ਰਜਿੰਦਰ ਗੁਪਤਾ ਨੇ ਕਿਹਾ, ਸਾਰੇ ਸੁਰੱਖਿਅਤ ਹਨ, ਮੈਂ ਖੁਦ ਵੀ ਅੰਦਰ ਸੀ,ਅਫਵਾਹਾਂ ਤੋਂ ਸੁਚੇਤ ਰਹੋ..
ਹਰਿੰਦਰ ਨਿੱਕਾ, ਬਰਨਾਲਾ 5 ਜੂਨ 2024
ਭਾਰੀ ਤੂਫਾਨ ਦੇ ਦਰਮਿਆਨ ਬਰਨਾਲਾ-ਮਾਨਸਾ ਮੁੱਖ ਸੜਕ ਤੇ ਸਥਿਤ ਟ੍ਰਾਈਡੈਂਟ ਗਰੁੱਪ ਧੌਲਾ ਫੈਕਟਰੀ ‘ਚ ਅਚਾਨਕ ਅੱਗ ਲੱਗ ਗਈ। ਦੇਖਦਿਆਂ ਦੀ ਦੇਖਦਿਆਂ ਅੱਗ ਨੇ ਐਨਾ ਭਿਆਨਕ ਰੂਪ ਧਾਰ ਲਿਆ ਕਿ ਫੈਕਟਰੀ ਦਾ ਚੁਫੇਰਾ ਲਾਟਾਂ ਕਾਰਣ ਲਾਲੋ ਲਾਲ ਹੋ ਗਿਆ। ਖਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਣਾਂ ਦਾ ਕੋਈ ਪਤਾ ਨਹੀਂ ਲੱਗਿਆ, ਉੱਧਰ ਫੈਕਟਰੀ ਦੇ ਮਾਲਿਕ ਰਜਿੰਦਰ ਗੁਪਤਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ , ਫੈਕਟਰੀ ਵਿੱਚ ਸਾਰੇ ਸੁਰੱਖਿਅਤ ਹਨ, ਮੈਂ ਖੁਦ ਵੀ ਅੰਦਰ ਹੀ ਸੀ,ਅਫਵਾਹਾਂ ਤੋਂ ਸੁਚੇਤ ਰਹੋ । ਉਨ੍ਹਾਂ ਫੈਕਟਰੀ ਦਾ ਗੇਟ ਘੇਰੀ ਖੜ੍ਹੇ ਲੋਕਾਂ ਨੂੰ ਕਿਹਾ ਹੈ ਕਿ ਇੱਥੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਕ੍ਰਿਪਾ ਕਰਕੇ, ਗੇਟ ਤੋਂ ਹਟ ਜਾਓ,ਅਜਿਹਾ ਕਰਨ ਨਾਲ ਬਚਾਅ ਕੰਮ ਪ੍ਰਭਾਵਿਤ ਹੋ ਰਿਹਾ ਹੈ। ਇਹ ਉਹ ਮੈਸਜ ਹੈ, ਜਿਹੜਾ ਰਜਿੰਦਰ ਗੁਪਤਾ ਨੇ, ਲੋਕਾਂ ਦੇ ਨਾਂ ਭੇਜਿਆ ਹੈ। ਪਰੰਤੂ ਕਰੀਬ ਦੋ ਘੰਟੇ ਪਹਿਲਾਂ ਲੱਗੀ ਅੱਗ ਤੇ ਕਾਫੀ ਜੱਦੋਜਹਿਦ ਦੇ ਬਾਵਜੂਦ ਵੀ ਕਾਬੂ ਨਹੀਂ ਪਾਇਆ ਜਾ ਸਕਿਆ। ਅੱਗ ਬੁਝਾਉਣ ਲਈ, ਫੈਕਟਰੀ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੋਂ ਇਲਾਵਾ,ਬਰਨਾਲਾ, ਤਪਾ, ਸੰਗਰੂਰ ਅਤੇ ਹੋਰ ਇਲਾਕਿਆਂ ‘ਚੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਤੇ ਕਾਬੂ ਪਾਉਣ ਲੱਗੀਆਂ ਹੋਈਆਂ ਹਨ। ਫੈਕਟਰੀ ਪ੍ਰਬੰਧਕਾਂ ਤੋਂ ਇਲਾਵਾ ਜਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਦੇ ਅਧਿਕਾਰੀ ਵੀ ਮੌਕਾ ਪਰ ਪਹੁੰਚ ਕੇ, ਬਚਾਓ ਕੰਮਾਂ ਵਿੱਚ ਲੱਗੇ ਹੋਏ ਹਨ। ਅੱਗ ਨੇ ਐਨਾ ਭਿਆਨਕ ਰੂਪ ਧਾਰਿਆ ਹੋਇਆ ਸੀ ਕਿ ਫੈਕਟਰੀ ਦੇ ਚੁਫੇਰੇ,ਕਰੀਬ 20 ਕਿਲੋਮੀਟਰ ਦੇ ਪਿੰਡਾਂ ‘ਚੋਂ ਵੀ,ਆਸਮਾਨ ‘ਚ ਲਾਲ ਰੰਗ ਦਿਖਾਈ ਦੇ ਰਿਹਾ ਸੀ। ਟ੍ਰਾਈਡੈਂਟ ਗਰੁੱਪ ਉਦਯੋਗ ਦੇ ਸੀਨੀਅਰ ਅਧਿਕਾਰੀ ਦੀਪਕ ਗਰਗ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੇਪਰ ਯੂਨਿਟ ਦੇ ਰਾਅ ਮੈਟੀਰੀਅਲ ਵਾਲੇ ਖੇਤਰ ਵਿੱਚ ਸਟੋਰ ਕੀਤੀ ਤੂੜੀ ਨੂੰ ਇਹ ਅੱਗ ਲੱਗ ਕੇ ਅੱਗੇ ਫੈਲਣੀ ਸ਼ੁਰੂ ਹੋ ਗਈ ਸੀ। ਉਨਾਂ ਦੱਸਿਆ ਕਿ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਅੱਗ ਵਾਲੇ ਖੇਤਰ ਨੇੜਿਉਂਂ ਸਾਰਿਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਦੇ ਕਾਰਣਾਂ ਦਾ ਹਾਲੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ, ਪਰੰਤੂ ਤੂਫਾਨ ਨੁਮਾ ਤੇਜ਼ ਹਨੇਰੀ ਕਾਰਣ, ਅੱਗ ਤੇ ਕਾਬੂ ਪਾਉਣਾ ਕਾਫੀ ਮੁਸ਼ਕਿਲ ਜਰੂਰ ਹੋਇਆ ਹੈ। ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਰ ਦੀ ਕੋਈ ਗੱਲ ਨਹੀਂ, ਉਮੀਦ ਹੈ, ਛੇਤੀ ਹੀ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਅੱਗ ਤੇ ਪੂਰੀ ਤਰਾਂ ਨਾਲ ਕਾਬੂ ਪਾ ਲਿਆ ਜਾਵੇਗਾ। ਉਨ੍ਹਾਂ ਤਰਾਂ ਤਰਾਂ ਦੀਆਂ ਅਫਵਾਹਾਂ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਅਫਵਾਹਾਂ ਫੈਲਾਉਣ ਵਾਲਿਆਂ ਤੋਂ ਸਾਵਧਾਨ ਰਹੋ।