ਸ਼ੇਅਰ ਟ੍ਰੇਡਿੰਗ ਦੀ ਆੜ ਚ, ਸਟੈਂਪ ਡਿਊਟੀ ਚੋਰੀ ਕਰਕੇ ਬ੍ਰੋਕਰਾਂ ਨੇ 5 ਸਾਲਾਂ ਚ, ਸੂਬੇ ਦੇ ਸਰਕਾਰੀ ਖਜ਼ਾਨੇ ਨੂੰ ਲਾਇਆ ਰਗੜਾ
ਹਰਿੰਦਰ ਨਿੱਕਾ ਬਰਨਾਲਾ 4 ਜੁਲਾਈ 2020
ਸੂਬੇ ਦਾ ਸਰਕਾਰੀ ਖਜ਼ਾਨਾ ਖਾਲੀ ਹੋਣ ਦੇ ਬਹਾਨੇ ਲੋਕਾਂ ਦੀਆਂ ਆਮ ਜਰੂਰਤ ਦੀਆਂ ਸਹੂਲਤਾਂ ਦੇਣ ਤੋਂ ਦੜ ਵੱਟ ਰਹੀ ਸਰਕਾਰ ਨੂੰ ਸ਼ੇਅਰ ਬ੍ਰੋਕਰ 5 ਸਾਲ ਅੰਦਰ ਹੀ 1000 ਕਰੋੜ ਦੇ ਕਰੀਬ ਦਾ ਰਗੜਾ ਲਾ ਗਏ। ਸੂਬੇ ਦੀ ਮਾੜੀ ਆਰਥਿਕ ਹਾਲਤ ਦੇ ਬਾਵਜੂਦ ਪੈਸੇ-ਪੈਸੇ ਨੂੰ ਤਰਸਦੀ ਸਰਕਾਰ ਦੇ ਮੰਤਰੀ ਅਤੇ ਅਫਸਰਸ਼ਾਹੀ ਲੋਕਾਂ ਤੇ ਬੇਲੋੜਾ ਬੋਝ ਪਾਉਣ ਦੀ ਬਜਾਏ ਜੇਕਰ ਸ਼ੇਅਰ ਬ੍ਰੋਕਰਾਂ ਦੀ ਹਜ਼ਾਰਾਂ ਕਰੋੜ ਦੀ ਚੋਰੀ ਵਾਲੀ ਮੋਰੀ ਹੀ ਬੰਦ ਕਰ ਦੇਵੇ ਤਾਂ ਪੰਜਾਬ ਇੱਕ ਵਾਰ ਫਿਰ ਸੋਨੇ ਦੀ ਚਿੜੀ ਬਣ ਸਕਦਾ ਹੈ। ਇਹ ਦਾਅਵਾ ਬਰਨਾਲਾ ਦੇ ਆਰਟੀਆਈ ਐਕਟੀਵਿਸਟ ਬਲਵੰਤ ਰਾਏ ਦਾ ਹੈ। ਜਿਹੜੇ ਪਿਛਲੇ ਕਈ ਵਰ੍ਹਿਆਂ ਤੋਂ ਸਰਕਾਰ ਅਤੇ ਅਫਸਰਸ਼ਾਹੀ ਨੂੰ ਜਗਾਉਣ ਲਈ ਹਲੂਣਾ ਦੇਣ ਤੇ ਲੱਗੇ ਹੋਏ ਹਨ। ਦਰਅਸਲ ਬਲਵੰਤ ਰਾਏ ਦੁਆਰਾ ਸ਼ੁਰੂ ਕੀਤੀ ਇਹ ਲੜਾਈ ਚ, ਉਸ ਦਾ ਆਪਣਾ ਕੋਈ ਸਵਾਰਥ ਨਹੀਂ, ਬਲਿਕ ਸਰਕਾਰੀ ਖਜ਼ਾਨੇ ਦੀ ਸ਼ੇਅਰ ਬ੍ਰੋਕਰਾਂ ਦੁਆਰਾ ਅਫਸਰਸ਼ਾਹੀ ਅਤੇ ਲੀਡਰਾਂ ਦੀ ਮਿਲੀਭੁਗਤ ਨਾਲ ਹੋ ਰਹੀ ਅੰਨ੍ਹੀ ਲੁੱਟ ਖਸੁੱਟ ਨੂੰ ਰੋਕਣਾ ਹੀ ਹੈ।
ਕਿਵੇਂ ਤੇ ਕੌਣ ਕੌਣ ਨੋਚ ਰਿਹਾ ਹੈ, ਸੋਨੇ ਦੀ ਚਿੜੀ ਦੇ ਖੰਭ
ਬਲਵੰਤ ਰਾਏ ਨੇ ਦੱਸਿਆ ਕਿ ਪੰਜਾਬ ਵਿੱਚ ਸ਼ੇਅਰ ਬ੍ਰੋਕਰੱਸ ਅਤੇ ਫਾਈਨੈਸ਼ੀਆਲ ਇੰਸਟੀਚਿਉਟਸ ਵੱਲੋਂ ਗ੍ਰਾਹਕਾਂ ਤੋਂ ਸਟੈਂਪ ਡਿਊਟੀ ਤਾਂ ਵਸੂਲੀ ਜਾ ਰਹੀ ਹੈ। ਪਰੰਤੂ ਪੰਜਾਬ ਸਰਕਾਰ ਦੇ ਖ਼ਜ਼ਾਨੇ ਵਿੱਚ ਜਮਾ ਨਹੀਂ ਕਾਰਵਾਈ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ, ਉਨ੍ਹਾਂ ਪੰਜਾਬ ਸਰਕਾਰ ਦੇ ਸਭ ਤੋਂ ਸੀਨੀਅਰ ਕੈਬਿਨੇਟ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਅਤੇ ਫਾਇਨਾਂਸ ਸੈਕਟਰੀ ਦੇ ਸਾਹਮਣੇ ਸ਼ੇਅਰ ਸਟੈਂਪ ਡਿਊਟੀ ਚੋਰੀ ਹੋਣ ਦੀ ਸੂਚਨਾ ਦਿੱਤੀ ਸੀ । ਜਿਨ੍ਹਾਂ ਨੇ ਸਵੀਕਾਰ ਕਰਦੇ ਹੋਏ ਕਿਹਾ ਸੀ ਕਿ ਸਟੈਂਪ ਐਕਟ ਵਿੱਚ ਸੋਧ ਕਰਕੇ ਬ੍ਰੋਕਰਾਂ ਦੁਆਰਾ ਚੋਰ ਮੋਰੀ ਰਾਹੀਂ ਕੀਤੀ ਜਾ ਰਹੀ ਲੁੱਟ ਦੀ ਰਿਕਵਰੀ ਕੀਤੀ ਜਾਵੇਗੀ । ਪਰੰਤੂ ਦੋ ਸਾਲ ਬੀਤ ਜਾਣ ਤੇ ਵੀ ਨਾ ਐਕਟ ਚ, ਕੋਈ ਸੋਧ ਕੀਤੀ ਗਈ ਹੈ, ਨਾ ਹੀ ਪਹਿਲਾਂ ਤੋਂ ਮੌਜੂਦ ਐਕਟ ਦੇ ਤਹਿਤ ਬ੍ਰੋਕਰਾਂ ਤੋਂ ਕੋਈ ਵਸੂਲੀ ਕੀਤੀ ਗਈ ਹੈ।
ਐਕਟ ਚ, ਸੋਧ ਬਿਨਾਂ ਵੀ ਸਟੈਂਪ ਡਿਊਟੀ ਦੀ ਵਸੂਲੀ ਦਾ ਉਪਬੰਧ
ਬਲਵੰਤ ਰਾਏ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਾਲ ਅਤੇ ਵਿੱਤ ਵਿਭਾਗ ਤੋਂ RTI ਐਕਟ ਤਹਿਤ ਪ੍ਰਾਪਤ ਵੱਖ ਵੱਖ ਸੂਚਨਾਵਾਂ ਦੀਆਂ ਕਾਪੀਆਂ ਅਤੇ ਪੰਜਾਬ ਦੇ ਗਜ਼ਟ ਅਤੇ ਭਾਰਤੀ ਸਟੈਂਪ ਐਕਟ ਦੇ ਆਰਟੀਕਲ 62/A ਦੀ ਕਾਪੀ ਦੇ ਹਵਾਲੇ ਸਟੈਂਪ ਐਕਟ ਰਾਹੀਂ ਵਸੂਲੀ ਦਾ ਸੱਚ ਉਜਾਗਰ ਕਰਨ ਲਈ ਕਾਫੀ ਹਨ। ਜਿੰਨ੍ਹਾਂ ਤੇ ਸਟੈਂਪ ਡਿਊਟੀ ਦੀ ਦਰ ਲਿਖੀ ਹੋਈ ਹੈ । ਉਨ੍ਹਾਂ ਕਿਹਾ ਕਿ ਉਹ ਸਾਬਕਾ ਵਿਧਾਇਕ ਅਤੇ ਬਰਨਾਲਾ ਹਲਕੇ ਦੇ ਇੰਚਾਰਜ਼ ਕੇਵਲ ਸਿੰਘ ਢਿੱਲੋਂ ਨੂੰ ਵੀ ਮਿਲਿਆ ਹੈ । ਜਿਨ੍ਹਾਂ ਉਸ ਦੇ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਬਹੁਤ ਨੇਕ ਕੰਮ ਹੈ । ਮੈਂ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਲਿਆਵਾਂਗਾ । ਉਨ੍ਹਾਂ ਕਿਹਾ ਕਿ ਉਸ ਨੇ ਫੋਨ ਤੇ ਪੰਜਾਬ ਦੇ ਕਈ ਵੱਡੇ ਅਧਿਕਾਰੀਆਂ ਨਾਲ ਗੱਲ ਵੀ ਕੀਤੀ ਹੈ। ਪਰ ਇਨ੍ਹਾਂ ਅਧਿਕਾਰੀਆਂ ਤੇ ਲੀਡਰਾਂ ਚੋਂ ਕੋਈ ਵੀ ਆਪਣੇ ਦਿੱਤੇ ਭਰੋਸੇ ਤੇ ਹਾਲੇ ਤੱਕ ਖਰਾ ਨਹੀਂ ਉਤਰਿਆ । ਉਨ੍ਹਾਂ ਕਿਹਾ ਕਿ ਪੰਜਾਬ ਰਕਾਰ ਦੇ ਮਾਲ ਅਤੇ ਪੁਨਰਵਾਸ ਵਿਭਾਗ ਦੀ ਤਕਾਵੀ ਕਰਜ਼ਾ ਅਤੇ ਸਟੈਂਪ ਬਜ਼ਟ ਸ਼ਾਖਾ ਦੇ ਸਹਾਇਕ ਲੋਕ ਸੂਚਨਾ ਅਫਸਰ ਨੇ 16 ਸਿਤੰਬਰ 2019 ਨੂੰ ਦਿੱਤੀ ਸੂਚਨਾ ਚ, ਪੱਲਾ ਹੀ ਝਾੜ ਦੇ ਹੋਏ ਦੱਸਿਆ ਕਿ ਉਨ੍ਹਾਂ ਕੋਲ ਸ਼ੇਅਰ ਟ੍ਰੇਡਿੰਗ ਚ, ਜਾਣ ਵਾਲੀ ਅਸ਼ਟਾਮ ਡਿਊਟੀ ਸਬੰਧੀ ਕੋਈ ਸੂਚਨਾ ਰਿਕਾਰਡ ਵਿੱਚ ਉਪਲੱਭਧ ਨਹੀਂ ਹੈ।
ਰਹਿਬਰੀ ਲੈਣ ਲਈ ਮਾਮਲਾ ਕਾਨੂੰਨੀ ਮਸੀਰ ਵਿਧਾਨਿਕ ਮਾਮਲੇ ਵਿਭਾਗ ਕੋਲ ਪੈਂਡਿੰਗ
ਬਲਵੰਤ ਰਾਏ ਨੇ ਹੋਰ ਖੁਲਾਸਾ ਕਰਦਿਆਂ ਕਿਹਾ ਕਿ ਮਾਲ ਪੁਨਰਵਾਸ ਅਤੇ ਡਿਜਾਸਟਰ ਮੈਨੇਜ਼ਮੈਂਟ ਵਿਭਾਗ ਦੀ ਅਸ਼ਟਾਮ ਅਤੇ ਰਜਿਸ਼ਟਰੀ ਸ਼ਾਖਾ ਦੇ ਸਹਾਇਕ ਲੋਕ ਸੂਚਨਾ ਅਫਸਰ ਨੇ 12 ਮਾਰਚ 2020 ਨੂੰ ਭੇਜ਼ੀ ਸੂਚਨਾ ਚ, ਲਿਖਿਆ ਹੈ ਕਿ ਇਹ ਮਾਮਲਾ ਸਰਕਾਰ ਦੇ ਪੱਧਰ ਤੇ ਕਾਰਵਾਈ ਅਧੀਨ ਹੈ। ਇਸ ਮਾਮਲੇ ਸਬੰਧੀ ਰਹਿਬਰੀ ਲੈਣ ਹਿੱਤ ਮਿਸਲ ਨੰਬਰ- 24 ਫਰਵਰੀ 2019 ST / 2 / 2916 ਮਿਤੀ 12 ਫਰਵਰੀ 2020 ਰਾਹੀਂ ਕਾਨੂੰਨੀ ਮਸੀਰ ਵਿਧਾਨਿਕ ਮਾਮਲੇ ਵਿਭਾਗ ਪੰਜਾਬ ਨੂੰ ਭੇਜਿਆ ਗਿਆ ਹੈ। ਰਹਿਬਰੀ ਪ੍ਰਾਪਤ ਹੋਣ ਤੇ ਅਗਲੀ ਕਾਨੂੰਨੀ ਕਾਰਵਾਈ ਮਾਲ ਵਿਭਾਗ ਵੱਲੋਂ ਕੀਤੀ ਜਾਵੇਗੀ। ਸਰਕਾਰ ਵੱਲੋਂ ਇਸ ਸ਼ੇਅਰ ਟ੍ਰੇਡਿੰਗ ਤੇ ਅਸ਼ਟਾਮ ਡਿਊਟੀ ਸਬੰਧੀ ਮਸਲੇ ਤੇ ਫੈਸਲਾ ਲੈਣ ਤੇ ਸਮਾਂ ਲੱਗ ਸਕਦਾ ਹੈ।
ਸ਼ਿਕਾਇਤ ਝੂਠੀ ਹੋਣ ਤੇ ਫਾਂਸੀ ਦੀ ਸਜ਼ਾ ਲਈ ਤਿਆਰ- ਬਲਵੰਤ ਰਾਏ
ਬਲਵੰਤ ਰਾਏ ਭਾਂਵੇ ਪੰਜਾਬ ਦੀ ਅਫਸਰਸ਼ਾਹੀ ਦੇ ਟਾਲੂ ਰਵੱਈਏ ਤੋਂ ਖਫਾ ਜਰੂਰ ਹੈ, ਪਰੰਤੂ ਉਸ ਦੀ ਕੁਝ ਉਸਾਰੂ ਤੇ ਚੰਗਾ ਹੋਣ ਦੀ ਉਮੀਦ ਵਾਲੀ ਕਿਰਨ ਹਾਲੇ ਜਿੰਦਾ ਹੈ। ਉਸ ਨੇ ਹਿੱਕ ਥਾਪੜਦਿਆਂ ਕਿਹਾ ਕਿ ਉਸ ਦੀ ਸਰਕਾਰੀ ਖਜਾਨੇ ਨੂੰ ਮਾਲਮਾਲ ਕਰਨ ਲਈ ਵਿੱਢੀ ਇਹ ਮੁਹਿੰਮ ਅੰਤਿਮ ਸਾਂਹ ਤੱਕ ਜਾਰੀ ਰਹੇਗੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਹ ਸ਼ੇਅਰ ਬ੍ਰੋਕਰਾਂ ਤੋਂ ਪੈਸਾ ਵਸੂਲ ਕੇ ਸਰਕਾਰੀ ਖਜਾਨੇ ਵਿੱਚ ਭਰਵਾਇਆ ਜਾਵੇ । ਬਲਵੰਤ ਰਾਏ ਨੇ ਕਿਹਾ ਕਿ ਮੈਂ ਇਹ ਵੀ ਵਚਨ ਦਿੰਦਾ ਹਾਂ ਕਿ ਮੇਰੀ ਸ਼ਿਕਾਇਤ ਝੂਠੀ ਸਾਬਤ ਹੋਣ ਤੇ ਫਾਂਸੀ ਦੀ ਸਜ਼ਾ ਲਈ ਵੀ ਤਿਆਰ ਹਾਂ ।