ਰਿੰਕੂ ਝਨੇੜੀ, ਸੰਗਰੂਰ 25 ਅਪ੍ਰੈਲ 2024
ਅਧਿਆਪਕਾਂ ਦੇ ਸਾਂਝੇ ਮੋਰਚੇ, ਸੰਯੁਕਤ ਕਿਸਾਨ ਮੋਰਚੇ, ਭਰਾਤਰੀ ਮਜ਼ਦੂਰ ਅਤੇ ਜਨਤਕ ਜ਼ਮਹੂਰੀ ਜਥੇਬੰਦੀਆਂ ਦੀਆਂ ਸੰਗਰੂਰ ਇਕਾਈਆਂ ਵੱਲੋਂ ਅੱਜ ਬੀਤੀ 16 ਫਰਵਰੀ ਦੇ ਭਾਰਤ ਬੰਦ ਮੌਕੇ ਟਰੇਡ ਜਥੇਬੰਦੀਆਂ ਦੇ ਸੱਦੇ ‘ਤੇ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੋਏ ਬਲਾਕ ਦੇ ਅਧਿਆਪਕਾਂ ਦੀਆਂ ਹੜਤਾਲ ਵਾਲੇ ਦਿਨਾਂ ਦੀਆਂ ਤਨਖਾਹਾਂ ਕੱਟਣ ਦੇ ਰੋਸ ਵਜੋਂ ਬੀ.ਪੀ.ਈ.ਓ. ਬਲਾਕ ਸੰਗਰੂਰ -1 ਦੀ ਅਰਥੀ ਅੱਜ ਰੋਸ ਮਾਰਚ ਕਰਕੇ ਸਥਾਨਕ ਫੁਹਾਰਾ ਚੌਕ ਵਿਖੇ ਫੂਕੀ ਗਈ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਡੀ.ਟੀ.ਐੱਫ. (ਸਬੰਧਤ ਡੀ.ਐੱਮ.ਐੱਫ) ਦੇ ਸੂਬਾ ਮੀਤ ਆਗੂ ਰਘਵੀਰ ਭਵਾਨੀਗੜ੍ਹ, ਅਮਨ ਵਸ਼ਿਸ਼ਟ, ਸੁਖਬੀਰ ਖਨੌਰੀ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਆਗੂ ਦੇਵੀ ਦਿਆਲ, ਸਰਬਜੀਤ ਪੁੰਨਵਾਲ, ਸਤਵੰਤ ਆਲਮਪੁਰ, ਸੋਨੂੰ ਸਿੰਘ, ਡੀ.ਟੀ.ਐੱਫ. ਦੇ ਬਲਬੀਰ ਲੌਂਗੋਵਾਲ, ਦਾਤਾ ਸਿੰਘ ਨਮੋਲ, ਸੁਖਜਿੰਦਰ ਸੰਗਰੂਰ, ਬੀ.ਕੇ.ਯੂ. ਉਗਰਾਹਾਂ ਦੇ ਗੁਰਦੀਪ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਕੁਲਦੀਪ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਧਰਮਪਾਲ ਨਮੋਲ, ਜ਼ਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਜਗਜੀਤ ਭੁਟਾਲ, ਵਿਸ਼ਵ ਕਾਂਤ, ਦੇਸ਼ ਭਗਤ ਯਾਦਗਾਰ ਲੌਂਗੋਵਾਲ ਦੇ ਜੁਝਾਰ ਲੌਂਗੋਵਾਲ, ਤਰਕਸ਼ੀਲ ਸੁਸਾਇਟੀ ਦੇ ਮਾਸਟਰ ਪਰਮਵੇਦ, ਪੀ.ਐੱਸ.ਐੱਸ.ਐੱਫ. ਦੇ ਰਜਿੰਦਰ ਅਕੋਈ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ, ਮਜ਼ਦੂਰ ਜਥੇਬੰਦੀਆਂ, ਜਨਤਕ ਜ਼ਮਹੂਰੀ ਜਥੇਬੰਦੀਆਂ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ 16 ਫਰਵਰੀ ਦੇ ਭਾਰਤ ਬੰਦ ਦੀ ਕਾਲ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ ਸਮੇਤ ਦੇਸ਼ ਦੀ ਸਮੁੱਚੀ ਜਨਤਾ ਦੇ ਹੱਕੀ ਮਸਲਿਆਂ ਨੂੰ ਲੈ ਕੇ ਦਿੱਤੀ ਗਈ ਸੀ ਜਿਸ ਵਿੱਚ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਹੜਤਾਲ ਕਰਕੇ ਸ਼ਮੂਲੀਅਤ ਕੀਤੀ ਸੀ। ਸੰਗਰੂਰ ਜ਼ਿਲ੍ਹੇ ਵਿੱਚੋਂ ਵੀ ਵੱਡੀ ਗਿਣਤੀ ਅਧਿਆਪਕਾਂ ਸਮੇਤ ਮੁਲਾਜ਼ਮਾਂ ਨੇ ਹੜਤਾਲ ਕੀਤੀ ਸੀ। ਜ਼ਿਲ੍ਹੇ ਵਿੱਚ ਤਿੰਨ ਬੀ.ਪੀ.ਈ.ਓਜ਼. ਨੂੰ ਛੱਡ ਕੇ ਹੋਰ ਕਿਸੇ ਵੀ ਡੀ.ਡੀ.ਓ. ਨੇ ਹੜਤਾਲ ਵਾਲੇ ਅਧਿਆਪਕਾਂ ਦੀ ਤਨਖਾਹ ਨਹੀਂ ਕੱਟੀ। ਇਹਨਾਂ ਤਿੰਨ ਬੀ.ਪੀ.ਈ.ਓਜ਼. ਵਿੱਚ ਸੰਗਰੂਰ -1 ਬਲਾਕ ਬੀ.ਪੀ.ਈ.ਓ. ਵੀ ਸ਼ਾਮਲ ਹੈ। ਆਗੂਆਂ ਨੇ ਕਿਹਾ ਕਿ ਅਧਿਆਪਕਾਂ ਦੀ ਤਨਖਾਹ ਕੱਟ ਕੇ ਉਕਤ ਅਧਿਕਾਰੀ ਨੇ ਆਪਣਾ ਲੋਕ ਵਿਰੋਧੀ ਕਿਰਦਾਰ ਦਿਖਾਇਆ ਹੈ। ਇਹ ਬੀ.ਪੀ.ਈ.ਓ. ਪਿਛਲੇ ਸਮੇਂ ਵਿੱਚ ਵੀ ਅਧਿਆਪਕ ਵਿਰੋਧੀ ਕਾਰਵਾਈਆਂ ਕਰਦਾ ਰਿਹਾ ਹੈ ਅਤੇ ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਦੀਆਂ ਵਰਦੀਆਂ ਦੀ ਖਰੀਦ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਵੀ ਕਰ ਰਿਹਾ ਹੈ ਪ੍ਰੰਤੂ ਆਪਣੀ ਇਸ ਕਾਰਵਾਈ ਨਾਲ ਇਹ ਸਮੁੱਚੇ ਮੁਲਾਜ਼ਮ ਵਰਗ ਸਮੇਤ ਲੋਕ ਮੁੱਦਿਆਂ ਨੂੰ ਹੱਲ ਕਰਾਉਣ ਲਈ ਬਣ ਰਹੀ ਲੋਕ ਲਹਿਰ ਦੇ ਵਿਰੁੱਧ ਭੁਗਤਿਆ ਹੈ। ਇਸ ਲਈ ਜ਼ਰੂਰੀ ਹੈ ਕਿ ਇਸ ਅਫ਼ਸਰ ਦਾ ਚਿਹਰਾ ਲੋਕਾਂ ਦੀ ਕਚਿਹਰੀ ਵਿੱਚ ਨੰਗਾ ਕੀਤਾ ਜਾਵੇ। ਇਸ ਤੋਂ ਇਲਾਵਾ ਇੱਕ ਪਾਸੇ ਤਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਵੱਲੋਂ ਜਥੇਬੰਦੀਆਂ ਨੂੰ ਦਿੱਤੀ ਜਾਣਕਾਰੀ ਅਨੁਸਾਰ ਇਸ ਬੀ.ਪੀ.ਈ.ਓ. ਨੇ ਹੜਤਾਲ ਵਾਲੇ ਤਨਖਾਹ ਦੇਣ ਸਬੰਧੀ ਉਹਨਾਂ ਦੇ ਦਫ਼ਤਰ ਤੋਂ ਅਗਵਾਈ ਮੰਗੀ ਸੀ ਅਤੇ ਉਹਨਾਂ ਨੇ ਅਗਵਾਈ ਸਬੰਧੀ ਪੱਤਰ ਡਾਇਰੈਕਟਰ ਦੇ ਦਫ਼ਤਰ ਨੂੰ ਭੇਜ ਦਿੱਤਾ ਸੀ ਅਤੇ ਉਸਦਾ ਹਾਲੇ ਕੋਈ ਜਵਾਬ ਨਹੀਂ ਆਇਆ ਹੈ। ਇਸ ਤਰ੍ਹਾਂ ਇਸ ਅਧਿਕਾਰੀ ਨੇ ਬਿਨਾਂ ਉੱਚ ਅਧਿਕਾਰੀਆਂ ਦੀ ਅਗਵਾਈ ਉਡੀਕਿਆਂ ਆਪਣੀ ਮਨਮਰਜ਼ੀ ਨਾਲ ਅਧਿਆਪਕਾਂ ਦੀ ਤਨਖਾਹ ਕੱਟੀ ਹੈ। ਜਥੇਬੰਦੀਆਂ ਨੇ ਇਸ ਅਧਿਕਾਰੀ ਦੇ ਅਧਿਆਪਕ ਵਿਰੋਧੀ ਕਿਰਦਾਰ ਅਤੇ ਬਲਾਕ ਵਿੱਚ ਇਸ ਦੀਆਂ ਬੇਨਿਯਮੀਆਂ ਕਰਵਾਈਆਂ ਵਿਰੁੱਧ ਮੋਰਚਾ ਵਿੱਢਿਆ ਹੋਇਆ ਹੈ ਜਿਸਦੇ ਚੱਲਦੇ ਜਥੇਬੰਦੀਆਂ ਨਾਲ ਰੰਜਿਸ਼ ਦੇ ਤਹਿਤ ਇਸ ਨੇ ਅਧਿਆਪਕਾਂ ਦੀ ਤਨਖਾਹ ਕੱਟੀ ਹੈ।ਆਗੂਆਂ ਨੇ ਕਿਹਾ ਕਿ ਉਹ 29 ਅਪ੍ਰੈਲ ਨੂੰ ਇੱਕ ਵੱਡੇ ਵਫ਼ਦ ਦੇ ਰੂਪ ਵਿੱਚ ਇਸ ਮਸਲੇ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਨੂੰ ਮਿਲ ਰਹੇ ਹਨ। ਜੇਕਰ ਫੇਰ ਵੀ ਮਸਲਾ ਹੱਲ ਨਹੀਂ ਹੁੰਦਾ ਤਾਂ ਉਹ ਵੱਡੀ ਲਾਮਬੰਦੀ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਵਿਖੇ ਵੱਡਾ ਜਥੇਬੰਦਕ ਐਕਸ਼ਨ ਕੀਤਾ ਜਾਵੇਗਾ।
ਇਸ ਅਰਥੀ ਫੂਕ ਪ੍ਰਦਰਸ਼ਨ ਵਿੱਚ ਉਕਤ ਜਥੇਬੰਦੀਆਂ ਦੇ ਹੋਰ ਆਗੂਆਂ ਸਵਰਨਜੀਤ ਸਿੰਘ, ਗੁਰਬਖਸ਼ੀਸ਼ ਬਰਾੜ, ਫ਼ਕੀਰ ਟਿੱਬਾ, ਬੱਗਾ ਸਿੰਘ, ਚਮਕੌਰ ਮਹਿਲਾਂ, ਬਲਜੀਤ ਨਮੋਲ, ਪਵਨ ਕੁਮਾਰ ਸੁਨਾਮ, ਅਮਰੀਕ ਖੋਖਰ, ਮੱਖਣ ਤੋਲਾਵਾਲ, ਖੁਰਾਣਾ ਟੈਂਕੀ ਮੋਰਚੇ ਦੇ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਜਥੇਬੰਦੀਆਂ ਦੇ ਕਾਰਕੁੰਨ ਸ਼ਾਮਲ ਹੋਏ।