ਦਵਿੰਦਰ ਬੀਹਲਾ ਦੀ ਆਮਦ ਤੋਂ ਬਾਅਦ ਧੜਿਆਂ ਚ,ਹੋਰ ਵੰਡਿਆ ਗਿਆ ਅਕਾਲੀ ਦਲ

Advertisement
Spread information

ਕੀਤੂ ਦੀ ਕੋਠੀ ਕੋਲ ਲੱਗਿਆ ਦਵਿੰਦਰ ਬੀਹਲੇ ਦਾ ਫਲੈਕਸ ਬੋਰਡ ਰਾਤੋ-ਰਾਤ ਗਾਇਬ

ਬੀਹਲਾ ਦੇ ਫਲੈਕਸ ਬੋਰਡਾਂ ਤੋਂ ਜਿੰਮੀ ਦੀ ਫੋਟੋ ਗਾਇਬ, ਜਿੰਮੀ ਨੇ ਕਿਹਾ ਮੈਂ ਕਿਸੇ ਧੜੇ ਨਹੀ, ਪਾਰਟੀ ਦਾ ਨਾਲ ਹਾਂ

ਰਾਤੋ ਰਾਤ ਲੱਗ ਰਹੇ ਫਲੈਕਸ, ਕੌਣ ਲਾ ਰਿਹਾ ਹੈ ਬੋਰਡ ,ਸਭ ਬੇਖਬਰ


ਹਰਿੰਦਰ ਨਿੱਕਾ ਬਰਨਾਲਾ 23 ਜੁਲਾਈ 2020

           ਆਮ ਆਦਮੀ ਪਾਰਟੀ ਤੋਂ ਸ਼ੁਰੂ ਹੋ ਕੇ ਪੰਜਾਬੀ ਏਕਤਾ ਪਾਰਟੀ ਦੇ ਰਾਸਤੇ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਪੱਲਾਂ ਫੜ੍ਹ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਦਾ ਸੁਪਨਾ ਮਨ ਚ, ਲੈ ਕੇ ਇਲਾਕੇ ਦੀ ਰਾਜਨੀਤੀ ਵਿੱਚ ਸਰਗਰਮ ਹੋਏ ਐਨ.ਆਰ.ਆਈ. ਆਗੂ ਦਵਿੰਦਰ ਸਿੰਘ ਬੀਹਲਾ ਦੀ ਅਕਾਲੀ ਦਲ ਵਿੱਚ ਹੋਈ ਐਂਟਰੀ ਨਾਲ ਇਲਾਕੇ ਦੀ ਅਕਾਲੀ ਸਿਆਸਤ ਚ,ਹੜਕੰਪ ਮੱਚ ਗਿਆ ਹੈ। ਲੰਘੀਆਂ ਤਿੰਨ ਵਿਧਾਨ ਸਭਾ ਚੋਣਾਂ ਚ, ਕ੍ਰਮਾਨੁਸਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਧੜੇਬੰਦੀ ਕਾਰਣ ਕਰਾਰੀ ਹਾਰ ਦਾ ਮੂੰਹ ਦੇਖਣ ਵਾਲੇ ਅਕਾਲੀ ਦਲ ਦੀ ਧੜੇਬੰਦੀ ਦਵਿੰਦਰ ਬੀਹਲਾ ਦੀ ਆਮਦ ਨਾਲ ਹੋਰ ਵੀ ਸਿਖਰ ਤੇ ਪਹੁੰਚ ਗਈ ਹੈ। ਅਕਾਲੀ ਦਲ ਚ, ਪੈਦਾ ਹੋ ਰਹੀ ਨਵੀ ਸਫਬੰਦੀ ਦਾ ਅਸਰ 2022 ਦੀਆਂ ਚੋਣਾਂ ਚ, ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।

Advertisement

-ਕੁਲਵੰਤ ਸਿੰਘ ਕੀਤੂ ਧੜੇ ਚ, ਵਧ ਰਹੀ ਨਰਾਜ਼ਗੀ

ਬਰਨਾਲਾ ਹਲਕੇ ਤੋਂ 2 ਵਾਰ ਵਿਧਾਇਕ ਰਹਿ ਚੁੱਕੇ ਸਵਰਗੀ ਅਕਾਲੀ ਆਗੂ ਮਲਕੀਤ ਸਿੰਘ ਕੀਤੂ ਦੇ ਪੁੱਤਰ ਤੇ ਅਕਾਲੀ ਦਲ ਦੇ ਹਲਕਾ ਇੰਚਾਰਜ਼ ਅਤੇ ਪੇਡਾ ਪੰਜਾਬ ਦੇ ਵਾਈਸ ਚੇਅਰਮੈਨ ਕੁਲਵੰਤ ਸਿੰਘ ਕੀਤੂ ਦੇ ਧੜੇ ਅੰਦਰ ਵੀ ਦਵਿੰਦਰ ਸਿੰਘ ਬੀਹਲਾ ਦੀਆਂ ਵੱਧ ਰਹੀਆਂ ਰਾਜਸੀ ਸਰਗਰਮੀਆਂ ਨੇ ਨਰਾਜ਼ਗੀ ਪੈਦਾ ਕਰ ਦਿੱਤੀ ਹੈ। ਕਿਉਂਕਿ ਕੀਤੂ ਦੇ ਸਮਰਥਕ ਕੁਲਵੰਤ ਸਿੰਘ ਨੂੰ ਹੀ ਹਲਕੇ ਤੋਂ ਸੰਭਾਵੀ ਅਕਾਲੀ ਉਮੀਦਵਾਰ ਦੇ ਤੌਰ ਤੇ ਪੇਸ਼ ਕਰਦੇ ਆ ਰਹੇ ਸਨ। ਪਰ ਹੁਣ ਬੀਹਲੇ ਦੇ ਸ਼ਹਿਰ ਅੰਦਰ ਜਗ੍ਹਾ ਜਗ੍ਹਾ ਤੇ ਲੱਗੇ ਫਲੈਕਸ ਬੋਰਡ ਕੀਤੂ ਸਮਰਥਕਾਂ ਦੀਆਂ ਧੜਕਣਾਂ ਤੇਜ਼ ਕਰ ਰਹੇ ਹਨ। ਭਾਂਵੇ ਕੁਲਵੰਤ ਸਿੰਘ ਦੇ ਕਰੀਬੀ ਆਗੂ ਹਾਲੇ ਵੀ ਕੀਤੂ  ਨੂੰ ਹੀ ਆਪਣਾ ਆਗੂ ਮੰਨਦੇ ਹਨ। ਪਰੰਤੂ ਉਨਾਂ ਦੇ ਚਿਹਰਿਆਂ ਤੇ ਬੀਹਲਾ ਦੀ ਵੱਧਦੀ ਸਰਗਰਮੀ ਕਾਰਣ ਨਿਰਾਸ਼ਾ ਸਾਫ ਤੌਰ ਤੇ ਝਲਕਦੀ ਹੈ। ਕੁਲਵੰਤ ਦੇ ਸਮਰਥਕਾਂ ਦਾ ਦਾਅਵਾ ਹੈ ਕਿ ਰਾਜਸੀ ਹਾਲਤ ਕੁਝ ਵੀ ਹੋਣ ਉਹ ਪਹਿਲਾਂ ਕੀਤੂ ਤੇ ਹੁਣ ਕੰਤੇ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ। ਕੰਤੇ ਦੇ ਕਰੀਬੀ ਕੁਝ ਕੌਂਸਲਰਾਂ ਨੇ ਦਬੀ ਜੁਬਾਨ ਚ, ਕਿਹਾ ਕਿ ਜੇਕਰ ਕੰਤੇ ਦੀ ਬਜਾਏ ਅਕਾਲੀ ਦਲ ਬੀਹਲੇ ਨੂੰ ਉਮੀਦਵਾਰ ਦੇ ਤੌਰ ਦੇ ਅੱਗੇ ਵਧਾਉਣ ਦੀ ਕੋਸ਼ਿਸ਼ ਕਰੇਗਾ ਤਾਂ ਇਸਦਾ ਖਾਮਿਆਜਾ ਦਲ ਨੂੰ ਫਿਰ ਕਰਾਰੀ ਹਾਰ ਦੇ ਰੂਪ ਚ, ਹੀ ਵੇਖਣਾ ਪਵੇਗਾ।

ਫਲੈਕਸ ਬੋਰਡਾਂ ਤੇ ਘੁੰਨਸ, ਖਾਲਸਾ, ਕੀਤੂ, ਸ਼ੋਰੀ,ਰਾਹੀ ਤੇ ਸਿੱਧੂ ਸਣੇ ਹੋਰ ਆਗੂਆਂ ਦੀਆਂ ਫੋਟੋਆਂ

                ਦਵਿੰਦਰ ਸਿੰਘ ਬੀਹਲਾ ਦਾ ਪਾਰਟੀ ਚ, ਆਉਣ ਤੇ ਸਵਾਗਤ ਕਰਨ ਵਾਲਿਆਂ ਚ, ਵੱਡੇ ਆਗੂਆਂ ਤੋਂ ਇਲਾਵਾ ਸਾਬਕਾ ਵਿਧਾਇਕ ਬਲਵੀਰ ਸਿੰਘ ਘੁੰਨਸ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਖਾਲਸਾ, ਜਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਐਡਵੋਕੇਟ ਰੁਪਿੰਦਰ ਸਿੰਘ ਸੰਧੂ, ਭਦੌੜ ਦੇ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ, ਬਰਨਾਲਾ ਦੇ ਹਲਕਾ ਇੰਚਾਰਜ਼ ਤੇ ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਕੀਤੂ, ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜੀਨੀਅਰ ਗੁਰਜਿੰਦਰ ਸਿੱਧੂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਜਿਲ੍ਹੇ ਦੇ ਸਾਬਕਾ ਸ਼ਹਿਰੀ ਪ੍ਰਧਾਨ ਸੰਜੀਵ ਸ਼ੋਰੀ ਆਦਿ ਆਗੂਆਂ ਦੀਆਂ ਫੋਟੋਆਂ ਵੀ ਲਗਾਈਆਂ ਗਈਆਂ ਹਨ। ਭਾਂਵੇ ਦਬੀ ਜੁਬਾਨ ਚ, ਫੋਟੋਆਂ ਚ, ਮੌਜੂਦ ਕੁਝ ਆਗੂ ਵੀ ਇਨ੍ਹਾਂ ਫੋਟੋਆਂ ਨੂੰ ਉਨਾਂ ਦੀ ਸਹਿਮਤੀ ਬਿਨਾਂ ਲਾਈਆਂ ਫੋਟੋਆਂ ਹੀ ਕਰਾਰ ਦੇ ਰਹੇ ਹਨ। ਅਕਾਲੀ ਸੂਤਰਾਂ ਨੇ ਤਾਂ ਫੋਟੋਆਂ ਨੂੰ ਲੈ ਕੇ ਹੋਈ ਤਕਰਾਰ ਦਾ ਵੀ ਖੁਲਾਸਾ ਕਰਦਿਆਂ ਇਹ ਵੀ ਸਵਾਲ ਕੀਤਾ ਹੈ ਕਿ ਇਹ ਫਲੈਕਸ ਕੌਣ ਲਗਵਾ ਰਿਹਾ ਹੈ, ਇਹ ਪਤਾ ਹੀ ਨਹੀਂ।

ਕੀਤੂ ਦੀ ਕੋਠੀ ਕੋਲ ਲੱਗਿਆ ਦਵਿੰਦਰ ਬੀਹਲਾ ਦਾ ਬੋਰਡ ਲਾਪਤਾ

ਕੁਲਵੰਤ ਸਿੰਘ ਕੀਤੂ ਦੀ ਕੋਠੀ ਕੋਲ ਜੰਡਾ ਵਾਲਾ ਚੌਂਕ ਚ, ਦਵਿੰਦਰ ਸਿੰਘ ਬੀਹਲਾ ਦੇ ਸਵਾਗਤ ਲਈ ਲਾਇਆ ਵੱਡਾ ਫਲੈਕਸ ਰਾਤੋ-ਰਾਤ ਹੀ ਗਾਇਬ ਹੋ ਗਿਆ। ਬੋਰਡ ਦਾ ਗਾਇਬ ਹੋ ਜਾਣਾ ਵੀ ਕਈ ਤਰਾਂ ਦੇ ਸਵਾਲ ਖੜ੍ਹੇ ਕਰ ਰਿਹਾ ਹੈ। ਦਵਿੰਦਰ ਬੀਹਲਾ ਵੱਲੋਂ ਖੁਦ ਨੂੰ ਹਲਕੇ ਦੇ ਉਮੀਦਵਾਰ ਦੇ ਤੌਰ ਦੇ ਲੋਕਾਂ ਚ ਪੇਸ਼ ਕਰਨ ਬਾਰੇ ਪੁੱਛਣ ਤੇ ਕੁਲਵੰਤ ਸਿੰਘ ਕੀਤੂ ਨੇ ਕਿਹਾ ਕਿ ਵਿਧਾਨ ਸਭਾ ਟਿਕਟਾਂ ਦੀ ਗੱਲ ਹਾਲੇ ਕਾਫੀ ਦੂਰ ਹੈ। ਉਨਾਂ ਕਿਹਾ ਕਿ ਹਰ ਆਗੂ ਨੂੰ ਦਲ ਦਾ ਅਧਾਰ ਮਜਬੂਤ ਬਣਾਉਣ ਲਈ ਦਿਨ ਰਾਤ ਇੱਕ ਕਰਨਾ ਚਾਹੀਦਾ ਹੈ। ਕਿਸੇ ਵੀ ਆਗੂ ਨੂੰ ਧੜੇਬੰਦੀ ਪੈਦਾ ਕਰਕੇ ਆਪੋ-ਆਪਣਾ ਧੜਾ ਬਣਾਉਣ ਦੀ ਕੋਸ਼ਿਸ਼ ਕਰਕੇ ਦਲ ਨੂੰ ਕਮਜੋਰ ਨਹੀਂ ਕਰਨਾ ਚਾਹੀਦਾ। ਪਾਰਟੀ ਸਮਾਂ ਆਉਣ ਤੇ ਲੀਡਰ ਦੀ ਜਿੱਤਣ ਦੀ ਸਮਰੱਥਾ ਅਤੇ ਲੋਕਪ੍ਰਿਯਤਾ ਨੂੰ ਦੇਖ ਕੇ ਹੀ ਚੋਣ ਮੈਦਾਨ ਚ, ਉਤਾਰੇਗੀ।

ਪਾਰਟੀ ਵੱਡੀ ਹੁੰਦੀ ਹੈ, ਕੋਈ ਆਗੂ ਵੱਡਾ ਨਹੀਂ ਹੁੰਦਾ- ਜਤਿੰਦਰ ਜਿੰਮੀ

           ਸ਼੍ਰੋਮਣੀ ਅਕਾਲੀ ਦਲ ਦੀ ਜਰਨਲ ਕੌਂਸਲ ਦੇ ਮੈਂਬਰ ਅਤੇ ਜਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਇਕਲੌਤੇ ਮੈਂਬਰ ਜਤਿੰਦਰ ਜਿੰਮੀ ਨੇ ਬੀਹਲਾ ਦੀਆਂ ਸਰਗਰਮੀਆਂ ਬਾਰੇ ਪੁੱਛਣ ਤੇ ਕਿਹਾ ਕਿ ਉਹ ਵੀ ਬੀਹਲਾ ਦਾ ਪਾਰਟੀ ਚ, ਆਉਣ ਤੇ ਸਵਾਗਤ ਜਰੂਰ ਕਰਦੇ ਹਨ। ਪਰੰਤੂ ਉਹ ਪਾਰਟੀ ਦੇ ਹੀ ਵਫਾਦਾਰ ਸਿਪਾਹੀ ਹਨ। ਜਿਹੜੀ ਡਿਊਟੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਨਾਂ ਨੂੰ ਜਿਲ੍ਹੇ ਦੇ ਲੋਕਾਂ ਦੀਆਂ ਸ਼ਿਕਾਇਤਾਂ ਦੂਰ ਕਰਵਾੳਣ ਦੀ ਸੰਭਾਲੀ ਹੈ, ਉਹ ਤਨ ਮਨ ਤੇ ਧਨ ਨਾਲ ਨਿਭਾ ਰਹੇ ਹਨ। ਉਨਾਂ ਕਿਸੇ ਫਲੈਕਸ ਤੇ ਆਪਣੀ ਫੋਟੋ ਨਾ ਲੱਗਣ ਬਾਰੇ ਪੁੱਛਣ ਤੇ ਕਿਹਾ ਕਿ ਇਸ ਦਾ ਜੁਆਬ ਤਾਂ ਫਲੈਕਸ ਲਗਾਉਣ ਵਾਲੇ ਹੀ ਬਿਹਤਰ ਦੇ ਸਕਦੇ ਹਨ। ਉਨਾਂ ਕਿਹਾ ਕਿ ਪਾਰਟੀ ਵੱਡੀ ਹੁੰਦੀ ਹੈ, ਕੋਈ ਵੀ ਆਗੂ ਵੱਡਾ ਨਹੀਂ ਹੁੰਦਾ। ਉਨਾਂ ਮੰਨਿਆਂ ਕਿ ਹਾਲੇ ਤੱਕ ਉਸ ਦਾ ਦਵਿੰਦਰ ਸਿੰਘ ਬੀਹਲਾ ਨਾਲ ਕੋਈ ਸੰਪਰਕ ਨਹੀਂ ਹੋਇਆ।

Advertisement
Advertisement
Advertisement
Advertisement
Advertisement
error: Content is protected !!