ਕੈਪਟਨ ਅਮਰਿੰਦਰ ਸਿੰਘ ਨੇ ਰਾਜਸੀ ਪਾਰਟੀਆਂ ਨੂੰ ਇਕੱਠ ਨਾ ਕਰਨ ਦੀ ਕੀਤੀ ਅਪੀਲ, ਕਿਹਾ ‘ਪੰਜਾਬ ਨੂੰ ਬਚਾਉਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ

Advertisement
Spread information

ਸਰਕਾਰ ਸਾਰੀ ਸਥਿਤੀ ‘ਤੇ ਪੂਰੀ ਨਿਗ੍ਹਾ ਰੱਖ ਰਹੀ ਹੈ ,ਜੋ ਕਦਮ ਜ਼ਰੂਰੀ ਹੋਣਗੇ, ਉਹ ਚੁੱਕੇਗੀ-ਕੈਪਟਨ


ਏ.ਐਸ. ਅਰਸ਼ੀ  ਚੰਡੀਗੜ, 12 ਜੁਲਾਈ 2020

     ਕੋਵਿਡ ਦੇ ਕੇਸਾਂ ਦੀ ਵਧਦੀ ਗਿਣਤੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕੁਝ ਹੋਰ ਸਖਤ ਕਦਮ ਚੁੱਕਣ ਦੀ ਤਿਆਰੀ ਕਰ ਲਈ ਗਈ ਹੈ ਜਿਸ ਵਿੱਚ ਸਮਾਜਿਕ, ਜਨਤਕ ਤੇ ਪਰਿਵਾਰਕ ਇਕੱਠਾਂ ਬਾਰੇ ਬੰਦਸ਼ਾਂ ਸਮੇਤ ਕੰਮਕਾਜ ਦੌਰਾਨ ਵੀ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
              ਫੇਸਬੁੱਕ ਲਾਈਵ ਸੈਸ਼ਨ ‘ਕੈਪਟਨ ਨੂੰ ਸਵਾਲ’ ਦੌਰਾਨ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕੋਰੋਨਾਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਸਖਤੀ ਬਹੁਤ ਜ਼ਰੂਰੀ ਹੈ , ਕਿਉਂਕਿ ਉਹ ਨਹੀਂ ਚਾਹੁੰਦੇ ਕਿ ਪੰਜਾਬ ਵੀ ਮੁੰਬਈ, ਦਿੱਲੀ ਜਾਂ ਤਾਮਿਲਨਾਡੂ ਦੇ ਰਾਹ ਪਏ। ਇਹ ਪੁੱਛੇ ਜਾਣ ‘ਤੇ ਕਿ ਸੂਬਾ ਸਰਕਾਰ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਹਫਤੇ ਦੇ ਅੰਤਲੇ ਦਿਨਾਂ ਲਈ ਲੌਕਡਾਊਨ ਕਿਉਂ ਨਹੀਂ ਲਗਾਉਂਦੀ ਤਾਂ ਉਨਾਂ ਕਿਹਾ ਕਿ ਐਤਵਾਰ ਨੂੰ ਪਹਿਲਾ ਹੀਂ ਲੌਕਡਾਊਨ ਲਗਾਇਆ ਹੋਇਆ ਹੈ ਅਤੇ ਸਰਕਾਰ ਸਾਰੀ ਸਥਿਤੀ ‘ਤੇ ਪੂਰੀ ਨਿਗ੍ਹਾ ਰੱਖ ਰਹੀ ਹੈ ਅਤੇ ਜੋ ਕਦਮ ਜ਼ਰੂਰੀ ਹੋਣਗੇ, ਉਹ ਚੁੱਕੇਗੀ।ਮੌਜੂਦਾ ਸੰਕਟ ਦੇ ਚੱਲਦਿਆਂ ਹਰੇਕ ਨੂੰ ਜ਼ਿੰਮੇਵਾਰੀ ਨਾਲ ਵਿਵਹਾਰ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰ ਤਰਾਂ ਦੀਆਂ ਰੋਕਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਅਤੇ ਨਾਲ ਹੀ ਉਨਾਂ ਸਾਰੀਆਂ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀਆਂ ਦੀਆਂ ਜ਼ਿੰਦਗੀ ਬਚਾਉਣ ਲਈ ਕਿਸੇ ਕਿਸਮ ਦੇ ਇਕੱਠ ਤੋਂ ਗੁਰੇਜ਼ ਕਰਨ। ਉਨਾਂ ਕਿਹਾ,”ਪੰਜਾਬ ਨੂੰ ਬਚਾਉਣ ਦੀ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਰਾਜਨੀਤੀ ਉਡੀਕ ਕਰ ਸਕਦੀ ਹੈ।” ਮਨੁੱਖਤਾ ਲਈ ਸਭ ਤੋਂ ਵੱਡੇ ਖਤਰੇ ਦਾ ਮੁਕਾਬਲਾ ਕਰਨ ਲਈ ਉਨਾਂ ਸਾਰਿਆਂ ਨੂੰ ਸਾਂਝੀ ਲੜਾਈ ਲੜਨ ਦਾ ਸੱਦਾ ਦਿੱਤਾ।
          ਕਈ ਫਰੰਟਲਾਈਨ ਵਰਕਰਾਂ ਅਤੇ ਸਰਕਾਰੀ ਅਫਸਰਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਸਮੇਤ ਕੋਵਿਡ ਕੇਸਾਂ ਦੀ ਵਧਦੀ ਗਿਣਤੀ ਉਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦਵਾਈ ਦਾ ਹਾਲੇ ਕੋਈ ਪਤਾ ਨਹੀਂ ਅਤੇ ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਲੜਨ ਲਈ ਛੱਡ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਸ਼ਨਿਚਰਵਾਰ ਨੂੰ ਮਾਸਕ ਨਾ ਪਹਿਨਣ ਲਈ 5100 ਲੋਕਾਂ ਦੇ ਚਲਾਨ ਕੀਤੇ ਗਏ ਜਦੋਂ ਕਿ ਕੁਝ ਥਾਵਾਂ ਉਤੇ ਜਨਤਕ ਤੌਰ ‘ਤੇ ਥੁੱਕ ਸੁੱਟਣ ਦੇ ਵੀ ਮਾਮਲੇ ਸਾਹਮਣੇ ਆਏ। ਉਨਾਂ ਕਿਹਾ ਕਿ ਲੋਕਾਂ ਨੂੰ ਅਜਿਹਾ ਕੁਝ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਲੋੜਵੰਦਾਂ ਨੂੰ ਮੁੜ ਵਰਤੋਂ ਅਤੇ ਧੋਣ ਵਾਲੇ ਮਾਸਕ ਹੋਰ ਵੰਡੇਗੀ।
          ਮਰਨ ਵਾਲਿਆਂ ਦੇ ਮੈਡੀਕਲ ਪਿਛੋਕੜ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਕੋਰੋਨਾ ਨਾਲ ਹੋਈਆਂ ਸਾਰੀਆਂ ਮੌਤਾ ਦਾ ਲੇਖਾ ਕੀਤਾ ਜਾ ਰਿਹਾ ਹੈ ਤਾਂ ਜੋ ਡਾਕਟਰ ਅਤੇ ਮਾਹਿਰ ਕੋਵਿਡ ਵਿਰੁੱਧ ਲੜਾਈ ‘ਤੇ ਹੋਰ ਵਧੇਰੇ ਕੇਂਦਰਿਤ ਰਣਨੀਤੀ ਘੜਨ ਸਕਣ।
             ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਕੋਵਿਡ ਦੇ ਕੇਸਾਂ ਵਿੱਚ ਇਜ਼ਾਫਾ ਟੈਸਟਿੰਗ ਵਧਣ ਅਤੇ ਵੱਡੀ ਗਿਣਤੀ ਵਿੱਚ ਆ ਰਹੇ ਬਾਹਰੀ ਲੋਕਾਂ ਕਾਰਣ ਹੋਇਆ ਹੈ। ਉਨਾਂ ਦੱਸਿਆ ਕਿ ਸ਼ੁਰੂਆਤ ਵਿੱਚ ਇਕ ਦਿਨ ‘ਚ 700 ਟੈਸਟ ਹੰਦੇ ਸਨ ਅਤੇ ਹੁਣ ਟੈਸਟਿੰਗ ਵਧਾ ਕੇ ਇਕ ਦਿਨ ਵਿੱਚ 10,000 ਤੋਂ ਵੱਧ ਹੋ ਗਈ ਹੈ। ਉਨਾਂ ਕਿਹਾ ਕਿ ਸਿਰਫ ਪਿਛਲੇ ਚਾਰ ਦਿਨਾਂ ਵਿੱਚ ਦਿੱਲੀ ਸਮੇਤ ਹੋਰਨਾਂ ਸੂਬਿਆਂ ਤੋਂ 63000 ਲੋਕ ਸੂਬੇ ਵਿੱਚ ਦਾਖ਼ਲ ਹੋਏ ਹਨ।
            ਇਹ ਪੁੱਛੇ ਜਾਣ ‘ਤੇ ਹਿਮਾਚਲ ਪ੍ਰਦੇਸ਼ ਵਾਂਗ ਪੰਜਾਬ ਵੀ ਦਿੱਲੀ ਵਰਗੇ ਵੱਧ ਪ੍ਰਭਾਵਿਤ (ਹੌਟਸਪੌਟ) ਸੂਬਿਆਂ ਤੋਂ ਆ ਰਹੇ ਲੋਕਾਂ ਲਈ ਕੋਵਿਡ ਤੋਂ ਨੈਗੇਟਿਵ ਟੈਸਟ ਹੋਣ ਦੇ ਸਰਟੀਫਿਕੇਟ ਨੂੰ ਜ਼ਰੂਰੀ ਕਿਉਂ ਨਹੀਂ ਬਣਾਉਂਦਾ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਗੁਆਂਢੀ ਸੂਬੇ ਦੇ ਫੈਸਲੇ ‘ਤੇ ਕੋਈ ਟਿੱਪਣੀ ਨਹੀਂ ਕਰ ਸਕਦੇ ਪਰ ਉਨਾਂ ਦੀ ਸਰਕਾਰ ਕੋਵਿਡ ਸ਼ੱਕੀਆਂ ਦੀ ਰੋਕਥਾਮ ਲਈ ਆਪਣੇ ਪੱਧਰ ‘ਤੇ ਕਦਮ ਚੁੱਕ ਰਹੀ ਹੈ।
            ਮੁੱਖ ਮੰਤਰੀ ਨੇ ਲੋਕਾਂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਮਾਮੂਲੀ ਜਿਹੇ ਲੱਛਣ ਪਾਏ ਜਾਣ ਜਾਂ ਸ਼ੱਕ ਹੋਣ ‘ਤੇ ਵੀ ਆਪੋ-ਆਪਣੀ ਜਾਂਚ ਕਰਵਾਉਣ ਅਤੇ ਇਸ ਵਿੱਚ ਕੋਈ ਜੋਖਮ ਨਾ ਲੈਣ , ਕਿਉਂਕਿ ਮੌਤਾਂ ਰੋਕਣ ਲਈ ਕੋਵਿਡ ਦਾ ਛੇਤੀ ਪਤਾ ਲੱਗ ਜਾਣਾ ਜ਼ਰੂਰੀ ਹੈ। ਉਨਾਂ ਅੱਗੇ ਕਿਹਾ ਕਿ ਸੂਬੇ ਭਰ ਨੂੰ ਰੋਗਾਣੂ ਰਹਿਤ ਕਰਨ ਲਈ ਛਿੜਕਾਅ ਕੀਤਾ ਜਾ ਰਿਹਾ ਹੈ ਤਾਂ ਕਿ ਮੌਨਸੂਨ ਨਾਲ ਸਬੰਧਤ ਹੋਰ ਵਾਇਰਸ ਦੇ ਫੈਲਾਅ ਰੋਕੇ ਜਾ ਸਕਣ।
           ਮੈਡੀਕਲ ਲੈਬ ਟੈਕਨੀਸ਼ੀਅਨ ਐਸੋਸੀਏਸ਼ਨ, ਪੰਜਾਬ ਦੀ ਕੀਤੀ ਅਪੀਲ ਕਿ ਕੋਵਿਡ ਨਾਲ ਨਿਪਟਣ ਵਿੱਚ ਉਨਾਂ ਦੀ ਭੂਮਿਕਾ ਨੂੰ ਮੂਹਰਲੀ ਕਤਾਰ ਦੇ ਯੋਧਿਆਂ ਵਾਂਗ ਮਾਨਤਾ ਦੇਣੀ ਚਾਹੀਦੀ ਹੈ , ਕਿਉਂਕਿ ਉਹ ਵੀ ਆਪਣੀ ਜਾਨ ਜੋਖਮ ਵਿੱਚ ਪਾਉਂਦੇ ਹਨ ਅਤੇ ਇਸ ਦੌਰਾਨ ਕਈ ਪ੍ਰਭਾਵਿਤ ਵੀ ਹੋਏ ਹਨ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਬਿਨਾਂ ਸ਼ੱਕ ਟੈਕਨੀਸ਼ੀਅਨ ਵੀ ਪੂਰੀ ਤਰਾਂ ਮੂਹਰਲੀ ਕਤਾਰ ਦੇ ਯੋਧੇ ਹਨ ਅਤੇ ਮੌਜੂਦਾ ਸੰਕਟ ਵਿੱਚ ਉਨਾਂ ਦੇ ਰੋਲ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ।
          ਕੈਪਟਨ ਅਮਰਿੰਦਰ ਸਿੰਘ ਨੇ ਸੰਗਰੂਰ ਦੇ ਇਕ ਵਾਸੀ ਨੂੰ ਭਰੋਸਾ ਦਿਵਾਇਆ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਜ਼ਿਲੇ ਦੇ ਸਰਕਾਰੀ ਹਸਪਤਾਲ ਵਿੱਚ ਖਰਾਬ ਸੀ.ਟੀ. ਸਕੈਨ ਮਸ਼ੀਨ ਬਾਰੇ ਪਤਾ ਕਰਵਾ ਕੇ ਸਮੱਸਿਆ ਨੂੰ ਦੂਰ ਕੀਤਾ ਜਾਵੇ।
      ਮੁੱਖ ਮੰਤਰੀ ਨੇ ਯੂ.ਕੇ. ਅਧਾਰਿਤ ਪੰਜਾਬੀ ਵੱਲੋਂ ਆਪਣੀ ਮਾਤਾ ਨੂੰ ਮਿਲਣ ਲਈ ਪੰਜਾਬ ਆਉਣ ਪੁੱਛਣ ‘ਤੇ ਉਨਾਂ ਨੂੰ ਦੱਸਿਆ ਕਿ ਇੱਥੇ ਪਹੁੰਚਣ ‘ਤੇ ਉਨਾਂ ਨੂੰ 7 ਦਿਨਾਂ ਦਾ ਸੰਸਥਾਗਤ ਏਕਾਂਤਵਾਸ ਅਤੇ ਉਸ ਤੋਂ ਬਾਅਦ 7 ਦਿਨਾਂ ਦੇ ਘਰੇਲੂ ਏਕਾਂਤਵਾਸ ਦੇ ਨਿਯਮਾਂ ਦਾ ਪਾਲਣਾ ਕਰਨਾ ਹੋਵੇਗਾ ਅਤੇ ਉਨਾਂ ਅਤੇ ਹੋਰਾਂ ਦੀ ਸੁਰੱਖਿਆ ਦੇ ਹਿੱਤ ਵਿੱਚ ਇਨਾਂ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾ ਸਕੀ। ਮੁੱਖ ਮੰਤਰੀ ਨੇ ਕਿਹਾ ਕਿ ਨਿਯਮ ਬਣਾਏ ਹੀ ਸਾਰਿਆਂ ਦੀ ਸੁਰੱਖਿਆ ਲਈ ਹਨ।
          ਇੰਤਕਾਲ ਕਰਨ ਦੀ ਗਤੀ ਹੌਲੀ ਹੋਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਮੁੱਖ ਸਕੱਤਰ ਨੂੰ ਇਸ ਵਿੱਚ ਤੇਜ਼ੀ ਲਿਆਉਣ ਅਤੇ ਬਕਾਇਆ ਇੰਤਕਾਲਾਂ ਦਾ ਨਿਪਟਾਰਾ ਛੇਤੀ ਤੋਂ ਛੇਤੀ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਹਨ।
           ਰਾਸ਼ਟਰੀ ਡਿਫੈਂਸ ਅਕੈਡਮੀ (ਐਨ.ਡੀ.ਏ) ਇੰਸਟ੍ਰਕਟਰ ਨਾਇਬ ਸੂਬੇਦਾਰ ਹਰਬੰਸ ਸਿੰਘ ਦੇ ਪੋਤਰੇ ਵੱਲੋਂ ਕੀਤੀ ਬੇਨਤੀ ਕਿ ਨਾਇਬ ਸੂਬੇਦਾਰ ਉਨਾਂ ਨੂੰ ਦਿਲੋਂ ਯਾਦ ਕਰਦੇ ਹਨ ਅਤੇ ਮਿਲਣਾ ਚਾਹੁੰਦੇ ਹਨ, ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ”ਜੇਕਰ ਉਹ ਆ ਸਕਦੇ ਹਨ ਤਾਂ ਕ੍ਰਿਪਾ ਕਰਕੇ ਉਨਾਂ ਨੂੰ ਇਥੇ ਲਿਆਓ….. ਕੋਈ ਆਪਣੇ ਪੁਰਾਣੇ ਦੋਸਤਾਂ ਨੂੰ ਨਹੀਂ ਭੁੱਲ ਸਕਦਾ ਅਤੇ ਵਰਦੀ ਪਾਉਣ ਵਾਲੇ ਭਰਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨਾਂ ਅੱਗੇ ਕਿਹਾ ਕਿ ਜਦੋਂ ਤੁਸੀਂ ਵਰਦੀ ਪਾ ਲੈਂਦੇ ਹੋ, ਤੁਸੀਂ ਉਮਰ ਭਰ ਲਈ ਦੋਸਤ ਬਣ ਜਾਂਦੇ ਹੋ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਸਾਬਕਾ ਐਨ.ਡੀ.ਏ ਇੰਸਟ੍ਰਕਟਰ ਨੂੰ ਮਿਲਣ ਲਈ ਇੰਤਜ਼ਾਰ ਕਰਨਗੇ।
            ਠੇਕੇ ਵਾਲੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਬਾਰੇ ਪੁੱਛੇ ਜਾਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਬਾਰੇ ਬਣਾਈ ਕੈਬਨਿਟ ਸਬ-ਕਮੇਟੀ ਵੱਲੋਂ ਆਪਣੀ ਰਿਪੋਰਟ ਸੌਂਪੀ ਜਾਵੇਗੀ ਅਤੇ ਉਨਾਂ ਦੀ ਸਰਕਾਰ ਵੱਲੋਂ ਇਸ ਸਬੰਧੀ ਫੈਸਲਾ ਜਲਦ ਲਿਆ ਜਾਵੇਗਾ।
           ਇਕ ਅੰਮ੍ਰਿਤਸਰ ਵਾਸੀ ਵੱਲੋਂ ਸ੍ਰੀ ਦਰਬਾਰ ਸਾਹਿਬ ਲਈ ਮਿਲਕਫੈਡ ਦੀ ਥਾਂ ਪੁਣੇ ਦੀ ਇਕ ਨਿੱਜੀ ਕੰਪਨੀ ਪਾਸੋਂ ਦੇਸੀ ਘਿਓ ਖਰੀਦੇ ਜਾਣ ਬਾਰੇ ਪ੍ਰਗਟਾਏ ਆਪਣੇ ਸਰੋਕਾਰ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸਦੇ ਹੱਕ ਵਿੱਚ ਨਹੀਂ ਹਨ ਕਿਉਂਜੋ ਡੇਅਰੀ ਪੰਜਾਬ ਲਈ ਦੂਜੀ ਫਸਲ ਹੈ। ਆਸ ਜਤਾਉਂਦਿਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫੈਸਲੇ ‘ਤੇ ਮੁੜ ਗੌਰ ਕਰੇਗੀ, ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਘਿਓ ਨਾਲੋ ਹੋਰ ਕੋਈ ਘਿਓ ਬਿਹਤਰ ਨਹੀਂ।  
        ਫਾਜ਼ਿਲਕਾ ਦੇ ਇਕ ਕਿੰਨੋ ਫਾਰਮਿੰਗ ਵਾਲੇ ਕਿਸਾਨ ਵੱਲੋਂ ਕੋਵਿਡ ਦੇ ਸੰਕਟ ਜਿਸਦੀ ਸਿਖਰ ਆਉਂਦੇ ਤਿੰਨ-ਚਾਰ ਮਹੀਨਿਆਂ ਵਿੱਚ ਕਿਆਸੀ ਜਾ ਰਹੀ ਹੈ, ਨੂੰ ਵੇਖਦਿਆਂ ਉਸਦੀ ਫਸਲ ਲਈ ਉਸਾਰੂ ਮਾਰਕੀਟਿੰਗ ਯਕੀਨੀ ਬਣਾਏ ਜਾਣ ਬਾਰੇ ਕੀਤੀ ਬੇਨਤੀ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਮਜ਼ਬੂਤ ਮਾਰਕੀਟਿੰਗ ਢਾਂਚਾ ਪਹਿਲਾਂ ਹੀ ਮੌਜੂਦ ਹੈ, ਉਹ ਖੇਤੀਬਾੜੀ ਵਿਭਾਗ ਨੂੰ ਇਸ ਮਸਲੇ ਨੂੰ ਵੇਖਣ ਅਤੇ ਇਹ ਯਕੀਨੀ ਬਣਾਉਣ ਕਿ ਇਸ ਵਿੱਚ ਕੋਈ ਚੋਰ ਮੋਰੀ ਨਾ ਹੋਵੇ, ਬਾਰੇ ਆਖਣਗੇ।
            ਖੰਨਾ ਵਾਸੀ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਰਟੀਫਕੇਟਾਂ ਨੂੰ ਅੰਤਰ-ਰਾਸ਼ਟਰੀ ਵਿੱਦਿਆ ਲਈ ਆਸਟਰੇਲੀਆ ਵਰਗੇ ਕੁਝ ਮੁਲਕਾ ਵੱਲੋਂ ਮਾਨਤਾ ਨਾ ਦੇਣ ਸਬੰਧੀ ਉਠਾਏ ਨੁਕਤੇ ਬਾਰੇ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇਹ ਮੁੱਦਾ ਆਸਟਰੇਲੀਆ ਸਰਕਾਰ ਪਾਸ ਉਠਾਣਗੇ ਅਤੇ ਅਪੀਲ ਕਰਨਗੇ ਕਿ ਆਸਟਰੇਲੀਆ ਵਿੱਚ ਉੱਚ ਸਿੱਖਿਆ ਡਿਗਰੀਆਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਰਟੀਫਿਕੇਟਾਂ ਨੂੰ ਬਣਦੀ ਮਾਨਤਾ ਦਿੱਤੀ ਜਾਵੇ।
           ਕੰਢੀ ਪੱਟੀ ਅੰਦਰ ਕੀਰਤਪੁਰ ਸਾਹਿਬ ਦੇ ਖੇਤਰ ਚੰਗਰ ਵਿੱਚ 65 ਕਰੋੜ ਦੀ ਲਾਗਤ ਵਾਲੇ ਪੀਣ ਵਾਲੇ ਪਾਣੀ ਅਤੇ ਲਿਫਟ ਸਿੰਜਾਈ ਪ੍ਰਾਜੈਕਟ ਦੀ ਸਥਿਤੀ  ਬਾਰੇ ਇਕ ਸਵਾਲ ਦੇ ਜਵਾਬ ਵਿੱਚ  ਮੁੱਖ ਮੰਤਰੀ ਨੇ ਕਿਹਾ ਕਿ ਸੱਤ ਯੋਜਨਾਵਾਂ ਉਲੀਕੀਆਂ ਗਈਆਂ ਸਨ, ਜਿਨਾਂ ਵਿਚੋਂ ਤਿੰਨ ਪਹਿਲਾਂ ਹੀ ਕਾਰਜ਼ਸ਼ੀਲ ਹਨ ਅਤੇ ਦੋ ਦਾ ਕੰਮ ਪ੍ਰਗਤੀ ਅਧੀਨ ਹੈ ਜਦੋਂਕਿ ਬਾਕੀ ਦੋ ਵਿਹਾਰਕ ਤੌਰ ‘ਤੇ ਸੰਭਵ ਨਹੀਂ ਪਾਈਆਂ ਗਈਆਂ।

Advertisement
Advertisement
Advertisement
Advertisement
Advertisement
Advertisement
error: Content is protected !!