Police ਦਾ ਸਖਤ ਰੁਖ, ਡੋਪ ਟੈਸਟ ਪੌਜੇਟਿਵ ਆਇਆ ਤਾਂ ਫਿਰ..

Advertisement
Spread information

ਪੁਲਿਸ ਦੀ ਹੁਣ ਨਸ਼ਾ ਕਰਨ ਵਾਲਿਆਂ ਤੇ ਵੀ ਪੈਣੀ ਨਜ਼ਰ…… 

ਹਰਿੰਦਰ ਨਿੱਕਾ, ਪਟਿਆਲਾ 10 ਜੁਲਾਈ 2025 

      ਪੰਜਾਬ ਦੀ ਜੁਆਨੀ ਨੂੰ ਘੁਣ ਵਾਂਗ ਖਾ ਰਹੇ ਨਸ਼ੇ ਦੇ ਮੁੱਦੇ ਨੇ ਦੋ ਵਾਰ ਤਾਂ ਲਗਾਤਾਰ ਲੰਘੀਆਂ ਵਿਧਾਨ ਸਭਾ ਚੋਣਾਂ ‘ਚ ਸੂਬੇ ਦੀਆਂ ਸਰਕਾਰਾਂ ਦਾ ਤਖਤ ਪਲਟਿਆ ਹੈ। ਹੁਣ ਸੂਬੇ ਨੂੰ ਨਸ਼ਾ ਮੁਕਤ ਕਰਨ ਦਾ ਅਹਿਦ ਕਰਕੇ, ਮੈਦਾਨ ਵਿੱਚ ਉਤਰੀ ਆਪ ਸਰਕਾਰ ਨੇ ਵੀ ਆਗਾਮੀ ਚੋਣਾਂ ਦੇ ਮੱਦੇਨਜ਼ਰ ” ਯੁੱਧ ਨਸ਼ਿਆਂ ਵਿਰੁੱਧ” ਦਾ ਨਾਅਰਾ ਦੇ ਕੇ ਵੱਡੀ ਮੁਹਿੰਮ ਵਿੱਢੀ ਹੋਈ ਹੈ। ਫਿਰ ਵੀ ਸਰਕਾਰ ਦੀਆਂ ਉਮੀਦਾਂ ਮੁਤਾਬਿਕ ਧਰਾਤਲ ਤੇ ਨਤੀਜ਼ੇ ਸਾਹਮਣੇ ਦਿਖਾਈ ਨਹੀਂ ਦੇ ਰਹੇ।

      ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ, ਸਟੇਜਾਂ ਤੋਂ ਆਪਣੇ ਭਾਸ਼ਣਾਂ ਰਾਹੀਂ ਮਾਰੇ ਜਾ ਰਹੇ ਲਲਕਾਰਿਆਂ ਤੋਂ ਸਹਿਮੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਵੀ, ਹਰ ਦਿਨ ਐਨਡੀਪੀਐਸ ਐਕਟ ਦੇ ਕੇਸ ਦਰਜ ਕਰਨਾ,  ਉਨਾਂ ਦੀ ਮਜਬੂਰੀ ਬਣੇ ਹੋਇਆ ਹੈ। ਬੇਸ਼ੱਕ ਮੁੱਖ ਮੰਤਰੀ ਸ਼ਰੇਆਮ ਇਹ ਕਹਿੰਦੇ ਆ ਰਹੇ ਹਨ ਕਿ ਨਸ਼ਾ ਕਰਨ ਵਾਲਿਆਂ ਦੀ ਬਜਾਏ ਨਸ਼ੇ ਦੇ ਵੱਡੇ ਤਸਕਰਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕਿਆ ਜਾਵੇ, ਪਰੰਤੂ ਲੰਘੇ ਕੁੱਝ ਦਿਨਾਂ ਤੋਂ ਲੱਗਭੱਗ ਹਰ ਜਿਲ੍ਹੇ ਦੀ ਪੁਲਿਸ ਨੇ ਹੁਣ ਨਸ਼ਾ ਕਰਨ ਵਾਲਿਆਂ ਤੇ ਵੀ ਪੈਣੀ ਨਜ਼ਰ ਰੱਖਕੇ, ਉਨਾਂ ਖਿਲਾਫ ਕੇਸ ਦਰਜ ਕਰਨ ਲਈ ਮੋਰਚਾ ਸੰਭਾਲਿਆ ਹੋਇਆ ਹੈ।

   ਪਟਿਆਲਾ ਅਤੇ ਬਠਿੰਡਾ ਦੇ ਨਾਲ ਨਾਲ ਬਰਨਾਲਾ ਪੁਲਿਸ ਦੀ ਕ੍ਰਾਈਮ ਰਿਪੋਰਟ ਤੇ ਸਰਸਰੀ ਨਜ਼ਰ ਮਾਰਿਆਂ ਸਾਹਮਣੇ ਆਇਆ ਹੈ ਕਿ ਪੁਲਿਸ ਨੇ ਲੰਘੀ ਕੱਲ੍ਹ ਹੀ ਤਿੰਨੋਂ ਜਿਲ੍ਹਿਆਂ ਅੰਦਰ ਪੰਜ ਥਾਣਿਆਂ ਵਿੱਚ ਨਸ਼ਾ ਕਰਨ ਵਾਲਿਆਂ ਖਿਲਾਫ ਹੀ ਕੇਸ ਦਰਜ ਕਰਕੇ,ਖਾਨਾਪੂਰਤੀ ਕਰ ਦਿੱਤੀ ਹੈ। ਦੋਸ਼ੀਆਂ ਦੇ ਕਬਜ਼ੇ ਵਿੱਚੋਂ ਕੋਈ ਨਸ਼ਾ ਬਰਾਮਦ ਹੋਣ ਦੀ ਬਜਾਏ,ਪੁਲਿਸ ਵੱਲੋਂ ਸਿਲਵਰ ਪੰਨੀ, ਸੜਿਆ ਕਰੰਸੀ ਨੋਟ ਅਤੇ ਲਾਈਟਰ ਹੀ ਬਰਾਮਦ ਹੋਇਆ ਦੱਸਿਆ ਗਿਆ ਹੈ।  ਦੋ ਕੇਸਾਂ ਵਿੱਚ ਤਾਂ ਡੋਪ ਟੈਸਟ ਦੀਆਂ ਰਿਪੋਰਟਾਂ ਨੂੰ ਹੀ ਕੇਸ ਦਰਜ ਕਰਨ ਦਾ ਅਧਾਰ ਬਣਾਇਆ ਹੈ। 

    ਪਟਿਆਲਾ ਜਿਲ੍ਹੇ ਦੇ ਥਾਣਾ ਸਦਰ ਰਾਜਪੁਰਾ ਵਿਖੇ ਦਰਜ ਕੇਸ ਵਿੱਚ ਏਐਸਆਈ ਅਮਰਜੀਤ ਸਿੰਘ ਨੇ ਨਵਾਬ ਖਾਨ ਵਾਸੀ ਸਰਲ ਖੁਰਦ ਦੇ ਖਿਲਾਫ ਦਰਜ ਕੇਸ ਵਿੱਚ ਦੱਸਿਆ ਹੈ ਕਿ ਪੁਲਿਸ ਪਾਰਟੀ ਨੂੰ ਦੋਸ਼ੀ ਦੇ ਕਬਜੇ ਵਿੱਚੋਂ ਇੱਕ ਲਾਈਟਰ, ਚਮਕੀਲਾ ਪੇਪਰ ਬਰਾਮਦ ਹੋਇਆ ਹੈ। ਜਦੋਂਕਿ ਥਾਣਾ ਸਿਟੀ ਰਾਜਪੁਰਾ ‘ਚ ਐਸਆਈ ਮਾਲਵਿੰਦਰ ਸਿੰਘ ਵੱਲੋਂ ਸਾਗਰ ਵਾਸੀ ਸ਼ੋਰਗਿਰ ਬਸਤੀ ਦੇ ਖਿਲਾਫ ਦਰਜ ਕੇਸ ਅਨੁਸਾਰ ਦੋਸ਼ੀ ਪੁਲ ਹੇਠਾਂ ਬੈਠਾ ਨਸ਼ਾ ਕਰ ਰਿਹਾ ਸੀ,ਉਸ ਦੇ ਕਬਜੇ ਵਿੱਚੋਂ ਇੱਕ ਲਾਈਟਰ, ਸਿਲਵਰ ਪੇਪਰ ਅਤੇ 10 ਰੁਪਏ ਦਾ ਕੁੱਝ ਸੜਿਆ ਹੋਇਆ ਕਰੰਸੀ ਨੋਟ ਬਰਾਮਦ ਕੀਤਾ ਗਿਆ ਹੈ।

     ਇਸੇ ਤਰਾਂ ਥਾਣਾ ਅਨਾਜ ਮੰਡੀ ਪਟਿਆਲਾ ਵਿਖੇ ਦਰਜ ਕੇਸ ਦੋ ਦੋਸ਼ੀ ਟੀਪੂ ਵਾਸੀ ਨਿਊ ਪਾਰਕ ਕਲੋਨੀ, ਫੈਕਟਰੀ ਏਰੀਆ ਨੂੰ ਨਸ਼ਾ ਕੀਤੇ ਹੋਣ ਦੇ ਸ਼ੱਕ ਵਿੱਚ ਹਿਰਾਸਤ ਵਿੱਚ ਲਿਆ, ਜਦੋਂ ਡੋਪ ਟੈਸਟ ਕਰਵਾਇਆ ਤਾਂ ਉਹ ਪੌਜੇਟਿਵ ਆਇਆ ਤੇ ਟੀਪੂ ਖਿਲਾਫ ਕੇਸ ਦਰਜ ਕਰ ਦਿੱਤਾ। ਬਠਿੰਡਾ ਜਿਲ੍ਹੇ ਦੇ ਥਾਣਾ ਸਦਰ ਬਠਿੰਡਾ ਵਿਖੇ ਦੋਸ਼ੀ ਕੁਲਜੀਤ ਸਿੰਘ ਵਾਸੀ ਜੱਸੀ ਪੌ ਵਾਲੀ ਖਿਲਾਫ ਦਰਜ ਕੇਸ ਵਿੱਚ ਏਐਸਆਈ ਮੱਖਣ ਸਿੰਘ ਕਹਿੰਦਾ ਹੈ ਕਿ ਉਸ ਨੇ ਸ਼ੱਕ ਦੇ ਅਧਾਰ ਤੇ ਉਸ ਨੂੰ ਹਿਰਾਸਤ ਵਿੱਚ ਲੈ ਕੇ, ਉਸ ਦਾ ਡੋਪ ਟੈਸਟ ਕਰਵਾਇਆ, ਟੈਸਟ ਪੌਜੇਟਿਵ ਆਇਆ ਤਾਂ ਕਰਤਾ ਠਾਹ ਪਰਚਾ। ਬਰਨਾਲਾ ਜਿਲ੍ਹੇ ਦੇ ਥਾਣਾ ਤਪਾ ਦੇ ਏਐਸਆਈ ਰਣਜੀਤ ਸਿੰਘ ਨੇ ਅਜਿਹਾ ਹੀ ਮਾਅਰਕਾ ਮਾਰਿਆ,ਉਸ ਵੱਲੋਂ ਗੋਲਡੀ ਵਾਸੀ ਢਿੱਲਵਾਂ ਰੋਡ ਤਪਾ ਨੂੰ ਦਾਣਾ ਮੰਡੀ ਤਪਾ ਵਿੱਚੋਂ ਨਸ਼ੇ ਕਰਦਾ ਫੜ੍ਹਿਆ,ਉਸ ਦੇ ਕਬਜੇ ਵਿੱਚੋਂ ਇੱਕ ਪੰਨੀ, ਲਾਈਟਰ ਅਤੇ 20 ਰੁਪਏ ਦਾ ਕੁੱਝ ਜਲਿਆ ਹੋਇਆ ਨੋਟ ਬਰਾਮਦ ਹੋਇਆ ਹੈ। ਉਕਤ ਪੰਜ ਕੇਸਾਂ ਵਿੱਚ ਹੀ ਨਾਮਜ਼ਦ ਦੋਸ਼ੀਆਂ ਖਿਲਾਫ ਐਨਡੀਪੀਐਸ ਐਕਟ ਦੀ ਸੈਕਸ਼ਨ 27/61/85 ਤਹਿਤ ਕੇਸ ਦਰਜ ਕੀਤੇ ਗਏ ਹਨ।

ਦੋਸ਼ੀਆਂ ਨੂੰ ਹੋ ਸਕਦੀ ਐ ਸਜ਼ਾ

   NDPS ਐਕਟ 1985 ਦੀ ਧਾਰਾ 27 ਅਨੁਸਾਰ ਜੇਕਰ ਕੋਈ ਵਿਅਕਤੀ ਨਸ਼ੀਲਾ ਪਦਾਰਥ ਕੋਕੀਨ, ਡਾਇਸੀਟਿਲ-ਮੌਰਫਿਨ, ਮੌਰਫਿਨ ਜਾਂ ਕੇਂਦਰ ਸਰਕਾਰ ਦੁਆਰਾ ਗਜ਼ਟ ਨੋਟੀਫਿਕੇਸ਼ਨ ਰਾਹੀਂ ਪਰਿਭਾਸ਼ਿਤ ਕੋਈ ਵੀ ਪਦਾਰਥ ਦਾ ਸੇਵਨ ਕਰਦਾ ਮਿਲਦਾ ਹੈ, ਤਾਂ ਦੋਸ਼ ਸਾਬਿਤ ਹੋਣ ਤੇ ਉਸ ਨੂੰ ਇੱਕ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।

Advertisement
Advertisement
Advertisement
Advertisement
error: Content is protected !!