*ਕਰੋਨਾ ਮਰੀਜ਼ਾਂ ਤੇ ਸਿਹਤਯਾਬ ਹੋਣ ਵਾਲਿਆਂ ਨਾਲ ਭਾਈਵਾਲਤਾ ਨਾਲ ਪੇਸ਼ ਆਉਣ ਦੀ ਅਪੀਲ
ਰਵੀ ਸੈਣ ਬਰਨਾਲਾ, 22 ਜੁਲਾਈ 2020
ਬਰਨਾਲਾ ਸ਼ਹਿਰ ਦੀਆਂ ਦੋ ਬੱਚੀਆਂ ਜੋਸਿਕਾ ਗੋਇਲ (ਉਮਰ 12 ਸਾਲ) ਅਤੇ ਕ੍ਰਿਤੀ ਗੋਇਲ (08 ਸਾਲ) ਕਰੋਨਾ ਵਾਇਰਸ ਨੂੰ ਮਾਤ ਪਾ ਕੇ ਤੰਦਰੁਸਤ ਹੋ ਚੁੱਕੀਆਂ ਹਨ। ਸਹੌਰੀਆਂ ਗਲੀ ਵਾਸੀ ਇਨ੍ਹਾਂ ਬੱਚੀਆਂ ਨੇ ਕੋਰੋਨਾ ਨੂੰ ਮਾਤ ਪਾਈ ਤੇ ਕੋਰੋਨਾ ਯੋਧਾ ਬਣ ਕੇ ਉਭਰੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਇਹ ਬੱਚੀਆਂ ਪਿਛਲੇ ਦਿਨੀਂ ਬਿਲਕੁਲ ਤੰਦਰੁਸਤ ਹੋ ਕਿ ਆਪਣੇ ਘਰ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਬਿਮਾਰੀ ਤੋਂ ਠੀਕ ਹੋਣ ਵਾਲਾ ਹਰ ਵਿਅਕਤੀ ਇਸ ਗੱਲ ਦਾ ਗਵਾਹ ਹੈ ਕਿ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਇਨਸਾਨ ਕਿਸੇ ਵੀ ਚੀਜ਼ ਉੱਤੇ ਫਤਿਹ ਪ੍ਰਾਪਤ ਕਰ ਸਕਦਾ ਹੈ।
ਜ਼ਿਲ੍ਹਾ ਮਾਸ ਮੀਡੀਆ ਅਫਸਰ ਪਵਨ ਕੁਮਾਰ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਜਦੋਂ ਕਰੋਨਾ ਪਾਜ਼ੇਟਿਵ ਆ ਜਾਂਦਾ ਹੈ, ਉਸਦੇ ਸੰਪਰਕ ਵਿੱਚ ਆਉਣ ਵਾਲੇ ਅਤੇ ਦੂਜਿਆਂ ਰਾਜਾਂ ਜਾਂ ਦੇਸ਼ਾਂ ਤੋਂ ਆਉਣ ਵਾਲੇ ਵਿਅਕਤੀਆਂ ਨੂੰ 14 ਦਿਨਾਂ ਲਈ ਘਰਾਂ ਵਿੱਚ ਇਕਾਤਵਾਸ ਕੀਤਾ ਜਾਂਦਾ ਹੈ। ਕਰੋਨਾ ਪੀੜਤ ਅਤੇ ਇਕਾਂਤਵਾਸ ਪਰਿਵਾਰਾਂ ਨਾਲ ਪਿਆਰ ਅਤੇ ਭਾਈਵਾਲਤਾ ਨਾਲ ਪੇਸ਼ ਆਇਆ ਜਾਵੇ ਤਾਂ ਜੋ ਪੰਜਾਬ ਸਰਕਾਰ ਦਾ ਨਾਅਰਾ ਮਿਸ਼ਨ ਫਤਿਹ ਸਾਕਾਰ ਕੀਤਾ ਜਾ ਸਕੇ।
ਇਸ ਦੌਰਾਨ ਡਿਪਟੀ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਅਤੇ ਜ਼ਿਲ੍ਹਾ ਕਮਿਊਨਿਟੀ ਮੋਬਾਲਾਈਜ਼ਰ ਭੁਪਿੰਦਰ ਸਿੰਘ, ਏ.ਐਨ.ਐਮ ਬਲਵਿੰਦਰ ਕੌਰ, ਆਸ਼ਾ ਵਰਕਰ ਸਰੋਜ ਬਾਲਾ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਕਰੋਨਾ ਵਾਇਰਸ ਦੇ ਲੱਛਣਾਂ ਅਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਜਾਗਰੂਕਤਾ ਪੈਂਫਲੇਟਸ ਵੰਡੇ ਗਏ। ਇਸ ਮੌਕੇ ਨਰਿੰਦਰ ਕੁਮਾਰ ਸਹੌਰ ਵਾਲੇ, ਆਸ਼ਾ ਵਰਕਰਾਂ ਤੇ ਹੋਰ ਹਾਜ਼ਰ ਸਨ।
—