ਜੇ ਕਿਸੇ ਨੂੰ ਉਧਾਰ ਕਰਜ ਦਿੱਤੈ, ਤਾਂ ਓਹ ITR ਵਿੱਚ ਵੀ ਦਰਸਾਇਆ ਹੋਵੇ…
ਰਘਬੀਰ ਹੈਪੀ, ਬਰਨਾਲਾ 2 ਅਪ੍ਰੈਲ 2025
ਕਿਸੇ ਨੂੰ ਦਿੱਤੇ ਗਏ ਉਧਾਰ ਕਰਜ ਦੇ ਸਬੰਧ ਵਿੱਚ ਲਿਆ ਗਿਆ ਚੈੱਕ ਹੀ ਲੈਣਦਾਰੀ ਦਾ ਸਬੂਤ ਨਹੀਂ ਹੈ, ਦੋ ਧਿਰਾਂ ਵਿੱਚ ਹੋਏ ਲੈਣ ਦਾ ਬਕਾਇਦਾ ਕੋਈ ਲਿਖਤ ਸਬੂਤ ਵੀ ਹੋਣਾ ਚਾਹੀਦਾ ਹੈ। ਮਾਨਯੋਗ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਵੱਲੋਂ ਆਪਣੀ ਬਹਿਸ ਰਾਹੀਂ ਧਿਆਨ ਵਿੱਚ ਲਿਆਂਦੇ ਅਜਿਹੇ ਤੱਥਾਂ ਨੂੰ ਪ੍ਰਵਾਨ ਕਰਦਿਆਂ, ਦੋਸ਼ੀ ਨੂੰ ਚੈੱਂਕ ਬਾਉਂਸ ਦੇ ਕੇਸ ਵਿੱਚੋਂ ਬਰੀ ਕਰ ਦਿੱਤਾ। ਇਹ ਕੇਸ ਦੀ ਸ਼ੁਰੂਆਤ ਲਵਪ੍ਰੀਤ ਸ਼ਰਮਾ ਵੱਲੋਂ ਦਿੱਤੇ 3 ਲੱਖ ਰੁਪਏ ਦੇ ਚੈੱਕ ਬਾਊਂਸ ਹੋਣ ਤੋਂ ਸ਼ੁਰੂ ਹੋਈ ਸੀ, ਜਿਸ ਦਾ ਅੰਤ ਮਾਨਯੋਗ ਅਦਾਲਤ ਵਿੱਚ ਤਿੰਨ ਸਾਲ ਦੇ ਕਰੀਬ ਚੱਲੀ ਸੁਣਵਾਈ ਤੋਂ ਬਾਅਦ ਹੁਣ ਦੋਸ਼ੀ ਦੇ ਬਰੀ ਹੋਣ ਨਾਲ ਹੋਇਆ ਹੈ। ਕੇਸ ‘ਚੋਂ ਬਰੀ ਹੋਏ ਲਵਪ੍ਰੀਤ ਸ਼ਰਮਾ ਨੇ ਅਦਾਲਤੀ ਫੈਸਲੇ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਇਸ ਨੂੰ ਨਿਆਂ ਦੀ ਜਿੱਤ ਕਰਾਰ ਦਿੱਤਾ ਹੈ।

ਪ੍ਰਾਪਤ ਵੇਰਵਿਆਂ ਅਨੁਸਾਰ ਨੈਗੋਸ਼ੀਏਬਲ ਇੰਸਟ੍ਰੂਮੈਂਟਸ ਐਕਟ ਦੀ ਧਾਰਾ 138 ਅਧੀਨ ਧਨੌਲਾ ਨਿਵਾਸੀ ਰੋਹਿਤ ਕੁਮਾਰ ਨੇ ਅਗਸਤ 2022 ਵਿੱਚ ਮਾਨਯੋਗ ਬਰਨਾਲਾ ਅਦਾਲਤ ‘ਚ ਇਸਤਗਾਸਾ ਦਾਇਰ ਕਰਕੇ ਕਿਹਾ ਸੀ ਕਿ ਲਵਪ੍ਰੀਤ ਸ਼ਰਮਾ ਨੇ ਜੁਲਾਈ 2021 ਵਿੱਚ 2.5 ਲੱਖ ਰੁਪਏ ਦਾ ਉਸ ਤੋਂ ਨਿੱਜੀ ਕਰਜ਼ਾ ਲਿਆ ਸੀ ਅਤੇ 2% ਪ੍ਰਤੀ ਮਹੀਨਾ ਦੇ ਵਿਆਜ ਸਹਿਤ ਕਰਜ ਵਾਪਸ ਕਰਨ ਦਾ ਵਾਅਦਾ ਵੀ ਕੀਤਾ ਸੀ। ਇਸ ਕਰਜ਼ੇ ਨੂੰ ਚੁਕਾਉਣ ਲਈ, ਲਵਪ੍ਰੀਤ ਸ਼ਰਮਾ ਨੇ 27 ਮਈ 2022 ਨੂੰ 3 ਲੱਖ ਰੁਪਏ ਦਾ ਚੈਕ (ਨੰਬਰ 376735) ਰੋਹਿਤ ਕੁਮਾਰ ਨੂੰ ਦਿੱਤਾ ਸੀ । ਪਰ, ਇਹ ਚੈਕ 1 ਜੂਨ 2022 ਨੂੰ ਸਟੇਟ ਬੈਂਕ ਆਫ ਇੰਡੀਆ, ਬਰਨਾਲਾ ਵੱਲੋਂ “Funds insufficient” ਦੇ ਆਧਾਰ ‘ਤੇ ਵਾਪਸ ਕਰ ਦਿੱਤਾ ਗਿਆ ਸੀ ।

ਲਵਪ੍ਰੀਤ ਸ਼ਰਮਾ ਦੇ ਵਕੀਲ ਅਰਸ਼ਦੀਪ ਸਿੰਘ ਅਰਸ਼ੀ ਨੇ ਉਕਤ ਮਾਮਲੇ ਵਿੱਚ ਗੰਭੀਰ ਖਾਮੀਆਂ ਨੂੰ ਉਜਾਗਰ ਕਰਦੇ ਹੋਏ ਮਾਨਯੋਗ ਅਦਾਲਤ ਨੂੰ ਦੱਸਿਆ ਕਿ ਸਿਰਫ ਚੈਕ ਹੀ, ਲੈਣਦਾਰੀ ਦਾ ਸਬੂਤ ਨਹੀਂ ਹੈ, ਪੈਸੇ ਦਿੱਤੇ ਹਨ ਤਾਂ ਉਨਾਂ ਦਾ ਪਰੂਫ ਵੀ ਕੋਈ ਨਹੀਂ, ਦਿੱਤੇ ਗਏ ਚੈਕ ਦੇ ਸਬੰਧ ਵਿੱਚ ਦੋਵਾਂ ਧਿਰਾਂ ਦਰਮਿਆਨ ਕਿਸੇ ਵੀ ਲੈਣ ਦੇਣ ਦਾ ਕੋਈ ਲਿਖਤ ਸਬੂਤ ਫਾਇਲ ਤੇ ਨਹੀਂ ਦਿੱਤਾ ਗਿਆ, ਐਡਵੋਕੇਟ ਅਰਸ਼ੀ ਨੇ ਇਹ ਵੀ ਕਿਹਾ ਕਿ ਸ਼ਕਾਇਤਕਰਤਾ ਨੇ ਆਪਣੀ ਇਨਕਮ ਟੈਕਸ ਰਿਟਰਨ ਵਿੱਚ ਵੀ, ਲਵਪ੍ਰੀਤ ਸ਼ਰਮਾ ਨੂੰ ਦਿੱਤਾ ਗਿਆ ਕਰਜ਼ ਕਿਤੇ ਦਰਸਾਇਆ ਨਹੀਂ ਗਿਆ। ਉਨਾਂ ਇਹ ਵੀ ਸਵਾਲ ਚੁੱਕਿਆ ਕਿ ਆਰਬੀਆਈ ਦੀ ਗਾਈਡਲਾਈਨ ਅਨੁਸਾਰ 20 ਹਜ਼ਾਰ ਰੁਪਏ ਤੋਂ ਜਿਆਦਾ ਦਾ ਲੈਣ ਦੇਣ ਕੈਸ਼ ਨਹੀਂ ਕੀਤਾ ਜਾ ਸਕਦਾ। ਦੱਸੇ ਗਏ 50 ਰੁਪਏ ਦੇ ਵਿਆਜ ਦੀ ਕਾਨੂੰਨੀ ਵੈਧਤਾ ਨਹੀਂ ਹੈ, ਨਾ ਕਰਜ ਦੀ ਕੋਈ ਪੁਸ਼ਟੀ ਹੀ ਨਹੀਂ ਹੁੰਦੀ ਹੈ। ਇਸ ਲਈ ਕੇਵਲ ਚੈਕ ਜ਼ਾਰੀ ਕਰਨ ਕਾਰਣ ਹੀ, ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਮਾਨਯੋਗ ਅਦਾਲਤ ਦੀ ਜੱਜ ਸਮਿਕਸ਼ਾ ਜੈਨ ਨੇ ਬਚਾਅ ਪੱਖ ਦੇ ਵਕੀਲਾਂ ਅਰਸ਼ਦੀਪ ਸਿੰਘ ਅਰਸ਼ੀ ਅਤੇ ਸਰਬਜੀਤ ਸਿੰਘ ਮਾਨ ਦੀਆਂ ਦਲੀਲਾਂ ਨੂੰ ਨਾਲ ਸਹਿਮਤ ਹੁੰਦਿਆਂ ਚੈਕ ਬਾਉਂਸ ਦੇ ਦੋਸ਼ੀ ਲਵਪ੍ਰੀਤ ਸ਼ਰਮਾ ਨੂੰ ਬਾਇਜਤ ਬਰੀ ਕਰ ਦਿੱਤਾ।