ਸਰਕਾਰ ਭੁੱਕੀ ਦੇ ਬੰਦ ਪਏ ਠੇਕਿਆਂ ਨੂੰ ਖੋਲ੍ਹਣ ਦੇ ਰਾਹ ਪਈ……!

Advertisement
Spread information

ਭੁੱਕੀ ਛਕਣ ‘ਤੇ ਵੇਚਣ ਵਾਲਿਆਂ ਦੇ ਮਨਾਂ ’ਚ ਲੱਡੂ ਫੁੱਟਣੇ ਹੋ ਗਏ ਸ਼ੁਰੂ

ਅਸ਼ੋਕ ਵਰਮਾ , ਬਠਿੰਡਾ 20 ਜਨਵਰੀ 2024
     ਕੀ ਰਾਜਸਥਾਨ ਸਰਕਾਰ ਵੱਲੋਂ ਆਪਣੇ ਸੂਬੇ ’ਚ ਭੁੱਕੀ ਦੇ ਠੇਕਿਆਂ ਨੂੰ ਮੁੜ ਤੋਂ ਸੁਰਜੀਤ ਕਰਨ ਦਾ ਫੈਸਲਾ ਪਹਿਲਾਂ ਹੀ ਨਸ਼ਿਆਂ ਦੀ ਡਾਢੀ ਮਾਰ ਝੱਲ ਰਹੇ ਪੰਜਾਬ ਤੇ ਬੁਰੀ ਤਰਾਂ ਭਾਰੂ ਪੈਣ ਵਾਲਾ ਅਤੇ ਮਾਰੂ ਸਿੱਧ ਹੋਣ ਜਾ ਰਿਹਾ ਹੈ? ਰਾਜਸਥਾਨ ਸਰਕਾਰ ਦੇ ਆਬਕਾਰੀ ਵਿਭਾਗ ਵੱਲੋਂ ਲੰਘੀ 8 ਜਨਵਰੀ ਨੂੰ ਪੋਸਤ ਦੇ ਠੇਕੇ ਮੁੜ ਤੋਂ ਖੋਹਲਣ ਸਬੰਧੀ ਜਾਰੀ ਪੱਤਰ ਨੂੰ ਸੱਚ ਜਾਣੀਏ ਤਾਂ ਪੰਜਾਬੀਆਂ ਲਈ ਬੇਹੱਦ ਮੰਦਭਾਗੀ ਅਤੇ ਮਾੜੀ ਖਬਰ ਹੈ। ਰਾਜਸਥਾਨ ਸਰਕਾਰ ਦੇ ਆਬਕਾਰੀ ਵਿਭਾਗ ਵੱਲੋਂ ਜਾਰੀ ਇਹ ਪੱਤਰ ਸੋਸ਼ਲ ਮੀਡੀਆ ਤੇ ਅੱਗ ਦੇ ਭਾਂਬੜਾਂ ਵਾਂਗ ਵਾਇਰਲ ਹੋ ਰਿਹਾ ਹੈ। ਕੋਸ਼ਿਸ਼ ਕਰਨ ਦੇ ਬਾਵਜੂਦ ਇਸ ਪੱਤਰ ਦੇ ਅਸਲੀ ਹੋਣ ਜਾਂ ਨਾਂ ਹੋਣ ਦੀ ਪੁਸ਼ਟੀ ਨਹੀਂ ਹੋ ਸਕੀ ਪਰ ਪੱਤਰ ਦੀ ਸ਼ਬਦਾਵਲੀ ਨੇ ਸੁਹਿਰਦ ਪੰਜਾਬੀਆਂ ਨੂੰ ਭਾਰੇ ਫਿਕਰਾਂ ’ਚ ਡੋਬ ਦਿੱਤਾ ਹੈ।                                     
                        ਹਾਲਾਂਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਨਸ਼ਿਆਂ ਦੀ ਲਾਅਨਤ ਖਤਮ ਕਰਨ ਦੀ ਗੱਲ ਆਖ ਚੁੱਕੇ ਹਨ ਪਰ ਅਚਾਨਕ ਆਏ ਰਾਜਸਥਾਨ ਸਰਕਾਰ ਦੇ ਇਸ ਫੈਸਲੇ ਨਾਲ ਇਸ ਜੰਗ ਦੀ ਧਾਰ ਖੁੰਢੀ ਹੋਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਪੱਤਰ ਅਨੁਸਾਰ ਰਾਜਸਥਾਨ ’ਚ ਖੋਹਲੇ ਜਾਣ ਵਾਲੇ ਇੰਨ੍ਹਾਂ ਠੇਕਿਆਂ ਦੀ ਗਿਣਤੀ 120 ਹੈ ਜਿੰਨ੍ਹਾਂ ਨੂੰ ਸਾਲ 2017 ’ਚ ਰਾਜਸਥਾਨ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ। ਪੱਤਰ ’ਚ ਦੱਸਿਆ ਗਿਆ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਰਾਜਸਥਾਨ ’ਚ ਭੁੱਕੀ ਪੋਸਤ ਦੇ ਠੇਕਿਆਂ ਦੀ ਸ਼ੁਰੂਆਤ 15 ਫਰਵਰੀ 2024 ਤੋਂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਠੇਕਾ ਹਾਸਲ ਕਰਨ ਵਾਲਿਆਂ ਤੋਂ 25 ਜਨਵਰੀ ਤੱਕ ਅਰਜੀਆਂ ਮੰਗੀਆਂ ਗਈਆਂ ਹਨ ਜਿੰਨ੍ਹਾਂ ਦੀ ਸ਼ੁਰੂਆਤ 9 ਜਨਵਰੀ ਨੂੰ ਕੀਤੀ ਜਾ ਚੁੱਕੀ ਹੈ।
                     ਇਸ ਪੱਤਰ ਦੇ ਸਾਹਮਣੇ ਆਉਣ ਮਗਰੋਂ ਜਿੱਥੇ ਨਸ਼ਾ ਵਿਰੋਧੀ ਧਿਰਾਂ ਫਿਕਰਮੰਦ ਹੋਈਆਂ ਹਨ ਉੱਥੇ ਹੀ ਭੁੱਕੀ ਛਕਣ ਅਤੇ ਵਿੱਕਰੀ ਕਰਨ ਵਾਲਿਆਂ ਦੇ ਮਨਾਂ ’ਚ ਲੱਡੂ ਫੁੱਟਣੇ ਸ਼ੁਰੂ ਹੋ ਗਏ ਹਨ। ਨਸ਼ਾ ਵਿਰੋਧੀ ਲਹਿਰ ਦੇ ਇੱਕ ਕਾਰਕੁੰਨ ਨੇ ਦੱਸਿਆ ਕਿ ਰਾਜਸਥਾਨ ਹਾਈਕੋਰਟ ਦੇ ਫੈਸਲੇ ਨਾਲ ਭੁੱਕੀ ਦੇ ਸਰਕਾਰੀ ਠੇਕੇ ਬੰਦ ਹੋਣ ਤੋਂ ਬਾਅਦ ਪੰਜਾਬ ਨੂੰ ਮਿਲੀ ਮਾੜੀ ਮੋਟੀ ਰਾਹਤ ਹੁਣ ਇਨ੍ਹਾਂ ਠੇਕਿਆਂ ਦੇ  ਮੁੜ ਤੋਂ ਖੁੱਲ੍ਹਣ ਨਾਲ ਖਤਮ ਹੋ ਜਾਏਗੀ। ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ  ਪੰਜਾਬ ਪੁਲਿਸ ਵੱਲੋਂ ਭੁੱਕੀ ਪੋਸਤ ਦੀ ਤਸਕਰੀ  ਤੇ ਮੁਕੰਮਲ ਰੋਕ ਤਾਂ ਨਹੀਂ ਲਾਈ ਜਾ ਸਕੀ ਸੀ ਫਿਰ ਵੀ ਰਾਜਸਥਾਨ ਹਾਈਕੋਰਟ ਦੇ ਫੈਸਲੇ ਉਪਰੰਤ ਠੰਢੀ ਹਵਾ ਜਰੂਰ ਵਗੀ ਸੀ ਜਿਸ ਨੇ ਰਾਜਸਥਾਨ ਸਰਕਾਰ ਦੇ ਫੈਸਲੇ ਨਾਲ ਤੱਤੀ ਹੋ ਜਾਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਲਈ ਇਹ ਅਸ਼ੁਭ ਸ਼ਗਨ ਹੈ।                         
                      ਖਾਸ ਤੌਰ ਤੇ ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਜਿਲਿ੍ਹਆਂ ਤੋਂ ਇਲਾਵਾ ਮਾਲਵੇ ਲਈ ਤਾਂ ਸਮਝੋ ਖਤਰੇ ਦੀ ਘੰਟੀ ਵੱਜ ਗਈ ਹੈ। ਦੱਸਣਯੋਗ ਹੈ ਇਹ ਉਹ ਜਿਲ੍ਹੇ ਹਨ ਜਿੰਨ੍ਹਾਂ ਦੀ ਸਰਹੱਦ ਹਰਿਆਣਾ ਤੇ ਰਾਜਸਥਾਨ ਨਾਲ ਲਗਦੀ  ਹੈ ਅਤੇ ਨਸ਼ਿਆਂ ਦੀ ਮਾਰ ਵੀ ਇਸ ਤਰਫ ਜਿਆਦਾ ਹੈ। ਪੰਜਾਬ ਪੁਲਿਸ ਦੇ ਇੱਕ ਸੇਵਾਮੁਕਤ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਵੇਂ ਮੱਧ ਪ੍ਰਦੇਸ਼ ਸਮੇਤ ਹੋਰ ਵੀ ਥਾਵਾਂ ਤੋਂ ਪੰਜਾਬ ’ਚ  ਭੁੱਕੀ ਚੂਰਾ ਪੋਸਤ ਆਉਂਦਾ ਰਹਿੰਦਾ ਹੈ ਪਰ  ਜਿਆਦਾਤਰ ਸਪਲਾਈ ਰਾਜਸਥਾਨ ‘ਚੋਂ ਹੁੰਦੀ ਹੈ ਜਿਸ ਕਰਕੇ ਮਾਲਵੇ  ਨੂੰ ਨਸ਼ਿਆਂ ਦਾ ਵੱਡਾ ਸੰਤਾਪ ਭੋਗਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਪਹਿਲਾਂ ਹੀ ਨਸ਼ਿਆਂ ਖਿਲਾਫ ਲੜਾਈ ਲੜ ਰਹੀ ਹੈ ਜੋਕਿ ਪੋਸਤ ਦੇ ਠੇਕੇ ਖੁੱਲ੍ਹਣ ਮਗਰੋਂ ਹੋਰ ਵੀ ਤਿੱਖੀ ਕਰਨੀ ਹੋਵੇਗੀ ਨਹੀਂ ਤਾਂ ਨਸ਼ਾ ਤਸਕਰ ਇਸਦਾ ਲਾਹਾ ਉਠਾ ਸਕਦੇ ਹਨ।
                   ਬਠਿੰਡਾ ’ਚ ਭੁੱਕੀ ਵਰਤਣ ਵਾਲੇ ਇੱਕ ਅਮਲੀ ਨੇ ਦੱਸਿਆ ਕਿ ਨਸ਼ਿਆਂ ਨੇ ਉਨ੍ਹਾਂ ਨੂੰ ਆਰਥਿਕ ਤੌਰ ਤੇ ਝੰਬ ਦਿੱਤਾ ਹੈ ਫਿਰ ਵੀ ਛੱਡਿਆ ਨਹੀਂ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਭੁਕੀ ਛੱਡਣ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ’ਚ ਗਏ ਸਨ ਉਹ ਸਰਕਾਰੀ ਗੋਲੀ ਦੀ ਚਾਟ ਤੇ ਲੱਗ ਗਏ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਸਖ਼ਤੀ ਮਗਰੋਂ ਪੰਜਾਬ ਵਿੱਚ ਪੋਸਤ ਦੇ ਭਾਅ ਵਧ ਗਏ ਹਨ  ਅਤੇ ਮਿਲਦੀ ਵੀ ਨਹੀਂ ਜਿਸ ਨੂੰ ਲੈਣ ਲਈ ਸੌ ਪਾਪੜ ਵੇਲਣੇ ਪੈਂਦੇ ਹਨ। ਸੂਤਰ ਦੱਸਦੇ ਹਨ ਪੰਜਾਬ ਦੇ ਬਹੁਤੇ ਨਸ਼ਾ ਤਸਕਰਾਂ ਨੇ ਆਪਣੇ ਟਿਕਾਣੇ ਰਾਜਸਥਾਨ ਵਿੱਚ ਬਨਾਉਣੇ ਸ਼ੁਰੂ ਕਰ ਦਿੱਤੇ ਹਨ ਜੋ ਠੇਕੇ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ।  ਬਠਿੰਡਾ ਪੁਲਿਸ ਨੇ ਕੁੱਝ ਦਿਨ ਪਹਿਲਾਂ 22 ਕੁਇੰਟਲ ਭੁੱਕੀ ਫੜ੍ਹੀ ਸੀ ਜੋ ਰਾਜਸਥਾਨ ਦੇ ਕੋਟਾ ਤੋਂ ਲਿਆਂਦੀ ਸੀ।
                          ਸਮਾਜ ਲਈ ਬੇਹੱਦ ਮੰਦਭਾਗਾ
ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ  ਕਿ ਜੇਕਰ ਪੱਤਰ ਸਹੀ ਹੈ ਤਾਂ  ਰਾਜਸਥਾਨ ਸਰਕਾਰ ਦਾ ਇਹ ਕਦਮ ਪੰਜਾਬੀ ਸਮਾਜ ਲਈ ਬੇਹੱਦ ਮੰਦਭਾਗਾ ਅਤੇ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਅਸਲ ’ਚ ਸਰਕਾਰਾਂ ਨੂੰ ਇੰਨ੍ਹਾਂ ਪਦਾਰਥਾਂ ਤੋਂ ਮਾਲੀਆ ਮਿਲਦਾ ਹੋਣ ਕਰਕੇ ਵੀ ਭੁੱਕੀ ਸ਼ਰਾਬ ਲਈ ਰਾਹ ਖੋਹਲੇ ਜਾਂਦੇ ਹਨ। ਉਨ੍ਹਾਂ ਸਵਾਲ ਕੀਤਾ ਕਿ  ਰਾਜਸਥਾਨ ਵਿੱਚ ਕਿਹੜਾ ਨਸ਼ੇੜੀਆਂ ਦੀ ਗਿਣਤੀ ਘੱਟ ਹੈ ਫਿਰ ਵੀ ਨਸ਼ੇ ਦਾ ਪਸਾਰਾ ਕਰਨਾ ਕਿੰਨਾ ਕੁ ਜਾਇਜ ਹੈ। ਉਨ੍ਹਾਂ ਕਿਹਾ ਕਿ ਸਮਾਜਕ ਤਾਣੇ ਬਾਣੇ ਦੇ ਹਿੱਤ ’ਚ ਰਾਜਸਥਾਨ ਸਰਕਾਰ ਨੂੰ ਇਹ ਫੈਸਲਾ ਵਾਪਿਸ ਲੈ ਲੈਣਾ ਚਾਹੀਦਾ ਹੈ।

Advertisement
Advertisement
Advertisement
Advertisement
Advertisement
error: Content is protected !!