ਅਸ਼ੋਕ ਵਰਮਾ , ਬਠਿੰਡਾ 19 ਦਸੰਬਰ2023
“ਕੁੜਮੋ-ਕੁੜਮੀ ਵਰਤਣਗੇ ਵਿਚੋਲੇ ਬੈਠੇ ਤਰਸਣਗੇ ” ਵਰਗੀ ਪੰਜਾਬ ਦੀ ਵਿਰਾਸਤੀ ਕਹਾਵਤ ‘ਤੇ ਰਿਵਾਇਤ ਦੇ ਉਲਟ ਬਠਿੰਡਾ ਜਿਲ੍ਹੇ ’ਚ ਵਿਦੇਸ਼ ਜਾਣ ਦੇ ਮਾਮਲੇ ’ਚ ਅੱਧੇ ਕਰੋੜ ਤੋਂ ਵੱਧ ਦੀ ਠੱਗੀ ਮਾਰਨ ਨੂੰ ਲੈ ਕੇ ਪਿੰਡ ਭੁੱਚੋ ਕਲਾਂ ਦੇ ਇੱਕ ਵਿਅਕਤੀ ਨੇ ਇੰਗਲੈਂਡ ਰਹਿੰਦੀ ਆਪਣੀ ਨੂੰਹ ਤੋਂ ਇਲਾਵਾ ਬਾਜਖਾਨਾ ਜਿਲ੍ਹਾ ਫਰੀਦਕੋਟ ਨਿਵਾਸੀ ਕੁੜਮ , ਕੁੜਮਣੀ ਅਤੇ ਪੁੱਤ ਦੇ ਸਾਲੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਡੇਅਰੀ ਸੰਚਾਲਕ ਮੁਦਈ ਸੁਖਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਭੁੱਚੋ ਕਲਾਂ ਜਿਲ੍ਹਾ ਬਠਿੰਡਾ ਨੇ ਇਸ ਮਾਮਲੇ ਸਬੰਧੀ ਐਸ ਐਸ ਪੀ ਬਠਿੰਡਾ ਨੂੰ ਲਿਖਤੀ ਦਰਖਾਸਤ ਦਿੱਤੀ ਹੈ । ਜਿਸ ’ਚ ਉਸ ਨੇ ਆਪਣੇ ਨਾਲ ਵਰਤੇ ਭਾਣੇ ਤੋਂ ਤੱਥਾਂ ਸਾਹਿਤ ਜਾਣੂੰ ਕਰਵਾਇਆ ਹੈ ।
ਮਹੱਤਵਪੂਰਨ ਤੱਥ ਹੈ ਕਿ ਸੁਖਵਿੰਦਰ ਸਿੰਘ ਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਕੇ ਚੰਗੀ ਜਿੰਦਗੀ ਦੇ ਸੁਫਨੇ ਸੰਜੋਏ ਸਨ ,ਜੋ ਇਸ ਤਰਾਂ ਟੁੱਟ ਜਾਣਗੇ ਪ੍ਰੀਵਾਰ ਨੇ ਕਦੇ ਸੋਚਿਆ ਵੀ ਨਹੀਂ ਸੀ। ਹਾਲਾਂਕਿ ਐਸਐਸਪੀ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੜਤਾਲ ਡੀ ਐਸ ਪੀ ਨੂੰ ਸੌਂਪ ਦਿੱਤੀ ਹੈ । ਪਰ ਆਪਣਾ ਸਭ ਕੁੱਝ ਲੁਟਾ ਚੁੱਕਿਆ ਪ੍ਰੀਵਾਰ ਡੂੰਘੇ ਸਦਮੇ ਵਿੱਚ ਹੈ। ਮੁਦਈ ਸੁਖਵਿੰਦਰ ਸਿੰਘ ਨੇ ਆਪਣੀ ਅਰਜੀ ’ਚ ਦੱਸਿਆ ਹੈ ਕਿ ਉਸ ਦੇ ਲੜਕੇ ਅਨਮੋਲਦੀਪ ਸਿੰਘ ਦਾ ਵਿਆਹ 3 ਜਨਵਰੀ 2022 ਨੂੰ ਅਕਾਸ਼ਦੀਪ ਕੌਰ ਵਾਸੀ ਬਾਜਾ ਖਾਨਾ ਨਾਲ ਹੋਇਆ ਸੀ। ਅਕਾਸ਼ਦੀਪ ਕੌਰ ਨੇ ਆਈਲੈਟਸ ਕੀਤੀ ਹੋਣ ਕਰਕੇ ਇਸ ਵਿਆਹ ਤੇ ਉਸ ਨੇ 32 ਲੱਖ ਰੁਪਿਆ ਖਰਚ ਕੀਤਾ ਸੀ।
ਸੁਖਵਿੰਦਰ ਸਿੰਘ ਦੱਸਿਆ ਕਿ ਅਕਾਸ਼ਦੀਪ ਕੌਰ ਕਰੀਬ ਇੱਕ ਸਾਲ ਉਨ੍ਹਾਂ ਨਾਲ ਰਹੀ ਅਤੇ ਬਾਅਦ ’ਚ ਉਸ ਦਾ ਲੜਕਾ ਅਨਮੋਲਦੀਪ ਵਰਕ ਪਰਮਿਟ ’ਤੇ ਅਤੇ ਨੂੰਹ ਅਕਾਸ਼ਦੀਪ ਸਟੱਡੀ ਵੀਜ਼ੇ ’ਤੇ ਇੰਗਲੈਂਡ ਚਲੇ ਗਏ। ਉਨ੍ਹਾਂ ਦੱਸਿਆ ਕਿ ਸਟੱਡੀ ਵੀਜ਼ਾ ਹਾਸਲ ਕਰਨ ਤੇ ਉਸ ਨੇ 26 ਲੱਖ ਰੁਪਿਆ ਖਰਚ ਕੀਤਾ ਸੀ। ਸੁਖਵਿੰਦਰ ਸਿੰਘ ਮੁਤਾਬਕ ਉਸ ਦੀ ਨੂੰਹ ਪੁੱਤ ਇੰਗਲੈਂਡ ’ਚ ਪਹਿਲਾਂ ਤੋਂ ਵੱਸਦੀ ਭੈਣ ਕੋਲ ਰਹਿਣ ਲੱਗ ਪਏ । ਜਿੱਥੇ ਨੂੰਹ ਕਰੀਬ ਛੇ ਮਹੀਨੇ ਰਹੀ । ਉਨ੍ਹਾਂ ਦੱਸਿਆ ਕਿ ਉਸ ਦੀ ਨੂੰਹ ਘੰਟਿਆਂ ਬੱਧੀ ਫੋਨ ਤੇ ਕਿਸੇ ਹੋਰ ਨਾਲ ਗੱਲਾਂ ਕਰਦੀ ਰਹਿੰਦੀ ਸੀ। ਭੇਤ ਖੁੱਲ੍ਹਣ ਦੇ ਡਰੋਂ ਉਸ ਨੇ ਫੋਨ ਨੂੰ ਲੌਕ ਲਾਇਆ ਹੋਇਆ ਸੀ । ਜਿਹੜਾ ਉਹ ਕਿਸੇ ਨੂੰ ਦਿਖਾਉਂਦੀ ਵੀ ਨਹੀਂ ਸੀ।
ਸੁਖਵਿੰਦਰ ਸਿੰਘ ਨੇ ਆਪਣੀ ਅਰਜੀ ’ਚ ਦੱਸਿਆ ਕਿ ਇੱਕ ਦਿਨ ਸਵੇਰ ਵਕਤ ਜਦੋਂ ਉਸ ਦੀ ਭੈਣ ਤੇ ਉਸ ਦਾ ਪ੍ਰੀਵਾਰ ਸੁੱਤੇ ਪਏ ਸਨ ਤਾਂ ਅਕਾਸ਼ਦੀਪ ਕੌਰ ਸਵੇਰ ਵੇਲੇ ਦੋ ਅਟੈਚੀਆਂ ’ਚ ਆਪਣਾ ਸਮਾਨ, ਭੈਣ ਦਾ ਲੱਗਭਗ 20 ਤੋਲੇ ਸੋਨਾ ਅਤੇ 11 ਸੌ ਪੌਂਡ ਚੋਰੀ ਕਰਕੇ ਘਰ ਤੋਂ ਫਰਾਰ ਹੋ ਗਈ। ਉਨ੍ਹਾਂ ਦੱਸਿਆ ਕਿ ਨੂੰਹ ਦੇ ਜਾਣ ਵਕਤ ਦੀ ਰਿਕਾਰਡਿੰਗ ਉਨ੍ਹਾਂ ਕੋਲ ਹੈ । ਜਿਸ ਨੂੰ ਉਹ ਪੁਲਿਸ ਵੱਲੋਂ ਮੰਗੇ ਜਾਣ ’ਤੇ ਪੇਸ਼ ਕਰ ਸਕਦੇ ਹਨ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਤੋਂ ਬਾਅਦ ਅਕਾਸ਼ਦੀਪ ਕੌਰ ਦਾ ਕੋਈ ਪਤਾ ਨਹੀਂ ਲੱਗਿਆ ਤੇ ਨਾਂ ਹੀ ਉਸ ਦੀ ਨੂੰਹ ਨੇ ਇਸ ਦੌਰਾਨ ਆਪਣੇ ਘਰ ਵਾਲੇ ਅਨਮੋਲਦੀਪ ਸਿੰਘ ਨਾਲ ਫੋਨ ’ਤੇ ਸੰਪਰਕ ਕੀਤਾ ਹੈ।
ਉਨ੍ਹਾਂ ਅਰਜ਼ੀ ’ਚ ਸ਼ੱਕ ਜਤਾਇਆ ਕਿ ਅਕਾਸ਼ਦੀਪ ਕੌਰ ਦੇ ਕਿਸੇ ਵਿਅਕਤੀ ਨਾਲ ਕਥਿਤ ਨਜ਼ਾਇਜ ਸਬੰਧ ਹਨ ਅਤੇ ਉਹ ਉਸ ਕੋਲ ਹੀ ਹੋ ਸਕਦੀ ਹੈ। ਸੁਖਵਿੰਦਰ ਸਿੰਘ ਨੇ ਸਬੂਤ ਦੇ ਤੌਰ ਤੇ ਅਰਜੀ ਨਾਲ ਸ਼ੱਕੀ ਚੈਟਿੰਗ ਦੇ ਸਕਰੀਨ ਸ਼ਾਟ ਵੀ ਨੱਥੀ ਕਰਕੇ ਪੁਲਿਸ ਹਵਾਲੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਉਹ ਦੋ ਵਾਰ ਨੂੰਹ ਦੇ ਮਾਪਿਆਂ ਕੋਲ ਪੰਚਾਇਤ ਲੈਕੇ ਗਏ ਸਨ । ਪਰ ਉਨ੍ਹਾਂ ਵੱਲੋਂ ਉਸ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ ਗਿਆ ,ਪੈਸੇ ਵਾਪਿਸ ਕਰਨੇ ਤਾਂ ਦੂਰ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਕੁੜਮਾਂ ਨੇ ਆਪਣੀ ਧੀਅ ਬਾਰੇ ਵੀ ਅਗਿਆਨਤਾ ਜਤਾ ਦਿੱਤੀ । ਉਨ੍ਹਾਂ ਦਾਅਵੇ ਨਾਲ ਕਿਹਾ ਕਿ ਅਕਾਸ਼ਦੀਪ ਕੌਰ ਬਾਰੇ ਉਸ ਦੇ ਮਾਪਿਆਂ ਕੋਲ ਸਾਰੀ ਜਾਣਕਾਰੀ ਮੌਜੂਦ ਹੈ । ਜਿਸ ਤੋਂ ਉਨ੍ਹਾਂ ਦੀ ਮਿਲੀਭੁਗਤ ਸਾਬਤ ਹੁੰਦੀ ਹੈ।
ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਤਰਾਂ ਉਸ ਦੀ ਨੂੰਹ, ਉਸ ਦੇ ਭਰਾ ਤੇ ਮਾਪਿਆਂ ਨੇ ਮਿਲੀਭੁਗਤ ਰਾਹੀਂ ਉਸ ਨਾਲ 52 ਲੱਖ ਰੁਪਏ ਦੀ ਠੱਗੀ ਮਾਰੀ ਹੈ । ਉਨ੍ਹਾਂ ਕਿਹਾ ਕਿ ਪੈਸਿਆਂ ਦਾ ਨੁਕਸਾਨ ਅਤੇ ਅਕਾਸ਼ਦੀਪ ਕੌਰ ਹੱਥਾਂ ਆਪਣਾ ਭਵਿੱਖ ਖਰਾਬ ਹੋਣ ਕਰਕੇ ਉਨ੍ਹਾਂ ਦਾ ਲੜਕਾ ਅਨਮੋਲਦੀਪ ਸਿੰਘ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਹੈ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਇਹ ਲੋਕ ਕਿਸੇ ਨਾਲ ਹੋਰ ਠੱਗੀ ਮਾਰਨ ਦੀ ਫਿਰਾਕ ’ਚ ਹਨ । ਇਸ ਲਈ ਹੋਰਨਾਂ ਨੂੰ ਬਚਾਉਣ ਲਈ ਪੁਲਿਸ ਪ੍ਰਸ਼ਾਸ਼ਨ ਨੂੰ ਤੁਰੰਤ ਹਰਕਤ ’ਚ ਆਉਣਾ ਚਾਹੀਦਾ ਹੈ । ਮੁਦਈ ਨੇ ਐਸ.ਐਸ.ਪੀ. ਤੋਂ ਇਸ ਠੱਗੀ ਸਬੰਧੀ ਅਕਾਸ਼ਦੀਪ ਕੌਰ, ਉਸ ਦੇ ਮਾਪਿਆਂ ਅਤੇ ਭਰਾ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਅਤੇ ਠੱਗਿਆ ਹੋਇਆ 52 ਲੱਖ ਰੁਪਿਆ ਵਾਪਿਸ ਕਰਵਾਉਣ ਦੀ ਮੰਗ ਕੀਤੀ ਹੈ।