ਵਾਅਦਾ ਖਿਲਾਫੀ ਤੋਂ ਲੋਕ ਖਫਾ-ਐਮਡੀ ਦੀਪਕ ਸੋਨੀ ਖਿਲਾਫ ਨਾਰੇਬਾਜੀ ਕਰਕੇ ਕੱਢਿਆ ਗੁੱਸਾ
ਨਗਰ ਕੌਂਸਲ ਦਾ ਈ.ਉ. ਅਤੇ ਕਲੋਨਾਈਜ਼ਰ ਮਿਲ ਕੇ ਪਾ ਰਹੇ ਲੋਕਾਂ ਦੇ ਅੱਖੀਂ ਘੱਟਾ
ਸਰਕਾਰੀ ਰਾਹ ਤੇ ਕਬਜ਼ੇ ਦਾ ਕੰਮ ਯਾਰੀ, ਈ.ੳ. ਨੇ ਮੈਂ ਨਾ ਮਾਨੂੰ ਕਹਿ ਕੇ ਚੁੱਪ ਧਾਰੀ
ਡਿਪਟੀ ਡਾਇਰੈਕਟਰ ਅਤੇ ਐਸਡੀਐਮ ਨੂੰ ਈ.ਉ. ਨੇ ਭੇਜੀ ਸਟੇਟਸ ਰਿਪੋਰਟ
ਹਰਿੰਦਰ ਨਿੱਕਾ ਬਰਨਾਲਾ 4 ਜੁਲਾਈ 2020
ਇੱਕ ਸਮੇਂ ਸ਼ਹਿਰੀਆਂ ਦੀ ਪਹਿਲੀ ਪਸੰਦ ਰਹੀ ਆਸਥਾ ਇਨਕਲੇਵ ਚ, ਰਹਿ ਰਹੇ ਬਾਸ਼ਿੰਦਿਆਂ ਦੀ ਆਸਥਾ ਹੁਣ ਕਲੋਨਾਈਜ਼ਰ ਦੀਆਂ ਵਾਅਦਾ ਖਿਲਾਫੀਆਂ ਅਤੇ ਬੇਨਿਯਮੀਆਂ ਕਾਰਣ ਟੁੱਟ ਚੁੱਕੀ ਹੈ। ਕਲੋਨੀ ਵਾਸੀ ਖੁਦ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਹਨ। ਕਲੋਨੀ ਵਾਸੀਆਂ ਨੇ ਲਗਾਤਾਰ ਦੂਜੇ ਦਿਨ ਵੀ ਰੋਸ ਪ੍ਰਦਰਸ਼ਨ ਜਾਰੀ ਰੱਖਦਿਆਂ ਕਲੋਨਾਈਜਰ ਦੀਪਕ ਸੋਨੀ ਅਤੇ ਪ੍ਰਸ਼ਾਸ਼ਨ ਦੇ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ। ਕਲੋਨੀ ਵਾਸੀਆਂ ਚ, ਵੱਧ ਰਹੇ ਰੋਸ ਅਤੇ ਵਿਰੋਧ ਦੇ ਬਾਵਜੂਦ ਵੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਥਾਪੜੇ ਕਾਰਣ ਕਲੋਨਾਈਜ਼ਰ ਦੇ ਰੁੱਖ ਚ, ਕੋਈ ਬਦਲਾਉ ਨਹੀਂ ਆਇਆ। ਨਗਰ ਕੌਂਸਲ ਦੇ ਈਉ ਮਨਪ੍ਰੀਤ ਸਿੰਘ ਨੇ ਸਰਕਾਰੀ ਰਾਹ ਨੂੰ ਰੋਕਣ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਆਪਣੇ ਦਫਤਰ ਸੱਦ ਕੇ ਸਰਕਾਰੀ ਰਾਹ ਤੇ ਬਣਾਏ ਜਾ ਰਹੇ ਗੇਟ ਦਾ ਕੰਮ ਬੰਦ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਕੋਈ ਨਜ਼ਾਇਜ਼ ਕਬਜ਼ਾ ਨਾ ਹੋਣ ਦੀ ਰਿਪੋਰਟ ਡਿਪਟੀ ਡਾਇਰੈਕਟਰ ਅਤੇ ਐਸਡੀਐਮ ਬਰਨਾਲਾ ਨੂੰ ਵੀ ਭੇਜ ਕੇ ਹਕੀਕਤ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ । ਜਦੋਂ ਕਿ ਸਰਕਾਰੀ ਰਾਹ ਤੇ ਕਬਜ਼ੇ ਦਾ ਕੰਮ ਉਸੇ ਤਰਾਂ ਹੀ ਜਾਰੀ ਹੈ। ਈ.ਉ. ਮਨਪ੍ਰੀਤ ਸਿੰਘ ਦਾ ਪੱਖ ਜਾਣਨ ਲਈ ਵਾਰ ਵਾਰ ਫੋਨ ਕੀਤੇ, ਪਰ ਉਨ੍ਹਾਂ ਫੋਨ ਰਿਸੀਵ ਕਰਨਾ ਜਰੂਰੀ ਨਹੀਂ ਸਮਝਿਆ।
ਸਮਾਜ ਸੇਵੀ ਸੋਨੀ ਦਾ ਚਿਹਰਾ ਹੋਇਆ ਬੇਨਕਾਬ, ਕਹਿੰਦਾ ਵਿਰੋਧ ਕਰਨ ਵਾਲਿਆਂ ਤੇ ਚੜ੍ਹਾ ਦਿਉ ਜੇ.ਸੀਬੀ.
ਪੈਸੇ ਦੇ ਜੋਰ ਤੇ ਇਲਾਕੇ ਦੇ ਆਪੂ ਬਣੇ ਸਮਾਜ ਸੇਵੀ ਦੀਪਕ ਸੋਨੀ ਦਾ ਜਾਹਿਰ ਕਰਦੇ ਸਮਾਜ ਸੇਵੀ ਚਿਹਰੇ ਦਾ ਨਕਾਬ ਕਲੋਨੀ ਵਾਸੀਆਂ ਦੇ ਲਾਏ ਗੰਭੀਰ ਦੋਸ਼ਾਂ ਤੋਂ ਬਾਅਦ ਬੇਨਕਾਬ ਹੋ ਗਿਆ। ਆਸਥਾ ਇਨਕਲੇਵ ਵੈਲਫੇਅਰ ਐਸੋਸੀਏਸ਼ਨ ਦੇ ਵਾਈਸ ਪ੍ਰੈਜੀਡੈਂਟ ਐਡਵੋਕੇਟ ਕੌਸ਼ਲ ਬਾਂਸਲ , ਸੈਕਟਰੀ ਰਾਜੇਸ਼ ਸਿੰਗਲਾ ਤੇ ਹੋਰ ਅਹੁਦੇਦਾਰਾਂ ਨੇ ਦੱਸਿਆ ਕਿ ਜਦੋਂ ਕਲੋਨਾਈਜਰ ਦੀਪਕ ਸੋਨੀ ਤੇ ਆਪਣੇ ਭਾਈਵਾਲਾਂ ਸ਼ਸ਼ੀ ਚੋਪੜਾ ਆਦਿ ਨੂੰ ਨਾਲ ਲੈ ਕੇ ਭਾੜੇ ਦੇ ਬੰਦਿਆਂ ਨੂੰ ਲਿਆ ਕੇ ਨਗਰ ਕੌਂਸਲ ਦੀ ਸੜ੍ਹਕ ਤੇ ਨਜਾਇਜ਼ ਕਬਜ਼ਾ ਕਰਨ ਲਈ ਗੇਟ ਲਾ ਰਿਹਾ ਸੀ। ਤਾਂ ਉਨ੍ਹਾਂ ਇਸ ਦਾ ਵਿਰੋਧ ਕੀਤਾ। ਵਿਰੋਧ ਤੋਂ ਬੌਖਲਾਏ ਸੋਨੀ ਨੇ ਜੇ.ਸੀ.ਬੀ. ਦੇ ਡਰਾਇਵਰ ਨੂੰ ਕਿਹਾ ਕਿ ਉਹ ਵਿਰੋਧ ਕਰ ਰਹੇ ਬੰਦਿਆਂ ਨੂੰ ਜੇਸੀਬੀ ਨਾਲ ਕੁਚਲ ਦੇਵੇ। ਕੀ ਹੋਊ, ਮੈਂ ਆਪੇ ਸਾਂਭ ਲਊਂ। ਪਰ ਡਰਾਇਵਰ ਨੇ ਸੋਨੀ ਨੂੰ ਉਲਟਾ ਜੁਆਬ ਦਿੰਦਿਆਂ ਕਿਹਾ ਕਿ ਉਹ ਖੁਦ ਜੇਸੀਬੀ ਦੀ ਚਾਬੀ ਲੈ ਲਏ ਤੇ ਮੈਂ ਅਜਿਹਾ ਨਹੀਂ ਕਰ ਸਕਦਾ। ਕਲੋਨੀ ਵਾਸੀਆਂ ਨੇ ਦੋਸ਼ ਲਾਇਆ ਕਿ ਕਲੋਨਾਈਜ਼ਰ ਸੋਨੀ ਨੇ ਭਾੜੇ ਵਾਲੇ ਬੰਦਿਆਂ ਦੇ ਜੋਰ ਤੇ ਰੱਜ ਕੇ ਗੁੰਡਾਗਰਦੀ ਕੀਤੀ। ਅਜਿਹਾ ਰਵੱਈਏ ਨਾਲ ਸੋਨੀ ਦੀ ਸ਼ਰਾਫਤ ਦਾ ਵੀ ਪਰਦਾਫਾਸ਼ ਹੋ ਗਿਆ। ਉਨ੍ਹਾਂ ਕਿਹਾ ਕਿ ਉਹ ਹੋਰ ਕਲੋਨੀ ਵਾਸੀਆਂ ਨੂੰ ਨਾਲ ਲੈ ਕੇ ਐਸਐਸਪੀ ਸੰਦੀਪ ਗੋਇਲ ਅਤੇ ਡੀਸੀ ਤੇਜ਼ ਪ੍ਰਤਾਪ ਸਿੰਘ ਫੂਲਕਾ ਨੂੰ ਵੀ ਕਲੋਨਾਈਜ਼ਰ ਦੀ ਧੱਕੇਸ਼ਾਹੀ ਅਤੇ ਕਲੋਨੀ ਦੇ ਗੈਰਕਾਨੂੰਨੀ ਵਿਸਥਾਰ ਦੇ ਬਾਰੇ ਮੰਗ ਪੱਤਰ ਵੀ ਦੇ ਕੇ ਆਏ ਹਨ।
ਦੀਪਕ ਸੋਨੀ ਨੇ ਖੁਦ ਤੇ ਲੱਗੇ ਦੋਸ਼ਾਂ ਨੂੰ ਨਕਾਰਿਆ
ਕਲੋਨਾਈਜਰ ਦੀਪਕ ਸੋਨੀ ਨੇ ਕਲੋਨੀ ਵਾਲਿਆਂ ਵੱਲੋਂ ਉਸ ਉੱਪਰ ਲਾਏ ਦੋਸ਼ਾਂ ਦਾ ਖੰਡਨ ਦੁਹਰਾਇਆ ਕਿ ਉਹ ਸਰਕਾਰੀ ਜਗ੍ਹਾ ਤੇ ਬਣਾਇਆ ਜਾ ਰਿਹਾ ਗੇਟ ਕਲੋਨੀ ਵਾਲਿਆਂ ਦੀ ਸੁਰੱਖਿਆ ਲਈ ਲਾਇਆ ਜਾ ਰਿਹਾ ਹੈ। ਪਰੰਤੂ ਇਹ ਗੇਟ ਲੋਕਾਂ ਦੇ ਲੰਘਣ ਲਈ ਹਮੇਸ਼ਾ ਖੁੱਲ੍ਹਾ ਰਹੇਗਾ। ਉਨ੍ਹਾਂ ਵਿਰੋਧ ਕਰ ਰਹੇ ਬੰਦਿਆਂ ਤੇ ਜੇਸੀਬੀ ਚੜਾ ਕੇ ਕੁਚਲ ਦੇਣ ਦੇ ਦੋਸ਼ ਨੂੰ ਵੀ ਬੇਬੁਨਿਆਦ ਕਹਿੰਦਿਆਂ ਇਸ ਨੂੰ ਝੂਠ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਐਮਐਸਟੀ ਸਕੂਲ ਦੀ ਬੈਕਸਾਈਡ ਵਾਲੀ ਕਰੀਬ ਜੋ ਜਮੀਨ ਤੇ ਨਿਰਮਾਣ ਦੀ ਤਿਆਰੀ ਹੈ, ਇਸ ਨੂੰ ਕਲੋਨੀ ਚ, ਡਿਵੈਲਪ ਕਰਨ ਦੀ ਮੰਜੂਰੀ ਲਈ ਹੋਈ ਹੈ। ਕੁਝ ਵੀ ਗੈਰਕਾਨੂੰਨੀ ਨਹੀਂ ਕੀਤਾ ਜਾ ਰਿਹਾ।
ਨਵੀ ਕਲੋਨੀ ਦੀ ਮੰਜੂਰੀ ਮਿਲੀ, ਪਰ ਆਸਥਾ ਚ, ਮਿਲਾਉਣ ਦੀ ਨਹੀਂ
ਇਸ ਚ, ਕੋਈ 2 ਰਾਇ ਨਹੀਂ ਕਿ ਕਰੀਬ ਡੇਢ ਏਕੜ ਜਮੀਨ ਤੇ ਨਵੀਂ ਕਲੋਨੀ ਬਣਾਉਣ ਦੀ ਮੰਜੂਰੀ ਕਲੋਨਾਈਜਰ ਨੇ ਲੈ ਲਈ ਹੈ। ਪਰੰਤੂ ਇਹ ਮੰਜੂਰੀ ਆਸਥਾ ਇਨਕਲੇਵ ਦਾ ਵਿਸਥਾਰ ਕਰਨ ਲਈ ਨਹੀਂ ਮਿਲੀ। ਐਡਵੋਕੇਟ ਕੌਸ਼ਲ ਬਾਂਸਲ ਨੇ ਕਿਹਾ ਕਿ ਸਾਨੂੰ ਪਲਾਟ ਵੇਚਣ ਸਮੇਂ ਕਲੋਨਾਈਜ਼ਰ ਨੇ ਜੋ ਨਕਸ਼ਾ ਦਿਖਾਇਆ ਸੀ, ਉਸ ਚ, ਇੱਕ ਮੇਨ ਗੇਟ ਅਤੇ ਬਾਕੀ ਸਾਰੇ ਪਾਸਿਆਂ ਤੇ ਚਾਰਦੀਵਾਰੀ ਕੀਤੀ ਹੋਈ ਸੀ। ਕਲੋਨੀ ਦੀ 34.60 ਏਕੜ ਜਮੀਨ ਪੁੱਡਾ ਅਪਰੂਵਡ ਸੀ। ਪਰੰਤੂ ਹੁਣ ਵਾਰ ਵਾਰ ਗੈਰ ਕਾਨੂੰਨੀ ਢੰਗ ਨਾਲ ਵਾਧਾ ਕਰਕੇ ਕਲੋਨਾਈਜਰ 3000 ਰੁਪਏ ਗਜ਼ ਵਾਲੀ ਜਗ੍ਹਾ ਨੂੰ ਆਸਥਾ ਦਾ ਹਿੱਸਾ ਬਣਾ ਕੇ 35 ਹਜ਼ਾਰ ਰੁਪਏ ਗਜ ਵੇਚ ਕੇ ਕਰੋੜਾਂ ਰੁਪਏ ਕਮਾਉਣ ਦੇ ਲਾਲਚ ਚ, ਕਲੋਨੀ ਵਾਸੀਆਂ ਦੀ ਸੁਰੱਖਿਆ ਨੂੰ ਦਾਅ ਤੇ ਲਾ ਕੇ ਲੋਕਾਂ ਨਾਲ ਧੋਖਾ ਕਰ ਰਿਹਾ ਹੈ।