ਅਸ਼ੋਕ ਵਰਮਾ ,ਭਗਤਾ ਭਾਈ 19 ਦਸੰਬਰ2023
ਸਾਹਿਤ ਮੰਚ ਭਗਤਾ ਭਾਈ ਵੱਲੋਂ ਇੱਕ ਸਮਾਗਮ ਦੌਰਾਨ ਸਮੀਖਿਆਕਾਰ ਨਿਰੰਜਨ ਬੋਹਾ ਦੀ ਪ੍ਰਧਾਨਗੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਭਾਰਤੀ ਸਾਹਿਤ ਅਕਾਦਮੀ ਦਿੱਲੀ ਦੇ ਅਗਜ਼ੈਕਟਿਵ ਮੈਂਬਰ ਤੇ ਬਹੁ ਵਿਧਾਵੀ ਲੇਖਕ ਬੂਟਾ ਸਿੰਘ ਚੌਹਾਨ ਦੀ ਅਗਵਾਈ ਹੇਠ ਬਠਿੰਡਾ ਜਿਲ੍ਹੇ ਦੇ ਮਾਣ ,ਪੰਜਾਬੀ ਮਾਂ ਬੋਲੀ ਨੂੰ ਪ੍ਰਣਾਏ ਪੰਜਾਬ ਦੇ ਸੱਭਿਆਚਾਰ ਦੇ ਮੁਦਈ, ਕਲਮ ਦੇ ਧਨੀ ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਤਾ ਉਮਰ ਲੋਕ ਪੱਖੀ ਗੱਲ ਕਰਨ ਵਾਲੇ ਕਹਾਣੀਕਾਰ ਮਰਹੂਮ ਭੂਰਾ ਸਿੰਘ ਕਲੇਰ ਦੀਆਂ ਸਮੂਹ ਕਹਾਣੀਆਂ ਦੀ ਪੁਸਤਕ ਲੋਕ ਅਰਪਣ ਕੀਤੀ ਗਈ। ਸਭ ਤੋਂ ਪਹਿਲਾਂ ਸਾਹਿਤਕ ਮੰਚ ਭਗਤਾ ਦੇ ਪ੍ਰਧਾਨ ਬਲੌਰ ਸਿੰਘ ਸਿੱਧੂ ਅਤੇ ਸਭਾ ਦੇ ਸਰਪ੍ਰਸਤ ਤਰਲੋਚਨ ਸਿੰਘ ਗੰਗਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸਭਨਾਂ ਦਾ ਨਿੱਘਾ ਸੁਆਗਤ ਕੀਤਾ।
ਸਮਾਗਮ ਦਾ ਆਗਾਜ਼ ਭੂਰਾ ਸਿੰਘ ਕਲੇਰ ਵੱਲੋਂ ਲਿਖਿਆ ਗੀਤ ‘ਇਹ ਦਿਨ ਚੜ੍ਹਦੇ ਦੀ ਲਾਲੀ ਏ’ ਉਨ੍ਹਾਂ ਦੇ ਦੋਹਤੇ ਪਰਨਦੀਪ ਸਿੰਘ ਨੇ ਤੁਰੰਨਮ ਵਿੱਚ ਗਾ ਕੇ ਕੀਤਾ। ਸੁਖਨੈਬ ਸਿੰਘ ਸਿੱਧੂ (ਪੂਹਲਾ) ਨੇ ਕਿਹਾ ਕਿ ਪੂਹਲਾ ਕਹਾਣੀਕਾਰ ਭੂਰਾ ਸਿੰਘ ਕਲੇਰ ਦੇ ਕਰਕੇ ਜਾਣਿਆ ਜਾਂਦਾ ਹੈ। ਪੂਹਲੇ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਹਰਬੰਸ ਸਿੰਘ ਸਿੱਧੂ ਨੇ ਉਨਾਂ ਨੂੰ ਹਾਸ਼ੀਆ ਗ੍ਰਸਤ ਲੋਕਾਂ ਦੇ ਚਾਨਣ ਮੁਨਾਰੇ ਦੱਸਿਆ। ਗੁਰਦਰਸ਼ਨ ਸਿੰਘ ਲੁੱਧੜ ਨੇ ਕਲੇਰ ਦੀਆਂ ਯਾਦਾਂ ਤਾਜ਼ਾ ਕੀਤੀਆਂ। ਵਿਦਵਾਨ ਲਛਮਣ ਸਿੰਘ ਮਲੂਕਾ ਨੇ ਭੂਰਾ ਸਿੰਘ ਕਲੇਰ ਦੀਆਂ ਕਹਾਣੀਆਂ ਦੇ ਵਿਸ਼ਿਆਂ ਤੇ ਚਰਚਾ ਕੀਤੀ। ਨੌਜਵਾਨ ਗ਼ਜ਼ਲਗੋ ਕੁਲਦੀਪ ਸਿੰਘ ਬੰਗੀ ਨੇ ਉਹਨਾਂ ਦੇ ਸਾਹਿਤ ਸਭਾ ਬਠਿੰਡਾ ਨਾਲ ਜੁੜੇ ਰਹੇ ਹੋਣ ਦੀ ਗੱਲ ਪੂਰੇ ਮਾਣ ਕਹੀ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਪੁੱਜੇ ਭੂਰਾ ਸਿੰਘ ਕਲੇਰ ਦੇ ਫਰਜ਼ੰਦ ਅਤੇ ਫਿਲਮ ਨਿਰਦੇਸ਼ਕ ਬੀ ਕੇ ਸਾਗਰ ਨੇ ਉਨਾਂ ਦੀਆਂ ਕਹਾਣੀਆਂ ਤੇ ਬਣ ਰਹੀਆਂ ਦੋ ਫਿਲਮਾਂ ਬਾਰੇ ਜ਼ਿਕਰ ਕੀਤਾ। ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਉਨ੍ਹਾਂ ਦੇ ਚਾਰੇ ਕਹਾਣੀ ਸੰਗ੍ਰਹਿ (ਪੰਛੀਆਂ ਦੇ ਆਲ੍ਹਣੇ, ਟੁੱਟੇ ਪੱਤੇ, ਤਿਹਾਇਆ ਰੁੱਖ ਅਤੇ ਬੇਗਮ ਫ਼ਾਤਿਮਾ) ਨੂੰ ਉਨਾਂ ਦੀ ਬੇਟੀ ਅੰਮ੍ਰਿਤਪਾਲ ਕਲੇਰ ਚੀਦਾ ਨੇ ਸੰਪਾਦਨਾ ਕਰਕੇ ਇੱਕ ਜਿਲਦ ਵਿੱਚ ਕਰਨ ਦਾ ਵਡਮੁੱਲਾ ਕਾਰਜ ਕੀਤਾ ਹੈ, ਇਸ ’ਤੇ ਜਲਦੀ ਹੀ ਖੋਜ ਤੇ ਆਲੋਚਨਾ ਦਾ ਕਾਰਜ ਕੀਤਾ ਜਾਵੇਗਾ। ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਨਿਰੰਜਣ ਸਿੰਘ ਬੋਹਾ ਨੇ ਕਿਹਾ ਕਿ ਜੇ ਪੰਜਾਬੀ ਕਹਾਣੀ ਦੀ ਗੱਲ ਕਰੀਏ ਤਾਂ ਭੂਰਾ ਸਿੰਘ ਕਲੇਰ ਪੰਜਾਬੀ ਦੇ ਮੂਹਰਲੇ ਦਸ ਕਹਾਣੀਕਾਰਾਂ ਦੀਆਂ ਸਫਾ ਵਿੱਚ ਆਉਂਦੇ ਹਨ।
ਉਨਾਂ ਦੀ ਕਹਾਣੀ ਕਹਿਣ ਦੀ ਸ਼ੈਲੀ ਬਾ-ਕਮਾਲ ਸੀ। ਉਨਾਂ ਦੀ ਕਹਾਣੀ ਥੁੜ੍ਹਾਂ ਤੋਂ ਮਾਰੇ ਹੋਏ ਲੋਕਾਂ ਦੀ ਗੱਲ ਕਰਦੀ ਹੈ। ਸਟੇਜ ਸੰਚਾਲਨ ਸਾਹਤਿਕ ਮੰਚ ਭਗਤਾ ਦੇ ਜਨਰਲ ਸਕੱਤਰ ਮੈਡਮ ਅੰਮ੍ਰਿਤਪਾਲ ਕਲੇਰ ਚੀਦਾ ਨੇ ਕੀਤਾ। ਦੱਸਣਯੋਗ ਹੈ ਕਿ ਅਗਸਤ 2020 ਦੌਰਾਨ ਭੂਰਾ ਸਿੰਘ ਕਲੇਰ ਬਿਮਾਰੀ ਕਾਰਨ ਸਾਹਿਤ ਪ੍ਰੇਮੀਆਂ ,ਪੀਵਾਰ ਅਤੇ ਆਪਣੇ ਲੱਖਾਂ ਪ੍ਰਸ਼ੰਸ਼ਕਾਂ ਨੂੰ ਸਦੀਵੀ ਵਿਛਾੜਾ ਦੇ ਗਏ ਸਨ। ਇਸ ਸਮਾਗਮ ਵਿੱਚ ਭੂਰਾ ਸਿੰਘ ਕਲੇਰ ਦਾ ਦੋਹਤਾ ਸਿਕੰਦਰਦੀਪ ਸਿੰਘ ਰੂਬਲ,ਦਾਮਾਦ ਕੁਲਦੀਪ ਸਿੰਘ, ਮਨਿੰਦਰ ਸਿੰਘ ਬੇਟੀ ਨਵਕਿਰਨ ਕੌਰ,ਪੋਤਰੇ ਹੁਸਨ ਨੇ ਹਾਜ਼ਰੀ ਲਗਵਾਈ। ਇਸ ਮੌਕੇ ਸਪਰੈਡ ਪਬਲੀਕੇਸ਼ਨ ਵੱਲੋਂ ਅਮਰਿੰਦਰ ਸਿੰਘ ਸੋਹਲ ਰਚਿਤ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਅੰਤ ’ਚ ਮੰਚ ਦੇ ਮੀਤ ਪ੍ਰਧਾਨ ਸੁਖਵਿੰਦਰ ਕੁਮਾਰ ਚੀਦਾ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।
ਇਸ ਮੌਕੇ ਭਗਤਾ ਪ੍ਰੈੱਸ ਕਲੱਬ ਦੇ ਪ੍ਰਧਾਨ ਸੀਨੀਅਰ ਪੱਤਰਕਾਰ ਵੀਰਪਾਲ ਸਿੰਘ ਭਗਤਾ, ਗ਼ਜ਼ਲਗੋ ਰਣਬੀਰ ਰਾਣਾ, ਕਾਮਰੇਡ ਜਰਨੈਲ ਸਿੰਘ ਭਾਈ ਰੂਪਾ, ਦਵੀ ਸਿੱਧੂ, ਰਜਿੰਦਰ ਕੌਰ,ਮਨਜੀਤ ਕੌਰ ਭਗਤਾ, ਨਛੱਤਰ ਸਿੰਘ ਧੰਮੂ, ਹਰਜੀਤ ਸਿੰਘ ਗੰਗਾ, ਕਹਾਣੀਕਾਰ ਆਗਾਜ਼ਵੀਰ, ਪ੍ਰਿੰਸੀਪਲ ਹੰਸ ਸਿੰਘ ਸੋਹੀ, ਕਿਰਨਦੀਪ ਭਾਈ ਰੂਪਾ ਜਸਵੀਰ ਸਿੰਘ ਕਲਿਆਣ, ਸੋਹਣ ਸਿੰਘ ਕੇਸਰਵਾਲੀਆ, ਬੇਅੰਤ ਸਿੰਘ ਚੀਦਾ, ਆਮ ਆਦਮੀ ਪਾਰਟੀ ਦੇ ਨਛੱਤਰ ਸਿੰਘ ਸਿੱਧੂ, ਸੁਖਮੰਦਰ ਬਰਾੜ ਗੁੰਮਟੀ, ਮਾਸਟਰ ਸੁਰਜੀਤ ਸਿੰਘ, ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਤਰਸੇਮ ਗੋਪੀ ਕਾ, ਕਵੀ ਸੀਰਾ ਗਰੇਵਾਲ ਰੌਂਤਾ ਪਹੁੰਚੇ ਹੋਏ ਸਨ।