ਐਸ.ਐਚ.ਉ. ਅਤੇ ਏ.ਐਸ.ਆਈ. ਖਿਲਾਫ ਦਰਜ਼ 3 ਲੱਖ ਦੀ ਰਿਸ਼ਵਤ ਦੇ ਕੇਸ ਦਾ ਖੁੱਲ੍ਹਿਆ ਭੇਦ !
1 ਲੱਖ 5 ਹਜ਼ਾਰ ਦੀ ਏ.ਐਸ.ਆਈ. ਤੋਂ ਦਿਖਾਈ ਬਰਾਮਦਗੀ, ਪਰ ਕਿੱਥੇ ਪਿਆ ਹੁਣ 1 ਲੱਖ 95 ਹਜ਼ਾਰ ਰੁਪੱਈਆ ?
ਬੁਝਾਰਤ ਬਣ ਗਈ ਮਨਦੀਪ ਕੌਰ ਸੋਨੀ ਵੱਲੋਂ ਪੁਲਿਸ ਨੂੰ ਦਿੱਤੀ ਅਰਜੀ
ਹਰਿੰਦਰ ਨਿੱਕਾ ਬਰਨਾਲਾ 23 ਜੁਲਾਈ 2020
9 ਦਿਨ ਪਹਿਲਾਂ ਥਾਣਾ ਸਿਟੀ 1 ਦੇ ਤਤਕਾਲੀ ਐਸਐਚਉ ਬਲਜੀਤ ਸਿੰਘ ਅਤੇ ਬੱਸ ਅੱਡਾ ਪੁਲਿਸ ਚੌਂਕੀ ਬਰਨਾਲਾ ਚ, ਤਾਇਨਾਤ ਰਹੇ ਏ.ਐਸ.ਆਈ. ਪਵਨ ਕੁਮਾਰ ਖਿਲਾਫ 3 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਕਥਿਤ ਦੋਸ਼ ਚ, ਦਰਜ਼ ਕੇਸ ਦੀਆਂ ਗੁੱਝੀਆਂ ਪਰਤਾਂ ਹੁਣ ਉੱਧੜਣੀਆਂ ਸ਼ੁਰੂ ਹੋ ਗਈਆਂ ਹਨ। ਬਰਨਾਲਾ ਟੂਡੇ ਦੁਆਰਾ ਪੁਲਿਸ ਅਤੇ ਪੀੜਤ ਪਰਿਵਾਰ ਨਾਲ ਸਬੰਧਿਤ ਵੱਖ ਵੱਖ ਵਸੀਲਿਆਂ ਤੋਂ ਕੀਤੀ ਪੜਤਾਲ ਬਾਅਦ ਸਾਹਮਣੇ ਆਇਆ ਹੈ ਕਿ ਦਰਅਸਲ ਦੋਵਾਂ ਅਧਿਕਾਰੀਆਂ ਖਿਲਾਫ ਦਰਜ਼ ਕੀਤਾ ਗਿਆ 3 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਇਹ ਮਾਮਲਾ ਬੜਾ ਪੇਚੀਦਾ ਢੰਗ ਦਾ ਹੈ। ਮਨਦੀਪ ਕੌਰ ਸੋਨੀ ਨਿਵਾਸੀ ਬਰਨਾਲਾ ਦੀ ਮੋਗਾ ਜਿਲ੍ਹੇ ਦੇ ਪਿੰਡ ਲੰਗੇਆਣਾ ਤੋਂ ਪੁਲਿਸ ਵੱਲੋਂ ਕੀਤੀ ਬਰਾਮਦਗੀ ਨਾਲ ਜੁੜੇ ਇਹ ਬੇਹੱਦ ਗੰਭੀਰ ਮਾਮਲੇ ਦੀਆਂ ਤੰਦਾਂ ਜਿਲ੍ਹੇ ਦੇ ਇੱਕ ਐਸ.ਪੀ. ਰੈਂਕ ਦੇ ਅਧਿਕਾਰੀ ਨਾਲ ਵੀ ਜੁੜੀਆਂ ਹੋਈਆਂ ਹਨ। ਇਹ ਐਸ.ਪੀ ਹੀ ਬਰਾਮਦਗੀ ਦੇ 3 ਲੱਖ ਰੁਪਏ ਮੋੜਨ ਨੂੰ ਲੈ ਕੇ 2 ਜੀਆਂ ਚ, ਚੱਲ ਰਹੀ ਖਿੱਚੋਤਾਣ ਦੀ ਅਹਿਮ ਕੜੀ ਬਣਿਆ ਹੋਇਆ ਸੀ। ਪਰੰਤੂ ਪੂਰੇ ਘਟਨਾਕ੍ਰਮ ਦਾ ਭੇਦ ਖੁੱਲਦਿਆਂ ਹੀ ਇਸ ਐਸ.ਪੀ. ਨੇ ਜਿਲ੍ਹਾ ਪੁਲਿਸ ਮੁਖੀ ਤੱਕ ਘਟਨਾਕ੍ਰਮ ਦੀ ਹਕੀਕਤ ਦੱਸਣ ਦੀ ਬਜਾਏ ਖੁਦ ਦੰਦਾਂ ਹੇਠ ਜੀਭ ਦੱਬ ਕੇ ਆਪਣੇ ਬਚਾਅ ਲਈ ਚੁੱਪ ਵੱਟ ਲਈ ਅਤੇ ਆਪਣੇ 2 ਮੁਤਹਿਤ ਪੁਲਿਸ ਅਧਿਕਾਰੀਆਂ ਨੂੰ ਹੀ ਬਲੀ ਦਾ ਬੱਕਰਾ ਬਣਾ ਧਰਿਆ ।
ਮਨਦੀਪ ਕੌਰ ਦੇ ਪਤੀ ਨੇ ਦਰਜ਼ ਕਰਵਾਇਆ ਸੀ ਥਾਣਾ ਸਿਟੀ ਚ, ਕੇਸ
ਵਰਣਨਯੋਗ ਹੈ ਕਿ ਮਨਦੀਪ ਕੌਰ ਸੋਨੀ ਨਿਵਾਸੀ ਬਰਨਾਲਾ ਆਪਣੇ ਪਰਿਵਾਰ ਨੂੰ ਬਿਨਾਂ ਦੱਸਿਆਂ ਹੀ ਘਰੋਂ ਚਲੀ ਗਈ ਸੀ। ਇਸ ਘਟਨਾ ਸਬੰਧੀ 16 ਜੂਨ 2020 ਨੂੰ ਥਾਣਾ ਸਿਟੀ ਬਰਨਾਲਾ ਵਿਖੇ ਅਣਪਛਾਤਿਆਂ ਖਿਲਾਫ ਐਫਆਈਆਰ ਦਰਜ਼ ਹੋਈ ਸੀ । ਮਨਦੀਪ ਕੌਰ ਦੇ ਘਰੋਂ ਚਲੀ ਜਾਣ ਦੇ ਕੇਸ ਦੀ ਤਫਤੀਸ਼ ਬੱਸ ਅੱਡਾ ਪੁਲਿਸ ਚੌਂਕੀ ਚ, ਤਾਇਨਾਤ ਏ.ਐਸ. ਆਈ. ਪਵਨ ਕੁਮਾਰ ਨੂੰ ਸੌਂਪੀ ਗਈ ਸੀ । ਕਾਲ ਲੋਕੇਸ਼ਨਾਂ ਦੇ ਅਧਾਰ ਤੇ ਏ.ਐਸ.ਆਈ. ਪਵਨ ਕੁਮਾਰ ਨੇ ਮਨਦੀਪ ਕੌਰ ਦੀ ਪੈੜ ਲੱਭ ਲਈ। 29 ਜੂਨ ਨੂੰ ਏ.ਐਸ.ਆਈ. ਪਵਨ ਕੁਮਾਰ ਨੇ ਘਰੋਂ ਲਾਪਤਾ ਹੋਈ ਮਨਦੀਪ ਕੌਰ ਨੂੰ ਪੁਲਿਸ ਪਾਰਟੀ ਨਾਲ ਮੋਗਾ ਜਿਲ੍ਹੇ ਦੇ ਪਿੰਡ ਲੰਗੇਆਣਾ ਤੋਂ ਬਰਾਮਦ ਕਰ ਲਿਆ । ਇਸ ਮੌਕੇ ਪੁਲਿਸ ਪਾਰਟੀ ਵੱਲੋਂ ਦਵਿੰਦਰ ਸਿੰਘ ਵਾਸੀ ਕੋਟਮਾਨ ਅਤੇ ਉਸ ਦੇ ਸਾਥੀ ਲਵਪ੍ਰੀਤ ਸਿੰਘ ਵਾਸੀ ਘੱਲ ਕਲਾਂ ਨੂੰ ਵੀ ਹਿਰਾਸਤ ਚ, ਲੈ ਕੇ ਪੁਲਿਸ ਚੌਂਕੀ ਲਿਆਂਦਾ ਗਿਆ ਸੀ । ਪੁਲਿਸ ਸੂਤਰਾਂ ਮੁਤਾਬਿਕ ਤਿੰਨਾਂ ਨੂੰ ਹਿਰਾਸਤ ਚ, ਲੈਣ ਸਮੇਂ ਪੁਲਿਸ ਪਾਰਟੀ ਦੁਆਰਾ ਮੌਕੇ ਤੋਂ 3 ਲੱਖ ਰੁਪਏ ਵੀ ਬਰਾਮਦ ਕੀਤੇ ਗਏ ਸਨ। ਜਿਹੜੇ ਕੁਝ ਦਿਨ ਪਹਿਲਾਂ ਹੀ ਮਨਦੀਪ ਕੌਰ ਦੁਆਰਾ ਆਪਣੇ ਬੈਂਕ ਖਾਤੇ ਚੋਂ ਕਢਵਾਏ ਗਏ ਦੱਸੇ ਜਾਂਦੇ ਹਨ ।
ਮੁਸੀਬਤ ਬਣੀ, ਦੋਸ਼ੀਆਂ ਦੇ ਨਾਲ ਨਹੀਂ ਦਿਖਾਈ 3 ਲੱਖ ਦੀ ਬਰਾਮਦਗੀ
ਤਫਤੀਸ਼ ਅਧਿਕਾਰੀ ਏ.ਐਸ.ਆਈ. ਪਵਨ ਕੁਮਾਰ ਵੱਲੋਂ ਮਨਦੀਪ ਕੌਰ ਸੋਨੀ ਦਾ 164 ਸੀਆਰਪੀਸੀ ਦਾ ਬਿਆਨ ਉਸ ਨਾਲ ਵਾਪਰੀ ਘਟਨਾ ਸਬੰਧੀ ਅਦਾਲਤ ਚ, ਵੀ ਕਲਮਬੰਦ ਕਰਵਾਇਆ ਗਿਆ । ਜਿਸ ਚ, ਮਨਦੀਪ ਕੌਰ ਨੇ ਸਾਫ ਤੌਰ ਤੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਹੀ ਆਪਣੇ ਪਤੀ ਦੀ ਕੁੱਟਮਾਰ ਤੋਂ ਤੰਗ ਆ ਕੇ ਘਰੋਂ ਚਲੀ ਗਈ ਸੀ। ਉਸ ਨੂੰ ਕੋਈ ਵਰਗਲਾ ਕੇ ਨਹੀਂ ਲੈ ਕੇ ਗਿਆ ਸੀ । ਇਸ ਬਿਆਨ ਤੋਂ ਬਾਅਦ ਦਵਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਖਿਲਾਫ ਕਾਨੂੰਨਨ ਕੋਈ ਜੁਰਮ ਹੀ ਨਹੀਂ ਰਹਿ ਗਿਆ । ਭਰੋਸੋਯੋਗ ਸੂਤਰਾਂ ਅਨੁਸਾਰ ਇਸੇ ਅਧਾਰ ਤੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਪਵਨ ਕੁਮਾਰ ਦੁਆਰਾ ਆਪਣੇ ਆਲ੍ਹਾ ਅਧਿਕਾਰੀਆਂ ਨੂੰ ਦੱਸ ਕੇ ਹਿਰਾਸਤ ਚ, ਲਏ ਦੋਵੇਂ ਜਣਿਆਂ ਨੂੰ ਕੇਸ ਚ, ਨਾਮਜ਼ਦ ਕਰਨ ਦੀ ਬਜਾਏ ਰਿਹਾ ਕਰ ਦਿੱਤਾ ਗਿਆ । ਕਿਉਂਕਿ ਹਿਰਾਸਤ ਚ, ਲਏ ਦਵਿੰਦਰ ਸਿੰਘ ਦੇ ਖਿਲਾਫ ਜਗਰਾਉਂ ਜਿਲ੍ਹੇ ਦੇ ਕਿਸੇ ਥਾਣੇ ਅੰਦਰ ਇਰਾਦਾ ਕਤਲ ਦਾ ਕੋਈ ਕੇਸ ਦਰਜ਼ ਹੋਣ ਸਬੰਧੀ ਜਾਣਕਾਰੀ ਮੁਕਾਮੀ ਪੁਲਿਸ ਕੋਲ ਉਦੋਂ ਤੱਕ ਉਪਲੱਭਧ ਹੀ ਨਹੀਂ ਸੀ।
ਐਸਐਚਉ ਨੇ ਘਟਨਾਕ੍ਰਮ ਬਾਰੇ ਐਸ.ਪੀ ਨੂੰ ਦੱਸਿਆ ?
ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਤਤਕਾਲੀ ਐਸਐਚਉ ਬਲਜੀਤ ਸਿੰਘ ਨੇ ਹਿਰਾਸਤ ਚ, ਲਏ ਬੰਦਿਆਂ ਨੂੰ ਰਿਹਾ ਕਰਨ ਅਤੇ ਦੋਸ਼ੀਆਂ ਕੋਲੋਂ 3 ਲੱਖ ਰੁਪਏ ਦੀ ਬਰਾਮਦਗੀ ਹੋਣ ਬਾਰੇ ਇੱਕ ਐਸ.ਪੀ ਨੂੰ ਵੀ ਦੱਸਿਆ ਸੀ। ਪਰੰਤੂ ਬਰਾਮਦ ਹੋਏ 3 ਲੱਖ ਰੁਪਏ ਵਾਪਿਸ ਮੋੜਨ ਨੂੰ ਲੈ ਕੇ ਐਸ.ਪੀ. ਦੀ ਸਹਿਮਤੀ ਮਨਦੀਪ ਕੌਰ ਸੋਨੀ ਨਾਲ ਨਾ ਬਣ ਸਕੀ। ਮਨਦੀਪ ਕੌਰ ਆਪਣੇ ਖਾਤੇ ਚੋਂ ਰੁਪਏ ਕਢਵਾਏ ਹੋਣ ਦਾ ਹਵਾਲਾ ਦੇ ਕੇ 3 ਲੱਖ ਰੁਪਏ ਉਸ ਨੂੰ ਦੇਣ ਦੀ ਮੰਗ ਤੇ ਹੀ ਅੜੀ ਰਹੀ। ਜਦੋਂ ਕਿ ਐਸ.ਪੀ. ਇਹ 3 ਲੱਖ ਦੀ ਰਾਸ਼ੀ ਕਥਿਤ ਤੌਰ ਤੇ ਮਨਦੀਪ ਕੌਰ ਦੇ ਪਤੀ ਨੂੰ ਦੇਣਾ ਚਾਹੁੰਦਾ ਸੀ। ਇੱਥੇ ਹੀ ਬੱਸ ਨਹੀਂ ਐਸ.ਪੀ. ਨੇ 3 ਲੱਖ ਰੁਪਏ ਦੀ ਬਰਾਮਦ ਹੋਈ ਇਹ ਰਾਸ਼ੀ ਕੋਈ ਫੈਸਲਾ ਨਾ ਹੋਣ ਤੱਕ ਤਫਤੀਸ਼ ਅਧਿਕਾਰੀ ਏ.ਐਸ.ਆਈ. ਪਵਨ ਕੁਮਾਰ ਨੂੰ ਆਪਣੇ ਕੋਲ ਹੀ ਰੱਖਣ ਦਾ ਫੁਰਮਾਨ ਸੁਣਾ ਦਿੱਤਾ ਸੀ । ਪਰੰਤੂ ਬਰਾਮਦ ਹੋਏ ਇਹ 3 ਲੱਖ ਰੁਪਏ ਦੀ ਅੱਗ ਅੰਦਰ ਹੀ ਅੰਦਰ ਸੁਲਗਦੀ ਜਰੂਰ ਰਹੀ।
ਮਨਦੀਪ ਕੌਰ ਨੇ ਐਸਐਸਪੀ ਦਫਤਰ ਚ, ਦਿੱਤੀ ਪੈਸੇ ਮੋੜਨ ਲਈ ਦੁਰਖਾਸਤ ?
ਪੁਲਿਸ ਪਾਰਟੀ ਵੱਲੋਂ ਮਨਦੀਪ ਕੌਰ ਸੋਨੀ ਨੂੰ ਭਾਂਵੇ ਲੰਗੇਆਣਾ ਪਿੰਡ ਤੋਂ ਦਵਿੰਦਰ ਸਿੰਘ ,ਲਵਪ੍ਰੀਤ ਸਿੰਘ ਅਤੇ 3 ਲੱਖ ਰੁਪੱਈਆਂ ਸਣੇ ਬਰਾਮਦ ਜਰੂਰ ਕਰ ਲਿਆ ਗਿਆ ਸੀ। ਪਰੰਤੂ ਫਿਰ ਵੀ ਮਨਦੀਪ ਕੌਰ ਆਪਣੇ ਪਤੀ ਦੇ ਘਰ ਜਾਣ ਲਈ ਸਹਿਮਤ ਨਾ ਹੋਈ। ਹੁਣ ਉਹ ਆਪਣੇ ਇੱਕ ਕਰੀਬੀ ਰਿਸ਼ਤੇਦਾਰ ਦੇ ਘਰ ਹੀ ਰਹਿ ਰਹੀ ਹੈ । ਪਤਾ ਇਹ ਵੀ ਲੱਗਿਆ ਹੈ ਕਿ ਆਪਣੀ ਬਰਾਮਦਗੀ ਤੋਂ 14 ਦਿਨ ਬਾਅਦ ਵੀ 3 ਲੱਖ ਰੁਪਏ ਨਾ ਮੁੜਨ ਤੋਂ ਦੁਖੀ ਹੋਈ ਮਨਦੀਪ ਕੌਰ ਨੇ ਆਖਿਰ ਆਪਣੇ ਰੁਪਏ ਪੁਲਿਸ ਪਾਰਟੀ ਤੋਂ ਵਾਪਿਸ ਕਰਵਾਉਣ ਲਈ ਇੱਕ ਦੁਰਖਾਸਤ 14 ਜੁਲਾਈ ਨੂੰ ਆਲ੍ਹਾ ਪੁਲਿਸ ਅਧਿਕਾਰੀ ਦੇ ਦਫਤਰ ਵਿਖੇ ਵੀ ਦਿੱਤੀ ਸੀ । ਪਰੰਤੂ ਇਹ ਅਰਜ਼ੀ ਕਿਸ ਨੂੰ ਮਾਰਕ ਹੋਈ ਜਾਂ ਕਿੱਥੇ ਹੈ, ਇਸ ਦਾ ਹਾਲੇ ਤੱਕ ਕੋਈ ਉੱਘ ਸੁੱਘ ਹੀ ਨਹੀਂ ਹੈ।
ਮੁਖਬਰ ਦੀ ਸ਼ਿਕਾਇਤ ਤੇ ਕਿਉਂ ਦਰਜ਼ ਹੋਇਆ ਕੇਸ ?
ਕਾਨੂੰਨੀ ਨੁਕਤਾ ਨਜ਼ਰ ਤੋਂ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਪੁਲਿਸ ਨੇ ਰਿਸ਼ਵਤ ਲੈਣ ਦਾ ਕੇਸ ਰਿਸ਼ਵਤ ਦੇਣ ਵਾਲੀ ਧਿਰ ਵੱਲੋਂ ਦਰਜ਼ ਕਰਨ ਦੀ ਬਜਾਏ ਪੂਰੇ ਘਟਨਾਕ੍ਰਮ ਤੇ ਪਰਦਾਪੋਸ਼ੀ ਕਰਦੇ ਹੋਏ ਜਲਦਬਾਜ਼ੀ ਚ, ਮੁਖਬਰ ਦੀ ਸੂਚਨਾ ਤੇ ਹੀ ਤਤਕਾਲੀ ਐਸਐਸਚਉ ਬਲਜੀਤ ਸਿੰਘ ਅਤੇ ਏ.ਐਸ.ਆਈ. ਪਵਨ ਕੁਮਾਰ ਦੇ ਖਿਲਾਫ 15 ਜੁਲਾਈ ਨੂੰ ਕਿਉਂ ਦਰਜ਼ ਕਰ ਦਿੱਤਾ । ਹੁਣ ਵੱਡਾ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਪੁਲਿਸ ਨੇ ਏ.ਐਸ.ਆਈ. ਪਵਨ ਕੁਮਾਰ ਤੋਂ 1 ਲੱਖ 5 ਹਜਾਰ ਰੁਪਏ ਦੀ ਕਥਿਤ ਰਿਸ਼ਵਤ ਦੀ ਰਾਸ਼ੀ ਦੀ ਬਰਾਮਦਗੀ ਤਾਂ ਦਿਖਾ ਦਿੱਤੀ। ਪਰੰਤੂ 3 ਲੱਖ ਚੋਂ ਬਾਕੀ ਬਚੇ 1 ਲੱਖ 95 ਹਜ਼ਾਰ ਰੁਪਏ ਹੁਣ ਪਵਨ ਕੁਮਾਰ ਤੋਂ ਲੈ ਕੇ ਕਿਸ ਅਧਿਕਾਰੀ ਕੋਲ ਅਮਾਨਤ ਦੇ ਤੌਰ ਦੇ ਰੱਖ ਦਿੱਤੇ ਗਏ ? ਜਿਹੜੇ ਐਸਐਚਉ ਦੀ ਸੰਭਾਵਿਤ ਗਿਰਫਤਾਰੀ ਵੇਲੇ ਰਿਸ਼ਵਤ ਦੀ ਰਿਕਵਰੀ ਵਜੋਂ ਦਿਖਾਉਣ ਲਈ ਰੱਖੇ ਗਏ ਹਨ। ਮੁੱਕਦੀ ਗੱਲ ਤਾਂ ਇਹ ਹੈ ਕਿ 3 ਲੱਖ ਰੁਪਏ ਦੀ ਹੋਈ ਬਰਾਮਦਗੀ ,ਕਾਨੂੰਨੀ ਤੌਰ ਤੇ ਕਿਸ ਨੂੰ ਦੇਣੀ ਬਣਦੀ ਹੈ, ਮਨਦੀਪ ਕੌਰ ਜਾਂ ਉਸਦੇ ਹੌਲਦਾਰ ਪਤੀ ਨੂੰ ,ਇਹ ਫੈਸਲਾ ਰਿਸ਼ਵਤ ਦਾ ਕੇਸ ਦਰਜ਼ ਹੋਣ ਤੋਂ ਬਾਅਦ ਵੀ ਹਾਲੇ ਲਟਕਿਆ ਹੋਇਆ ਹੈ। ਇਸ ਪੂਰੇ ਘਟਨਾਕ੍ਰਮ ਸਬੰਧੀ ਪੱਖ ਜਾਣਨ ਲਈ ਤਤਕਾਲੀ ਐਸਐਚਉ ਬਲਜੀਤ ਸਿੰਘ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਗਿਆ। ਪਰੰਤੂ ਫੋਨ ਸਵਿੱਚ ਹੋਣ ਕਾਰਣ ਉਨਾਂ ਦਾ ਪੱਖ ਨਹੀਂ ਮਿਲ ਸਕਿਆ।