ਵਿਧਾਇਕ ਪੰਡੋਰੀ ਨੇ ਕਿਹਾ, ਹੁਣ ਲੋਕਾਂ ਦੇ ਮਸਲਿਆਂ ਦਾ ਤੇਜ਼ੀ ਨਾਲ ਹੋਵੇਗਾ ਨਿਬੇੜਾ
ਰਘਵੀਰ ਹੈਪੀ, ਬਰਨਾਲਾ 12 ਜੁਲਾਈ 2024
ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਣੇ ਮੁੱਖ ਮੰਤਰੀ ਸਹਾਇਤਾ ਕੇਂਦਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਦਿਸ਼ਾ – ਨਿਰਦੇਸ਼ਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਹ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਹਾਇਤਾ ਕੇਂਦਰ ਦੇ ਬਣਨ ਨਾਲ ਲੋਕਾਂ ਦੀ ਸੁਣਵਾਈ ਵਧੇਗੀ ਅਤੇ ਖੱਜਲ-ਖੁਆਰੀ ਘਟੇਗੀ ਤੇ ਲੋਕਾਂ ਦੇ ਚੰਡੀਗੜ੍ਹ ਪੱਧਰ ਦੇ ਕੰਮ ਵੀ ਇਥੇ ਹੀ ਹੋ ਸਕਣਗੇ।
ਉਨ੍ਹਾਂ ਸਹਾਇਤਾ ਕੇਂਦਰ ‘ਤੇ ਆਪਣੇ ਕੰਮਾਂ ਬਾਬਤ ਪੁੱਜੇ ਲੋਕਾਂ ਨਾਲ ਗੱਲਬਾਤ ਵੀ ਕੀਤੀ ,ਜਿਨ੍ਹਾਂ ਸਰਕਾਰ ਦੇ ਉੱਦਮ ਦੀ ਸ਼ਲਾਘਾ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਜਿਹੜੇ ਲੋਕਾਂ ਨੂੰ ਆਪਣੇ ਕੰਮਾਂ ਦੇ ਸਬੰਧ ਵਿੱਚ ਮੁੱਖ ਮੰਤਰੀ ਦਫ਼ਤਰ ਜਾਂ ਵੱਖ – ਵੱਖ ਵਿਭਾਗਾਂ ਦੇ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਕੰਮ ਵਾਸਤੇ ਚੰਡੀਗੜ੍ਹ ਗੇੜੇ ਮਾਰਨ ਪੈਂਦੇ ਸਨ। ਉਨ੍ਹਾਂ ਲਈ ‘ਮੁੱਖ ਮੰਤਰੀ ਸਹਾਇਤਾ ਕੇਂਦਰ’ ਵਰਦਾਨ ਸਾਬਿਤ ਹੋਵੇਗਾ, ਕਿਉੰਕਿ ਉਨ੍ਹਾਂ ਦੀ ਅਰਜ਼ੀ ਇਥੋਂ ਹੀ ਉੱਪਰ ਭੇਜੀ ਜਾ ਸਕੇਗੀ। ਇਸ ਤਰ੍ਹਾਂ ਉਨ੍ਹਾਂ ਦੀਆਂ ਅਰਜ਼ੀਆਂ ਏਨੀ ਦੂਰ ਜਾਣ ਦੀ ਬਜਾਏ ਸਥਾਨਕ ਪੱਧਰ ਤੋਂ ਹੀ ਭੇਜੀਆਂ ਜਾ ਸਕਣਗੀਆਂ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਾਲ ਹੀ ‘ਸਵਾਗਤ ਅਤੇ ਸਹਾਇਤਾ ਕੇਂਦਰ ਵੀ ਸਥਾਪਿਤ ਕੀਤਾ ਹੈ, ਜਿਸ ਦਾ ਉਦੇਸ਼ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਵੱਖ ਵੱਖ ਵਿਭਾਗੀ ਕੰਮਾਂ ਲਈ ਆਉਣ ਵਾਲੇ ਲੋਕਾਂ ਦੀ ਮਦਦ ਕਰਨਾ ਹੈ। ਇਸ ਮੌਕੇ ਗੁਰਮੁੱਖ ਸਿੰਘ ਸਰਪੰਚ ਭੈਣੀ ਜੱਸਾ ਨੇ ਕਿਹਾ ਕਿ ਉਹ ਆਪਣੇ ਕੰਮ ਲਈ ਡੀ ਸੀ ਦਫ਼ਤਰ ਆਏ ਸੀ ਤੇ ਸਹਾਇਤਾ ਕੇਂਦਰ ਤੋਂ ਟੋਕਣ ਲੈ ਕੇ ਡਿਪਟੀ ਕਮਿਸ਼ਨਰ ਨੂੰ ਮਿਲੇ ਤੇ ਉਨ੍ਹਾਂ ਦੀ ਵਧੀਆ ਸੁਣਵਾਈ ਹੋਈ ਹੈ। ਉਨ੍ਹਾਂ ਪੰਜਾਬ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ।