ਅਦੀਸ਼ ਗੋਇਲ, ਬਰਨਾਲਾ 5 ਅਪ੍ਰੈਲ 2024
ਸ਼ਹਿਰ ਦੇ ਰੇਲਵੇ ਸਟੇਸ਼ਟ ਰੋਡ ਦੇ ਸਥਿਤ ਪੁਰਾਣੇ ਬੱਸ ਸਟੈਂਡ ਨੇੜੇ ਅੱਜ ਤੜ੍ਹਕੇ ਦਿਨ ਚੜ੍ਹਦਿਆਂ ਹੀ ਦੋ ਲੁਟੇਰੇ ਪਿਸਤੌਲ ਦੀ ਨੋਕ ਤੇ ਦੁਕਾਨਦਾਰ ਤੋਂ ਨਗਦੀ ਲੁੱਟ ਕੇ ਫਰਾਰ ਹੋ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਵਪਾਰੀਆਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਮੌਕਾ ਵਾਰਦਾਤ ਵਾਲੀ ਥਾਂ ਤੇ ਪਹੁੰਚ ਕੇ ਘਟਨਾ ਦੀ ਪੜਤਾਲ ਵਿੱਚ ਜੁਟ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਦੀ ਕੋਠੀ ਦੇ ਕਰੀਬ ਸਾਹਮਣੇ ਜੀਵਨ ਕੁਮਾਰ ਪੱਖੋ ਵਾਲਿਆਂ ਦੇ ਬੈਰੰਗ ਸਟੋਰ ਤੇ ਸਵੇਰੇ ਕਰੀਬ ਸਵਾ 6 ਵਜੇ, ਆਲਟੋ ਕਾਰ ਵਿੱਜ ਸਵਾਰ ਹੋ ਕੇ ਦੋ ਲੁਟੇਰੇ ਦੁਕਾਨ ਵਿੱਚ ਦਾਖਿਲ ਹੋਏ। ਜਿੰਨਾਂ ਨੇ ਦੁਕਾਨ ਦਾ ਸ਼ਟਰ ਬੰਦ ਕਰ ਲਿਆ ਅਤੇ ਦੁਕਾਨਦਾਰ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਇੱਕ ਲੁਟੇਰੇ ਨੇ ਪਿਸਤੌਲ ਕੱਢਿਆ ਤੇ ਦੁਕਾਨਦਾਰ ਤੋਂ ਜੋ ਕੁੱਝ ਵੀ ਹੈ, ਕੱਢ ਕੇ ਫੜ੍ਹਾ ਦੇਣ ਲਈ ਕਿਹਾ, ਦੁਕਾਨਦਾਰ ਪਿਸਤੌਲ ਦੇਖ ਕੇ ਸਹਿਮ ਗਿਆ ਅਤੇ ਲੁਟੇਰੇ ਕਾਊਂਟਰ ਦੇ ਦਰਾਜ ਵਿੱਚ ਪਈ ਕਰੀਬ 6/7 ਹਜ਼ਾਰ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ। ਦੁਕਾਨਦਾਰ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪਤਾ ਇਹ ਵੀ ਲੱਗਿਆ ਕਿ ਇਹੋ ਆਲਟੋ ਕਾਰ ਵਾਲਿਆਂ ਨੇ ਪਹਿਲਾਂ ਪੈਟ੍ਰੌਲ ਪੰਪ ਤੋਂ ਤੇਲ ਪੁਆਇਆ ਤੇ ਫਿਰ ਇੱਕ ਵਾਰ ਦੁਕਾਨ ਦੇ ਅੱਗਿਉਂ ਲੰਘ ਕੇ ਕਾਰ ਵਾਪਿਸ ਬੈਕ ਕਰਕੇ,ਦੁਕਾਨਦਾਰ ਕੋਲ ਆ ਗਏ। ਪੁਲਿਸ ਪਾਰਟੀ ਨੇੜੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਓ ਇੰਸਪੈਕਟਰ ਜਸਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਘਟਨਾ ਦੀ ਪੜਤਾਲ,ਅਤੇ ਦੁਕਾਨਦਾਰ ਦੇ ਬਿਆਨ ਦੇ ਅਧਾਰ ਪਰ, ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਦੋਸ਼ੀਆਂ ਦੀ ਸ਼ਨਾਖਤ ਕਰਕੇ,ਉਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।