਗ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਅਤੇ ਇਕਾਂਤਵਾਸ ਦੌਰਾਨ ਮੁਹੱਈਆ ਕਰਵਾਈਆਂ ਸਹੂਲਤਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਦੋਵੇਂ ਪਤੀ ਪਤਨੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਅਤੇ ਡਾਕਟਰੀ ਟੀਮ ਦਾ ਵਿਸ਼ੇਸ ਤੌਰ ਤੇ ਧੰਨਵਾਦ ਵੀ ਕੀਤਾ।
ਦੋਵੇਂ ਪਤੀ ਪਤਨੀ ਨੇ ਕੋਰੋਨਾਵਾਇਰਸ ਤੇ ਜਿੱਤ ਦਾ ਸਿਹਰਾ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਵਧੀਆਂ ਪ੍ਰਬੰਧਾਂ ਨੂੰ ਦਿੱਤਾ। 63 ਸਾਲਾਂ ਹੋਮਿਓਪੈਥਿਕ ਸੇਵਾ ਮੁਕਤ ਡਾਕਟਰ ਸੁਰੇਸ਼ ਗਰਗ ਨੇ ਦੱਸਿਆ ਕਿ ਖਾਂਸੀ ਅਤੇ ਸਾਂਹ ਲੈਣ ’ਚ ਤਕਲੀਫ ਹੋਣ ਕਾਰਣ ਸਿਵਲ ਹਸਪਤਾਲ ਸੰਗਰੂਰ ਵਿਖੇ ਕੋਵਿਡ-19 ਦਾ ਟੈਸਟ ਕਰਵਾਇਆ ਸੀ, ਮਿਤੀ 15 ਜੁਲਾਈ ਨੂੰ ਉਹਨਾ ਦੀ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਪੀ.ਜੀ.ਆਈ ਚੰਡੀਗੜ੍ਹ ਭੇਜ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮੇਰੀ ਪਤਨੀ ਸ੍ਰੀਮਤੀ ਸੁਮਨ ਗਰਗ ਦਾ ਵੀ ਟੈਸਟ ਹੋਇਆ ਅਤੇ ਉਨ੍ਹਾਂ ਦੀ ਰਿਪੋਰਟ ਪਾਜ਼ਿਟਿਵ ਆਈ ਅਤੇ ਸਿਹਤ ਵਿਭਾਗ ਵੱਲੋਂ ਸੁਮਨ ਗਰਗ ਨੂੰ ਕੋਵਿਡ ਕੇਅਰ ਸੈਂਟਰ ਮਲੇਰਕੋਟਲਾ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕੋਵਿਡ ਦੇ ਨਾਲ-ਨਾਲ ਮੈਂਨੁੰ ਅਤੇ ਮੇਰੀ ਪਤਨੀ ਨੂੰ ਸ਼ੂਗਰ ਦੀ ਸਮੱਸਿਆ ਵੀ ਸੀ ਜਿਸਦਾ ਡਾਕਟਰੀ ਟੀਮਾ ਵੱਲੋਂ ਪੂਰਾ ਖਿਆਲ ਰੱਖਿਆ ਗਿਆ।
ਡਾ. ਸੁਰੇਸ ਗਰਗ ਅਤੇ ਸੁਮਨ ਗਰਗ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੂੰ ਕੋਰੋਨਾ ਪਾਜ਼ਿਟਿਵ ਹੋਣ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਘਬਰਾਉਣ ਦੀ ਥਾਂ ਹਿੰਮਤ ਨਾਲ ਇਸ ਬਿਮਾਰੀ ਦਾ ਸਾਹਮਣਾ ਕਰਨ ਦਾ ਪ੍ਰਣ ਕੀਤਾ। ਸ੍ਰੀਮਤੀ ਗਰਗ ਨੇ ਦੱਸਿਆ ਕਿ ਕੋਵਿਡ ਕੇਅਰ ਸੈਂਟਰ ਮਲੇਰਕੋਟਲਾ ਵਿਖੇ ਉਹ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੇ ਵਧੀਆਂ ਪ੍ਰਬੰਧਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਤਿੰਨ ਟਾਈਮ ਦਾ ਖਾਣਾ, ਵਧੀਆ ਚਾਹ, ਪੀਣ ਯੋਗ ਪਾਣੀ ਦਿੱਤਾ ਜਾਂਦਾ ਸੀ।
ਡਾ ਸੁਰੇਸ਼ ਨੇ ਦੱਸਿਆ ਕਿ ਪੀ.ਜੀ.ਆਈ ਚੰਡੀਗੜ੍ਹ ਦਾ ਸਟਾਫ ਹਰ ਸਮੇਂ ਉਨ੍ਹਾਂ ਦਾ ਖਿਆਲ ਰੱਖਦਾ ਸੀ ਅਤੇ ਉਨ੍ਹਾਂ ਘਰ ਵਰਗਾ ਮਾਹੌਲ ਮਿਲਿਆ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪੂਰਣ ਤੌਰ ਤੇ ਪਾਲਣਾ ਕੀਤੀ ਅਤੇ ਵਧੀਆਂ ਅਤੇ ਸੰਤੁਲਿਤ ਭੋਜਣ ਖਾਣ ਮਿਲਣ ਨਾਲ ਉਹ ਕੋਰੋਨਾ ਨੂੰ ਹਰਾ ਕੇ ਘਰ ਪਰਤ ਆਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾਵਾਇਰਸ ਤੋਂ ਡਰਨ ਦੀ ਨਹੀ ਸਗੋਂ ਸੁਚੇਤ ਰਹਿਣ ਦੀ ਲੋੜ ਹੈ ।
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੋਵੇਂ ਮਰੀਜ਼ਾਂ ਨੂੰ ਸਰਕਾਰੀ ਹਦਾਇਤਾਂ ਅਨੁਸਾਰ ਕੋਵਿਡ ਕੇਅਰ ਸੈਂਟਰ ’ਚ ਨਿਰਧਾਰਤ ਸਮਾਂ ਬਿਤਾਉਣ ਉਪਰੰਤ ਸਿਹਤਯਾਬ ਹੋ ਕੇ ਘਰ ਪਰਤਣ ’ਤੇ ਚੰਗੇਰੀ ਸਿਹਤ ਲਈ ਸੁਭਕਾਮਨਾਵਾਂ ਦਿੱਤੀਆ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਬਹੁਤ ਜ਼ਿਆਦਾ ਲੋੜ ਪੈਣ ’ਤੇ ਹੀ ਘਰੋਂ ਬਾਹਰ ਜਾਣਾ ਤੇ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਕਾਰਾਤਮਕ ਜੀਵਨ ਸ਼ੈਲੀ ਆਪਣੇ ਕੇ ਕਿਸੇ ਵੀ ਬਿਮਾਰੀ ’ਤੇ ਜਲਦੀ ਫਤਹਿ ਪਾਈ ਜਾ ਸਕਦੀ ਹੈ।