15 ਹੋਰ ਕੇਸਾਂ ‘ਚ ਜਾਇਦਾਦ ਜਬਤ ਕਰਨ ਲਈ ਪ੍ਰਕਿਰਿਆ ਜ਼ਾਰੀ…
ਅਸ਼ੋਕ ਵਰਮਾ , ਬਠਿੰਡਾ 14 ਜਨਵਰੀ 2024
ਬਠਿੰਡਾ ਪੁਲਿਸ ਨੇ ਥਾਣਾ ਨੰਦਗੜ੍ਹ ਅਧੀਨ ਪੈਂਦੇ ਪਿੰਡ ਚੁੱਘੇ ਕਲਾਂ ਵਿੱਚ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਨਸ਼ਾ ਤਸਕਰ ਦੀ 23 ਲੱਖ ਰੁਪਏ ਦੀ ਜਾਇਦਾਦ ਜਬਤ ਕੀਤੀ ਹੈ। ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਚੱਲ ਰਹੀ ਮੁਹਿੰਮ ਤਹਿਤ ਡੀਐਸਪੀ ਦਿਹਾਤੀ ਹੀਨਾ ਗੁਪਤਾ ਨੇ ਅੱਜ ਪੁਲਿਸ ਪਾਰਟੀ ਨਾਲ ਨਸ਼ਾ ਤਸਕਰ ਅਲਬੇਲ ਸਿੰਘ ਦੀਸੰਪਤੀ ਤੇ ਨੋਟਿਸ ਚਿਪਕਾਇਆ। ਡੀਐਸਪੀ ਹੀਨਾ ਗੁਪਤਾ ਨੇ ਦੱਸਿਆ ਕਿ ਅਲਬੇਲ ਸਿੰਘ ਖਿਲਾਫ ਨਸ਼ੀਲੀਆਂ ਗੋਲੀਆਂ ਵੇਚਣ ਸਬੰਧੀ ਦੋ ਮਾਮਲੇ ਦਰਜ ਹਨ ਜਿਸ ਕਰਕੇ ਅੱਜ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ ਇਸ ਮੁਹਿੰਮ ਤਹਿਤ ਜਿਲ੍ਹਾ ਬਠਿੰਡਾ ਵਿੱਚ ਹੁਣ ਤੱਕ ਨਸ਼ੇ ਦੇ ਕਾਰੋਬਾਰ ਤੋਂ ਬਣਾਈ ਦੋ ਕਰੋੜ ਤੋਂ ਵੱਧ ਦੀ ਅਣ-ਅਧਿਕਾਰਿਤ/ਗੈਰ-ਕਾਨੂੰਨੀ ਪ੍ਰਾਪਰਟੀ ਜਬਤ ਕੀਤੀ ਜਾ ਚੁੱਕੀ ਹੈ।
ਡੀਐਸਪੀ ਹੀਨਾ ਗੁਪਤਾ ਨੇ ਦੱਸਿਆ ਕਿ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਐੱਨ.ਡੀ.ਪੀ.ਐੱਸ ਦੇ 27 ਕੇਸ ਭੇਜੇ ਗਏ ਸਨ, ਜਿਹਨਾਂ ਵਿੱਚੋਂ 12 ਐੱਨ.ਡੀ.ਪੀ.ਐੱਸ ਕੇਸਾਂ ਦੀ ਪ੍ਰਾਪਰਟੀ ਕੰਨਫਰਮ ਹੋ ਚੁੱਕੀ ਹੈ ਅਤੇ ਬਾਕੀ ਰਹਿੰਦੇ 15 ਕੇਸਾਂ ਦੀ ਕੰਪੀਟੈਂਟ ਅਥਾਰਟੀ ਪਾਸ ਪੈਡਿੰਗ ਹਨ। ਇਸਤੋਂ ਇਲਾਵਾ ਆਉਣ ਵਾਲੇ ਸਮੇਂ ਦੌਰਾਨ ਬਠਿੰਡਾ ਪੁਲਿਸ ਵੱਲੋਂ ਹੋਰ ਵੀ ਨਸ਼ਾ ਤਸਕਰਾਂ ਦੀਆਂ ਵੱਧ ਤੋਂ ਵੱਧ ਸ਼ਨਾਖਤ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਭੇਜ ਕੇ ਜਬਤ ਕਰਵਾਈਆ ਜਾਣਗੀਆਂ। ਜਿਲ੍ਹਾ ਬਠਿੰਡਾ ਦੇ ਕੰਨਫਰਮ ਹੋਏ ਕੇਸਾਂ ਦੇ ਹੁਕਮਾਂ ਦੀਆਂ ਕਾਪੀਆਂ ਦੋਸ਼ੀਆਂ ਦੇ ਸੰਬੰਧਿਤ ਥਾਣਿਆਂ ਵੱਲੋਂ ਉਹਨਾਂ ਦੇ ਘਰਾਂ ਪਰ ਚਿਪਕਾਈਆਂ ਜਾਂਦੀਆਂ ਹਨ। ਇਸ ਸੰਪਤੀ ਨੂੰ ਇਹ ਲੋਕ ਨਾ ਤਾਂ ਵੇਚ ਸਕਦੇ ਹਨ ਅਤੇ ਨਾ ਹੀ ਆਪਣੇ ਰਿਸ਼ਤੇਦਾਰ/ਪਰਿਵਾਰਿਕ ਮੈਂਬਰ ਦੇ ਨਾਮ ਪਰ ਤਬਦੀਲ ਕਰ ਸਕਦੇ ਹਨ। ਡੀਐਸਪੀ ਨੇ ਕਿਹਾ ਕਿ ਅਜਿਹਾ ਕਾਰੋਬਾਰ ਕਰਨ ਵਾਲਿਆਂ ਦਾ ਅੰਤ ਮਾੜਾ ਹੁੰਦਾ ਹੈ ਇਸ ਲਈ ਕੋਈ ਵੀ ਅਜਿਹਾ ਕਾਰੋਬਾਰ ਕਰਨ ਤੋਂ ਗੁਰੇਜ ਕੀਤਾ ਜਾਏ।