ਬੇਰੁਜ਼ਗਾਰਾਂ ਨੇ ਮੀਤ ਨੂੰ ਦਿੱਤਾ ਮੰਗ ਪੱਤਰ, ਸਰਕਾਰ ਦੀ ਕਾਰਗੁਜ਼ਾਰੀ ਉੱਤੇ ਚੁੱਕੇ ਸਵਾਲ
ਹਰਿੰਦਰ ਨਿੱਕਾ, ਬਰਨਾਲਾ 7 ਅਪ੍ਰੈਲ 2024
ਪੰਜਾਬੀ ਲੋਕ ਗਾਇਕ ਲਾਭ ਹੀਰਾ ਦੇ ਮਕਬੂਲ ਗੀਤ, ” ਜੋ ਮਰਜੀ ਕਰਨੈ, ਕਰ ਲਈਂ, ਵੰਝ ਬਰਾਬਰ ਗੱਡਾਂਗੇ ” , ਜੀ ਹਾਂ ਅੱਜ ਅਜਿਹਾ ਹੀ ਵੱਝ ਬਰਾਬਰ ਗੱਡਕੇ, ਬੇਰੁਜਗਾਰਾਂ ਨੇ ਕੈਬਨਿਟ ਮੰਤਰੀ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੁਰਾਂ ਨੂੰ ਅਤੇ ਪ੍ਰਸ਼ਾਸ਼ਨ ਨੂੰ ਵਖਤ ਪਾ ਦਿੱਤਾ। ਆਮ ਆਦਮੀ ਪਾਰਟੀ ਵੱਲੋਂ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਆਪਣੇ ਕੌਮੀ ਲੀਡਰ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਡੱਕੇ ਜਾਣ ਦੇ ਰੋਸ ਵਜੋਂ ਅਸ਼ੀਰਵਾਦ ,,ਦੇਣ ਹਿੱਤ ਸਮੂਹਿਕ ਭੁੱਖ ਹੜਤਾਲ ਪ੍ਰੋਗਰਾਮ ਰੱਖਿਆ ਗਿਆ ਸੀ । ਜਦੋਂਕਿ ਦੂਜੇ ਬੰਨੇ, ਪੰਜ ਬੇਰੁਜ਼ਗਾਰ ਜਥੇਬੰਦੀਆਂ ਉੱਤੇ ਆਧਾਰਿਤ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਵੀ, ਕਚਹਿਰੀ ਕੰਪਲੈਕਸ ਵਿੱਚ ਹੀ , ਆਮ ਆਦਮੀ ਪਾਰਟੀ ਦੀ ਰੱਖੀ ਭੁੱਖ ਹੜਤਾਲ ਦੇ ਬਰਾਬਰ ਸਟੇਜ ਚਲਾ ਕੇ ਰੋਸ ਜ਼ਾਹਿਰ ਕੀਤਾ। ਇਸ ਮੌਕੇ ਪੰਜਾਬ ਦੇ ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਦੀ ਦੋ ਸਾਲ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਜਨਤਾ ਦੀ ਕਚਹਿਰੀ ਵਿੱਚ ਰੱਖਣ ਅਤੇ ਆਉਂਦੇ ਤਿੰਨ ਸਾਲਾਂ ਵਿੱਚ ਰੁਜ਼ਗਾਰ ਦੇ ਮਸਲੇ ਉੱਤੇ ਸਰਕਾਰ ਨੂੰ ਗੰਭੀਰ ਹੋਣ ਦੀ ਚਿਤਾਵਨੀ ਦੇਣ ਦਾ ਐਲਾਨ ਕਰਦਿਆਂ ਆਪਣਾ ਸੰਘਰਸ਼ ਵਿੱਢ ਦਿੱਤਾ।
ਬੇਰੁਜ਼ਗਾਰਾਂ ਨੇ ਸਾਬਕਾ ਸਿੱਖਿਆ ਮੰਤਰੀ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਉੱਪਰ ਦੋਸ਼ ਲਗਾਇਆ ਕਿ ਉਹਨਾਂ ਦੀ ਕੋਠੀ ਅੱਗੇ ਅਨੇਕਾਂ ਵਾਰ ਜ਼ਬਰ ਕੀਤਾ। ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਸਵੰਤ ਸਿੰਘ ਘੁਬਾਇਆ, ਹਰਜਿੰਦਰ ਸਿੰਘ ਝੁਨੀਰ ਅਤੇ ਅਮਨ ਸੇਖਾ ਨੇ ਦੱਸਿਆ ਕਿ ਪੰਜਾਬ ਦੀ ਸਰਕਾਰ ਨੇ ਦੋ ਸਾਲ ਵਿੱਚ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਇੱਕ ਵੀ ਭਰਤੀ ਨਹੀਂ ਕੀਤੀ ਸਗੋਂ ਪਿਛਲੀ ਸਰਕਾਰ ਮੌਕੇ ਦੀਆਂ ਜਾਰੀ ਭਰਤੀਆਂ ਨੂੰ ਲਟਕਾਇਆ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਰੁਜ਼ਗਾਰ ਦਾ ਵਾਅਦਾ ਲੈਕੇ ਸੱਤਾ ਵਿਚ ਆਈ ਸਰਕਾਰ ਨੇ ਰੁਜ਼ਗਾਰ ਦੇਣ ਦੀ ਬਜਾਏ ਅਨੇਕਾਂ ਵਾਰ ਮੁੱਖ ਮੰਤਰੀ ਦੀ ਕੋਠੀ ਅੱਗੇ ਸੰਗਰੂਰ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਕੋਠੀ ਅੱਗੇ ਗੰਭੀਰ ਪੂਰਾ ਵਿਖੇ ਪੰਜਾਬ ਦੀ ਪੜੀ ਲਿਖੀ ਬੇਰੁਜ਼ਗਾਰ ਨੌਜਵਾਨੀ ਉੱਤੇ ਜ਼ਬਰ ਕੀਤਾ ਹੈ,ਜਿਸਦਾ ਖਮਿਆਜ਼ਾ ਇਹਨਾ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ।ਉਹਨਾਂ ਕਿਹਾ ਕਿ ਸਰਕਾਰ ਨੇ ਜੇਕਰ ਬਾਕੀ ਬਚੇ ਤਿੰਨ ਸਾਲਾਂ ਵਿੱਚ ਭਰਤੀ ਨਾ ਕੀਤੀ ਤਾਂ ਪੰਜਾਬ ਦੇ ਬੇਰੁਜ਼ਗਾਰ ਹਰੇਕ ਮੋੜ ਉੱਤੇ ਸਰਕਾਰ ਨੂੰ ਘੇਰਨਗੇ।
ਇਸ ਮੌਕੇ ਮੀਤ ਹੇਅਰ ਨੇ ਜਿਉਂ ਹੀ ਬੇਰੁਜ਼ਗਾਰਾਂ ਤੋ ਮੰਗ ਪੱਤਰ ਪ੍ਰਾਪਤ ਕਰਨਾ ਚਾਹਿਆ ਤਾਂ ਬੇਰੁਜ਼ਗਾਰਾਂ ਨੇ ਉਨਾਂ ਨੂੰ ਤਿੱਖੇ ਸਵਾਲਾਂ ਨਾਲ ਘੇਰਿਆ । ਬੇਰੁਜ਼ਗਾਰਾਂ ਨੇ ਪਿਛਲੇ ਸਮੇਂ ਸਥਾਨਕ ਮੀਤ ਹੇਅਰ ਦੀ ਕੋਠੀ ਅੱਗੇ ਹੋਏ ਲਾਠੀਚਾਰਜ,ਮੀਤ ਵੱਲੋਂ ਵਾਅਦਾ ਕਰਨ ਦੇ ਬਾਵਜੂਦ 55 ਪ੍ਰਤੀਸ਼ਤ ਰੱਦ ਨਾ ਕਰਨ,ਆਰਟ ਐਂਡ ਕਰਾਫਟ ਦਾ ਪੇਪਰ ਨਾ ਲੈਣ ਅਤੇ ਉਮਰ ਹੱਦ ਛੋਟ ਨਾ ਦੇਣ ਉੱਤੇ ਇਤਰਾਜ਼ ਜਿਤਾਇਆ। ਇਸ ਮੌਕੇ ਸੰਦੀਪ ਧੌਲਾ,ਗੁਰਵਿੰਦਰ ਸਿੰਘ, ਸਤਵੰਤ ਸਿੰਘ ਸੇਖਾ, ਨਿਰਮਲ ਮੋਗਾ,ਕੁਲਵਿੰਦਰ ਦਰਾਜ਼, ਗੁਰਪ੍ਰੀਤ ਧੂਰੀ, ਰਮਨਦੀਪ ਧੂਰੀ, ਸੁਖਵਿੰਦਰ ਪਾਲ ਸੇਖੂਵਾਸ,ਅਵਤਾਰ ਭੁੱਚੋ ਮੰਡੀ,ਮਨਪ੍ਰੀਤ ਕੌਰ ਭੁੱਚੋ,ਸੰਦੀਪ ਮੋਫਰ,ਮਨਦੀਪ ਭੱਦਲਵੱਢ,ਮਨੀਸ਼ ਫਾਜ਼ਿਲਕਾ,ਰੁਪਿੰਦਰ,ਨਵਦੀਪ ਰੋਮਾਣਾ,ਕੇਵਲ ਰਾਏਕੋਟ,ਰਮਨਜੀਤ ਕੌਰ ਜਗਰਾਓਂ, ਸੀਮਾ ਕੱਟੂ,ਸੰਦੀਪ ਮਾਨਸਾ,ਰਾਜ ਸੰਗਤੀਵਾਲਾ, ਗੁਰਵਿੰਦਰ ਸਿੰਘ,ਅਮਨਦੀਪ ਪੁਰੀ,ਸੁਰਿੰਦਰ ਕੌਰ, ਗੁਰਦੀਪ ਰਾਮਗੜ੍ਹ,ਮਨਪ੍ਰੀਤ ਕੌਰ,ਸੁਖਪਾਲ ਖਾਨ ਸੰਗਰੂਰ,ਰਣਬੀਰ ਨਦਾਮਪੁਰ, ਲਲਿਤਾ ਪਟਿਆਲਾ,ਪਲਵਿੰਦਰ ਸਿੰਘ ਕੁੱਤੀਵਾਲ ਆਦਿ ਹਾਜ਼ਰ ਸਨ।
ਇਹ ਨੇ, ਬੇਰੁਜਗਾਰਾਂ ਦੀਆਂ ਮੰਗਾਂ
1 – ਉਮਰ ਹੱਦ ਛੋਟ ਦੇ ਕੇ ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਭਰਤੀ ਕੀਤੀ ਜਾਵੇ।
2 – ਆਰਟ ਐਂਡ ਕਰਾਫਟ ਦਾ ਲਿਖਤੀ ਪੇਪਰ ਤੁਰੰਤ ਲਿਆ ਜਾਵੇ।
3 – ਮਲਟੀ ਪਰਪਜ਼ ਹੈਲਥ ਵਰਕਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਉਮਰ ਹੱਦ ਛੋਟ ਦੇ ਕੇ ਭਰਤੀ ਕੀਤੀ ਜਾਵੇ।
4- ਲੈਕਚਰਾਰ ਦੇ ਸਾਰੇ ਵਿਸ਼ਿਆਂ ਦੀ ਭਰਤੀ ,ਕੰਬੀਨੇਸ਼ਨ ਦਰੁਸਤ ਕਰਕੇ ਮੁੜ ਤੋ ਜਾਰੀ ਕੀਤੀ ਜਾਵੇ ਅਤੇ ਓਵਰ ਏਜ਼ ਹੋ ਚੁੱਕੇ ਉਮੀਦਵਾਰਾਂ ਨੂੰ ਮੌਕਾ ਦਿੱਤਾ ਜਾਵੇ।