DIG ਭੁੱਲਰ ਦਾ ਦਬਕਾ, ਬਰਨਾਲਾ ਪਹੁੰਚ ਕੇ ਪੁਲਿਸ ਅਫਸਰਾਂ ਨੂੰ ਕਿਹਾ,,,,!

Advertisement
Spread information

ਰਘਵੀਰ ਹੈਪੀ , ਬਰਨਾਲਾ 8 ਜਨਵਰੀ 2024 

      ਜਿਲ੍ਹੇ ਅੰਦਰ ਲਾਅ ਐਂਡ ਆਰਡਰ ਦੇ ਹਾਲਤ ਦੀ ਬਾਰੀਕੀ ਨਾਲ ਸਮੀਖਿਆ ਕਰਨ ਪਹੁੰਚੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੇ ਪੁਲਿਸ ਅਧਿਕਾਰੀਆਂ ਨੂੰ ਸਖਤ ਹਦਾਇਤ ਦਿੱਤੀ ਕਿ ਉਹ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਖਿਲਾਫ ਕਾਰਵਾਈ ਵਿੱਚ ਢਿੱਲ ਨੂੰ ਕਦਾਚਿਤ ਬਰਦਾਸ਼ਤ ਨਹੀਂ ਕਰਨਗੇ। ਡੀਆਈਜੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਭੁੱਲਰ ਦਾ ਬਰਨਾਲਾ ਵਿੱਚ ਇਹ ਪਹਿਲਾ ਦੌਰਾ ਹੈ। ਅਪਰਾਧੀਆਂ ਪ੍ਰਤੀ ਕਾਫੀ ਸਖਤ ਰੁਖ ਰੱਖਣ ਵਾਲੇ ਪੁਲਿਸ ਅਫਸਰ ਵਜੋਂ ਪਹਿਚਾਣ ਕਾਇਮ ਕਰਨ ਵਾਲੇ ਹਰਚਰਨ ਸਿੰਘ ਭੁੱਲਰ ਨੇ ਮੀਡੀਆ ਨੂੰ ਮੁਖਾਤਿਬ ਹੁੰਦਿਆ ਕਿਹਾ ਕਿ ਉਹ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਖਿਲਾਫ ਕਿਸੇ ਵੀ ਪ੍ਰਕਾਰ ਦੀ ਢਿੱਲ ਜਾਂ ਨਰਮੀ ਸਹਿਣ ਨਹੀਂ ਕਰਨਗੇ। ਇਸ ਬਾਰੇ ਜਿਲ੍ਹਾ ਪੁਲਿਸ ਦੇ ਸਾਰੇ ਵੱਡੇ ਅਤੇ ਛੋਟੇ ਅਧਿਕਾਰੀਆਂ ਨੂੰ ਸਾਫ ਤੇ ਸਪੱਸ਼ਟ ਲਹਿਜੇ ਵਿੱਚ ਸਮਝਾ ਦਿੱਤਾ ਗਿਆ ਹੈ।

Advertisement

     ਡੀ.ਆਈ.ਜੀ. ਭੁੱਲਰ ਨੇ ਕਿਹਾ ਕਿ ਨਸ਼ਾ, ਸੱਭਿਅਕ ਸਮਾਜ ਤੇ ਅਜਿਹਾ ਕਲੰਕ ਹੈ, ਜਿਸ ਨੂੰ ਖਤਮ ਕਰਨਾ , ਸੂਬਾ ਸਰਕਾਰ ਅਤੇ ਪੁਲਿਸ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੈਂਪਾਂ ਰਾਹੀਂ ਨਸ਼ੇ ਤੋਂ ਛੁਟਕਾਰਾ ਦਿਵਾਇਆ ਜਾਵੇਗਾ, ਜਦੋਂਕਿ ਨਸ਼ੇ ਦੀ ਸਪਲਾਈ ਲਾਈਨ ਤੋੜਨ ਲਈ, ਨਸ਼ਾ ਤਸਕਰਾਂ ਖਿਲਾਫ ਵੱਡੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਆਪਣੇ ਤਜ਼ੁਰਬੇ ‘ਚੋਂ ਕਿਹਾ ਕਿ ਨਸ਼ਾ ਤਸਕਰਾਂ ਬਾਰੇ ਸਭ ਤੋਂ ਵਧੇਰੇ ਪੁਖਤਾ ਜਾਣਕਾਰੀ ਨਸ਼ਿਆਂ ਦੀ ਗਿਰਫਤ ਵਿੱਚ ਫਸੇ ਨੌਜਵਾਨਾਂ ਦੇ ਮਾਪਿਆਂ ਤੋਂ ਹੀ ਪੁਲਿਸ ਨੂੰ ਮਿਲ ਸਕਦੀ ਹੈ। ਬਸ਼ਰਤੇ ਉਹ ਬੇਝਿਜਕ ਅਤੇ ਬਿਨਾਂ ਕਿਸੇ ਡਰ ਭੈਅ ਤੋਂ, ਪੁਲਿਸ ਨੂੰ ਜਾਣਕਾਰੀ ਦੇਣ ਲਈ ਅੱਗੇ ਆਉਣ। ਭੁੱਲਰ ਨੇ ਆਮ ਲੋਕਾਂ ਤੋਂ ਇਲਾਵਾ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਅਤੇ ਹੋਰ ਮਾੜੇ ਅਨਸਰਾਂ ਬਾਰੇ ਸੂਚਨਾ ਪੁਲਿਸ ਨੂੰ ਦੇਣ, ਅਜਿਹੀ ਜਾਣਕਾਰੀ ਉਪਲੱਭਧ ਕਰਵਾਉਣ ਵਾਲਿਆਂ ਦੀ ਪਹਿਚਾਣ ਪੂਰੀ ਤਰਾਂ ਗੁਪਤ ਰੱਖੀ ਜਾਵੇਗੀ।

    ਡੀ.ਆਈ.ਜੀ. ਭੁੱਲਰ ਨੇ ਕਿਹਾ ਕਿ ਗੈਂਗਸਟਰਾਂ ਤੇ ਵੀ ਲਗਾਤਾਰ ਸਖਤੀ ਜਾਰੀ ਹੈ, ਅਜਿਹੇ ਮਾੜੇ ,ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਹਾਲਤ ਵਿੱਚ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੀਡੀਆ ਨਾਲ ਗੱਲਬਾਤ ਉਪਰੰਤ ਉਹ ਜਿਲ੍ਹੇ ਦੇ ਸਾਰੇ ਆਲ੍ਹਾ ਅਧਿਕਾਰੀਆਂ ਨਾਲ ਤਫਸ਼ੀਲ ਵਿੱਚ ਮੀਟਿੰਗ ਕਰਕੇ, ਲਾਅ ਐਂਡ ਆਰਡਰ ਦੀ ਸਥਿਤੀ ਬਾਰੇ ਜਾਣਕਾਰੀ ਹਾਸਿਲ ਕਰਕੇ, ਅਪਰਾਧੀਆਂ ਨਾਲ ਸਖਤੀ ਨਾਲ ਨਜਿੱਠਣ ਲਈ ਦਿਸ਼ਾ ਨਿਰਦੇਸ਼ ਦੇਣਗੇ। ਤਾਂਕਿ ਜਿਲ੍ਹੇ ਦੇ ਲੋਕ ਅਮਨ ਤੇ ਚੈਨ ਦੀ ਨੀਂਦ ਸੌਂ ਸਕਣ। ਭੁੱਲਰ ਨੇ ਮੀਡੀਆ ਦੇ ਇੱਕ ਸਵਾਲ ਦੇ ਜੁਆਬ ਵਿੱਚ ਕਿਹਾ ਕਿ ਜਿਲ੍ਹੇ ਅੰਦਰ ਪੁਲਿਸ ਨਫਰੀ ਦੀ ਕਮੀ ਨੂੰ ਦੂਰ ਕਰਨ ਲਈ ਉਹ ਡੀਜੀਪੀ ਸਾਬ੍ਹ ਨੂੰ ਜਾਣੂ ਕਰਵਾਉਣਗੇ। ਉਨ੍ਹਾਂ ਕਿਹਾ ਕਿ ਥਾਣਿਆਂ ਵਿੱਚ ਵੱਖ ਵੱਖ ਕੇਸਾਂ ਵਿੱਚ ਬਰਾਮਦ ਹੋਏ ਵਹੀਕਲਾਂ ਨੂੰ ਅਦਾਲਤੀ ਹੁਕਮਾਂ ਰਾਹੀਂ ਉਨ੍ਹਾਂ ਦੇ ਮਾਲਿਕਾਂ ਦੇ ਸਪੁਰਦ ਕਰਨ ਦੀ ਮੁਹਿੰਮ ਵੀ ਚਲਾਉਣਗੇ ਤਾਂ ਜੋ ਥਾਣਿਆਂ ਨੂੰ ਬੇਲੋੜੇ ਵਹੀਕਲਾਂ ਦੀ ਭੀੜ ਤੋਂ ਨਿਜਾਤ ਦਿਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਜਿਲ੍ਹੇ ਦੇ ਕਰਾਈਮ ਦੀ ਵੀ ਵਿਸਥਾਰ ਪੂਰਵਕ ਜਾਣਕਾਰੀ ਲੈ ਕੇ ਉਚਿਤ ਕਾਨੂੰਨੀ ਪ੍ਰਕਿਰਿਆ ਅਪਣਾਉਣ ਦੀ ਤਾਕੀਦ ਕਰਨਗੇ। ਉਨ੍ਹਾਂ ਮੀਡੀਆ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਪੁਲਿਸ, ਲੋਕਾਂ ਦੀ ਦੋਸਤ ਹੈ ਅਤੇ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ,ਲੋਕਾਂ ਦਾ ਸਹਿਯੋਗ ਵੀ ਚਾਹੁੰਦੇ ਹਨ। ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕਿਸੇ ਵੀ ਕਿਸਮ ਦੇ ਅਪਰਾਧ ਨੂੰ ਠੱਲਣਾ ਬਹੁਤ ਮੁਸ਼ਿਕਲ ਹੁੰਦਾ ਹੈ। ਜੇਕਰ ਲੋਕ ਖੁਦ ਸਮੇਂ ਸਿਰ ਮਾੜੇ ਅਨਸਰਾਂ ਬਾਰੇ ਪੁਲਿਸ ਨੂੰ ਜਾਣਕਾਰੀ ਦੇਣ ਤਾਂ ਸਾਰਥਕ ਨਤੀਜੇ ਬਹੁਤ ਹੀ ਜਲਦੀ ਸਾਹਮਣੇ ਆਉਣਗੇ। ਉਨਾਂ ਪੁਲਿਸ ਅਧਿਕਾਰੀਆਂ ਨੂੰ ਵੀ ਚੰਗੇ ਲੋਕਾਂ ਨਾਲ ਰਾਬਤਾ ਕਾਇਮ ਕਰਨ ਲਈ ਕਿਹਾ, ਤਾਂ ਜੋ ਮਾੜੇ ਅਨਸਰਾਂ ਬਾਰੇ ਲੋਕ ਖੁਦ ਬ ਖੁਦ ਪੁਲਿਸ ਕੋਲ ਹਰ ਤਰਾਂ ਦੀ ਸੂਚਨਾ ਪਹੁੰਚਾ ਸਕਣ। 

Advertisement
Advertisement
Advertisement
Advertisement
Advertisement
error: Content is protected !!