ਭਗਵੰਤ ਮਾਨ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰਜ ਵਿਰੋਧੀ ਰਵੱਈਏ ਖ਼ਿਲਾਫ਼ ਸੰਘਰਸ਼ ਜਾਰੀ ਰਹੇਗਾ-ਸਿੰਦਰ ਧੌਲਾ
ਅਦੀਸ਼ ਗੋਇਲ , ਬਰਨਾਲਾ 5 ਜੂਨ 2024
ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਅਤੇ ਟਰਾਂਸਕੋ ਸ਼ਹਿਰੀ ਅਤੇ ਦਿਹਾਤੀ ਮੰਡਲ ਬਰਨਾਲਾ ਦੀ ਇਕੱਤਰਤਾ ਪੈਨਸ਼ਨਰਜ਼ ਦਫ਼ਤਰ ਧਨੌਲਾ ਰੋਡ ਬਰਨਾਲਾ ਵਿਖੇ ਮੇਲਾ ਸਿੰਘ ਕੱਟੂ ਦੀ ਪ੍ਰਧਾਨਗੀ ਹੇਠ ਹੋਈ । ਇਸ ਸਮੇਂ ਸੰਬੋਧਨ ਕਰਦਿਆਂ ਬੁਲਾਰਿਆਂ ਸੂਬਾ ਆਗੂ ਸਿੰਦਰ ਧੌਲਾ, ਹਰਨੇਕ ਸਿੰਘ ਸੰਘੇੜਾ, ਜੱਗਾ ਸਿੰਘ, ਰੂਪ ਚੰਦ ਤਪਾ, ਨਰਾਇਣ ਦੱਤ, ਗੌਰੀ ਸ਼ੰਕਰ, ਜੋਗਿੰਦਰ ਪਾਲ, ਅਬਜਿੰਦਰ ਸਿੰਘ ਆਦਿ ਆਗੂਆਂ ਨੇ ਭਾਵੇਂ 18ਵੀਆਂ ਲੋਕ ਸਭਾ ਦਾ ਚੋਣਾਂ ਦਾ ਅਮਲ ਪੂਰਾ ਹੋਣ ਉਪਰੰਤ ਨਵੀਂ ਕੇਂਦਰੀ ਸਰਕਾਰ ਬਨਣ ਜਾ ਰਹੀ ਹੈ। ਪਰ ਕੇਂਦਰ ਅਤੇ ਪੰਜਾਬ ਸਰਕਾਰ ਦੀ ਨੀਤੀ ਕਾਰਪੋਰੇਟ ਘਰਾਣਿਆਂ ਪੱਖੀ ਅਤੇ ਲੋਕ-ਮੁਲਾਜਮ ਵਿਰੋਧੀ ਹੀ ਰਹੇਗੀ। ਮਿਹਨਤਕਸ਼ ਲੋਕਾਈ ਨੂੰ ਆਪਣੇ ਬੁਨਿਆਦੀ ਮਸਲਿਆਂ ਨੂੰ ਹੱਲ ਕਰਵਾਉਣ ਲਈ ਸੰਘਰਸ਼ ਤੇ ਟੇਕ ਰੱਖਣ ਦੀ ਲੋੜ ਹੈ। ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜ਼ਮੈਂਟ ਵੱਲੋਂ ਪੈਨਸ਼ਨਰਜ਼ ਦੀਆਂ ਮੰਗਾਂ ਜਿਵੇਂ ਕਿ ਛੇਵੇਂ ਨੇ ਕਮਿਸ਼ਨ ਦੀ ਰਿਪੋਰਟ ਅਨੁਸਾਰ ਸਾਢੇ ਪੰਜ ਸਾਲ ਦਾ ਬਕਾਇਆ ਨਾ ਦੇਣ, ਮਿਤੀ 1-1-16 ਤੋਂ ਪਹਿਲਾਂ ਰਿਟਾਇਰ ਹੋਏ ਕਾਮਿਆਂ ਨੂੰ 2.59 ਦੇ ਗੁਣਾਂਕ ਨਾਲ ਪੈਨਸ਼ਨ ਲਾਗੂ ਨਾ ਕਰਨ, ਮਹਿੰਗਾਈ ਭੱਤੇ ਵਿੱਚ ਕੇਂਦਰ ਦੀ ਤਰਜ਼ ਤੇ 3 ਕਿਸ਼ਤਾਂ ਅਤੇ ਉਨ੍ਹਾਂ ਦਾ ਬਕਾਇਆ ਨਾ ਦੇਣ , ਕੈਸ਼ਲੈਸ ਮੈਡੀਕਲ ਸਕੀਮ ਲਾਗੂ ਨਾ ਕਰਨ, ਕਮਿਊਟ ਕਟੌਤੀ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਕੀਤੇ ਫੈਸਲੇ ਅਨੁਸਾਰ ਦਸ ਸਾਲ ਬਾਅਦ ਹਰ ਪੈਨਸ਼ਨਰਜ਼ ਦੀ ਕਟੌਤੀ ਬੰਦ ਕਰਨ, ਠੇਕੇਦਾਰੀ ਸਿਸਟਮ ਖ਼ਿਲਾਫ਼ ਸੰਘਰਸ਼ ਸਮੇਂ ਕੀਤੀ ਵਿਕਟੇਮਾਈਜੇਸਨਾਂ ਦੂਰ ਨਾ ਕਰਨ ਦੀ ਪੰਜਾਬ ਸਰਕਾਰ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸੰਘਰਸ਼ ਨੂੰ ਤੇਜ਼ ਕਰਨ ਅਤੇ ਸੂਬਾ ਕਮੇਟੀ ਵੱਲੋਂ ਦਿੱਤੇ ਸੰਘਰਸ਼ ਸੱਦਿਆ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਕੀਤੀ। ਇੱਕ ਮਤੇ ਰਾਹੀਂ ਐਸਕੇਐਮ ਦੇ ਸੱਦੇ ਅਨੁਸਾਰ ਫਿਰੋਜ਼ਪੁਰ ਤੋਂ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸੋਢੀ ਨੂੰ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਦੀ ਅਗਵਾਈ ਵਿੱਚ ਸਵਾਲ ਪੁੱਛਣ ਵਾਲੇ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਖੱਜਲ ਖੁਆਰ ਕਰਨ ਅਤੇ ਹਰਨੇਕ ਸਿੰਘ ਮਹਿਮਾ ਨੂੰ ਇੱਕ 8 ਸਾਲ ਪੁਰਾਣੇ ਕੇਸ ਵਿੱਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਬਿਨ੍ਹਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਗਈ। ਸਟੇਜ ਸਕੱਤਰ ਦੇ ਫਰਜ਼ ਗੁਰਚਰਨ ਸਿੰਘ ਨੇ ਨਿਭਾਏ। ਇਸ ਸਮੇਂ ਬਹਾਦਰ ਸਿੰਘ, ਰਜਿੰਦਰ ਸਿੰਘ, ਰਾਮ ਸਿੰਘ, ਰਾਮਪਾਲ ਸਿੰਘ, ਪਿਆਰਾ ਸਿੰਘ, ਸਿਕੰਦਰ ਸਿੰਘ, ਜਗਰਾਜ ਸਿੰਘ, ਜੀਤ ਸਿੰਘ , ਗੁਰਚਰਨ ਸਿੰਘ, ਜਗਮੀਤ ਸਿੰਘ ਆਦਿ ਆਗੂਆਂ ਨੇ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਗੁਰੂ ਅਰਜਨ ਦੇਵ ਜੀ ਅਦੁੱਤੀ ਸ਼ਹਾਦਤ ਨੂੰ ਯਾਦ ਕੀਤਾ। ਉਨ੍ਹਾਂ ਤੋਂ ਪ੍ਰੇਰਨਾ ਹਾਸਲ ਕਰ ਅੱਜ ਦੇ ਜਹਾਂਗੀਰ ਰੂਪੀ ਕੇਂਦਰ ਅਤੇ ਸੂਬਾਈ ਸਰਕਾਰਾਂ ਦੀਆਂ ਜਨ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ।