ਵਾਤਾਵਰਣ ਦੀ ਰੱਖਿਆ ਹੀ ਧਰਤੀ ‘ਤੇ ਜੀਵਨ ਦੀ ਸੁਰੱਖਿਆ ਹੈ :- ਸ਼ਿਵ ਸਿੰਗਲਾ
ਰਘਵੀਰ ਹੈਪੀ, ਬਰਨਾਲਾ 19 ਜੂਨ 2024
ਰੁੱਖ ਲਾਉਣ ਤੇ ਰੁੱਖਾਂ ਨੂੰ ਬਚਾਉਣ ਲਈ ਲੋਕਾਂ ਅੰਦਰ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਸਥਾਨਕ ਐੱਸ.ਐੱਸ.ਡੀ ਕਾਲਜ ਦੇ ਵਿਦਿਆਰਥੀਆਂ ਵੱਲੋਂ ‘ਵਾਤਾਵਰਣ ਬਚਾਓ ਚੇਤਨਾ ਮਾਰਚ’ ਕੱਢਿਆ ਗਿਆ। ਵਾਤਾਵਰਣ ਬਚਾਓ ਚੇਤਨਾ ਮਾਰਚ’ ਨੂੰ ਐੱਸ ਡੀ ਸਭਾ (ਰਜਿ:) ਬਰਨਾਲਾ ਦੇ ਜਨਰਲ ਸਕੱਤਰ ਸਿਵ ਸਿੰਗਲਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਰੇਲਵੇ ਸਟੇਸਨ ਬਰਨਾਲਾ ਤੋਂ ਸੁਰੂ ਹੋ ਕੇ ਇਹ ‘ਚੇਤਨਾ ਮਾਰਚ’ ਸਦਰ ਬਜਾਰ ਬਰਨਾਲਾ ਦੇ ਵਿੱਚੋਂ ਦੀ ਹੁੰਦਾ ਹੋਇਆ ਸਹੀਦ ਭਗਤ ਸਿੰਘ ਚੌਂਕ ਵਿੱਚ ਸਮਾਪਤ ਹੋਇਆ।
ਚੇਤਨਾ ਮਾਰਚ ਵਿੱਚ ਐੱਸ.ਐੱਸ.ਡੀ ਕਾਲਜ ਦੇ ਕਰੀਬ 60 ਵਿਦਿਆਰਥੀ ਨੇ ਭਾਗ ਲਿਆ। ਬੜੇ ਅਨੁਸਾਸਨੀ ਢੰਗ ਨਾਲ ਕੱਢੇ ਇਸ ਚੇਤਨਾ ਮਾਰਚ ਦੌਰਾਨ ਹੱਥਾਂ ਵਿੱਚ ਚੁੱਕੇ ਬੈਨਰਾਂ ‘ਤੇ ਲਿਖੇ ਨਾਅਰਿਆਂ ਨਾਲ ਵਿਦਿਆਰਥੀਆਂ ਨੇ ਅਸਮਾਨ ਗੂੰਜਣ ਲਗਾ ਦਿੱਤਾ। ਚੇਤਨਾ ਮਾਰਚ ਵਿੱਚ ਸਾਮਲ ਵਿਦਿਆਰਥੀਆਂ ਨੇ “ਰੁੱਖ ਲਗਾਓ-ਵਾਤਾਵਰਣ ਬਚਾਓ”, “ਰੁੱਖਾਂ ਦੀ ਕਟਾਈ ਬੰਦ ਕਰੋ”, ” ਸਾਵੀਂ ਧਰਤੀ ਕਰੇ ਪੁਕਾਰ-ਵਾਤਾਵਰਣ ਦਾ ਰੱਖੋ ਖਿਆਲ “, “ਵਾਤਾਵਰਣ ਦੀ ਰੱਖਿਆ-ਜੀਵਨ ਦੀ ਸੁਰੱਖਿਆ” ਆਦਿ ਨਾਅਰਿਆਂ ਵਾਲੀਆਂ ਤਖਤੀਆਂ ਵੀ ਹੱਥਾਂ ਵਿੱਚ ਚੁੱਕੀਆਂ ਹੋਈਆਂ ਸਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਸਿਵ ਸਿੰਗਲਾ ਨੇ ਦੱਸਿਆ ਕਿ ਐੱਸ ਐੱਸ ਡੀ ਸਭਾ ਦੇ ਚੇਅਰਮੈਨ ਸ੍ਰੀ ਸਿਵ ਦਰਸਨ ਕੁਮਾਰ ਸਰਮਾ ਦੇ ਦਿਸਾ ਨਿਰਦੇਸਾਂ ਤਹਿਤ ਗਰਮੀ ਦੀਆਂ ਛੁੱਟੀਆਂ ਦੌਰਾਨ ਕਾਲਜ ਦੇ ਵਿਦਿਆਰਥੀਆਂ ਦਾ ਸਮਰ ਕੈਂਪ ਲਗਾਇਆ ਗਿਆ ਸੀ। ਜਿਸ ਦੀ ਸਮਾਪਤੀ ਤੇ ਇਹ ਵਾਤਾਵਰਣ ਬਚਾਓ ਚੇਤਨਾ ਮਾਰਚ ਕੱਢਿਆ ਗਿਆ ਹੈ। ਚੇਤਨਾ ਮਾਰਚ ਦਾ ਉਦੇਸ਼ ਇਹੋ ਹੈ ਕਿ ਲੋਕਾਂ ਨੂੰ ਰੁੱਖ ਲਗਾਉਣ ਅਤੇ ਰੁੱਖ ਬਚਾਉਣ ਲਈ ਜਾਗਰੂਕ ਕੀਤਾ ਜਾਵੇ ਤਾਂ ਜੋ ਦਿਨੋ-ਦਿਨ ਵਧਦੀ ਜਾ ਰਹੀ ਗਰਮੀ ਨੂੰ ਰੋਕਿਆ ਜਾ ਸਕੇ। ਐੱਸ.ਐੱਸ.ਡੀ ਦੇ ਵਾਇਸ ਪ੍ਰਿੰਸੀਪਲ ਭਾਰਤ ਭੂਸਣ ਨੇ ਕਿਹਾ ਕਿ ਕਾਲਜ ਦੇ ਪ੍ਰਿੰਸੀਪਲ ਸ੍ਰੀ ਰਾਕੇਸ ਜਿੰਦਲ ਦਾ ਸੁਪਨਾ ਹੈ ਕਿ ਐੱਸ.ਐੱਸ.ਡੀ ਕਾਲਜ ਦੇ ਵਿਦਿਆਰਥੀ ਜਿੱਥੇ ਪੜ੍ਹਾਈ , ਖੇਡਾਂ ਅਤੇ ਸੱਭਿਆਚਾਰਕ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ, ਉੱਥੇ ਸਾਡੇ ਕਾਲਜ ਦੇ ਵਿਦਿਆਰਥੀ ਸਮਾਜ ਪ੍ਰਤੀ ਆਪਣੇ ਫਰਜਾਂ ਨੂੰ ਬਾਖੂਬੀ ਨਿਭਾਉਣ ਲਈ ਵੀ ਅੱਗੇ ਆਉਣ ਅਤੇ ਸਮਾਜ ਦੀ ਅਗਵਾਈ ਕਰਨ। ਚੇਤਨਾ ਮਾਰਚ ਦੀ ਸਮਾਪਤੀ ‘ਤੇ ਜਿਥੇ ਸਹੀਦ ਭਗਤ ਸਿੰਘ ਚੌਂਕ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਵਾਤਾਵਰਣ ਨੂੰ ਬਚਾਉਣ ਅਤੇ ਧਰਤੀ ਦੀ ਰੱਖਿਆ ਕਰਨ ਸਬੰਧੀ ਬਹੁਤ ਹੀ ਪ੍ਰਭਾਵਸਾਲੀ ਭਾਸਣ ਦਿੱਤੇ, ਉੱਥੇ ਹੀ ਚੇਤਨਾ ਮਾਰਚ ਤੋਂ ਬਾਅਦ ਐੱਸ ਐੱਸ ਡੀ ਕਾਲਜ ਵਿਖੇ ਆ ਕੇ ਇਹਨਾਂ ਵਿਦਿਆਰਥੀਆਂ ਨੇ ਕਾਲਜ ਕੈਂਪਸ ਵਿੱਚ ਆਪਣੇ ਹੱਥੀਂ ਬਹੁਤ ਸਾਰੇ ਪੌਦੇ ਲਗਾ ਕੇ ਉਹਨਾਂ ਦੀ ਦੇਖਭਾਲ ਕਰਨ ਦਾ ਪ੍ਰਣ ਵੀ ਲਿਆ ਹੈ।
ਚੇਤਨਾ ਮਾਰਚ ਮੌਕੇ ਪ੍ਰੋ: ਹਿਨਾ, ਪ੍ਰੋ: ਹਰਪ੍ਰੀਤ ਕੌਰ, ਪ੍ਰੋ: ਗੁਰਪਿਆਰ ਸਿੰਘ, ਪ੍ਰੋ: ਡਾ. ਮਨਪ੍ਰੀਤ ਸਿੰਘ, ਪ੍ਰੋ: ਪਰਵਿੰਦਰ ਕੌਰ, ਪ੍ਰੋ: ਸਿਮਰਜੀਤ, ਪ੍ਰੋ: ਸੁਖਪ੍ਰੀਤ ਕੌਰ, ਪ੍ਰੋ: ਸੁਖਜੀਤ ਕੌਰ, ਪ੍ਰੋ: ਬੱਬਲਜੀਤ ਕੌਰ, ਪ੍ਰੋ: ਸੁਨੀਤਾ ਗੋਇਲ, ਪ੍ਰੋ: ਕੁਲਦੀਪ ਕੌਰ, ਪ੍ਰੋ: ਨਰਿੰਦਰ ਕੌਰ ਅਤੇ ਸੁਪਰਵਾਇਜਰ ਜਗਸੀਰ ਸਿੰਘ ਸੰਧੂ ਵੀ ਵਿਸ਼ੇਸ਼ ਤੌਰ ਤੇ ਹਾਜਰ ਰਹੇ ।