ਇੰਝ ਲੱਗਦੀ ਐ ਓਟ ਸੈਂਟਰਾਂ ਦੇ ਬਾਹਰ ਗੋਲੀਆਂ ਦੀ ਬੋਲੀ…!

Advertisement
Spread information

ਕਰਲੋ ਘਿਓ ਨੂੰ ਭਾਂਡਾ ਸ਼ੱਕਰ ਨੂੰ ਰੱਸਾ- ਨਸ਼ਾ ਛੁਡਾਊ ਗੋਲੀਆਂ ਦੀ ਬੋਲੀ

ਅਸ਼ੋਕ ਵਰਮਾ , ਬਠਿੰਡਾ 20 ਦਸੰਬਰ 2023

       ਲੋਹੜਾ ਸਾਈਂ ਦਾ ਨਸ਼ਾ ਛਡਾਉਣ ਲਈ, ਨਸ਼ੇ ਛੱਡਣ ਲਈ ,ਮੁਫਤ ਦਿੱਤੀਆਂ ਜਾਣ ਵਾਲੀਆਂ ਗੋਲੀਆਂ ਪ੍ਰਸ਼ਾਸ਼ਨ ਨੂੰ ਟਿੱਚ ਜਾਣਦਿਆਂ ਵਿਕਣ ਲੱਗੀਆਂ ਹਨ। ਮਾਮਲਾ ਬਠਿੰਡਾ ਵਿੱਚ ਸਥਿਤ  ਓਟ ਸੈਂਟਰ ਦਾ ਹੈ ।ਜਿੱਥੇ ਕਾਰਡ ਧਾਰਕਾਂ ਵੱਲੋਂ ਨਸ਼ਾ ਛੱਡਣ ਲਈ ਗੋਲੀਆਂ ਲਿਆਉਣ ਤੋਂ ਬਾਅਦ ਮੌਕੇ ਤੇ ਹੀ ਹੱਥੋ-ਹੱਥੀ ਵੇਚ ਦੇਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪੰਜਾਬ ਸਰਕਾਰ ਇਨ੍ਹਾਂ ਨਸ਼ੇੜੀਆਂ ਨੂੰ ਇਲਾਜ ਵਜੋਂ ਰੋਜ਼ਾਨਾ ਗੋਲੀਆਂ (ਬੁਪਰੀਨੌਰਫਿਨ) ਵੰਡ ਰਹੀ ਹੈ । ਜਿਸ ਦਾ ਨਾਮ ਨਿਵੇਕਲੀ ਕਿਸਮ ਦੇ ਇੰਨ੍ਹਾਂ ਵਪਾਰੀਆਂ ਵੱਲੋਂ ‘ਮਾਲ’ ਰੱਖਿਆ ਹੋਇਆ ਹੈ। ਆਮ ਬੋਲਚਾਲ ਦੀ ਭਾਸ਼ਾ ’ਚ ਬਿਪਰੋਨੌਰਫਿਨ ਨੂੰ ‘ਜੀਭ ਥੱਲੇ ਰੱਖਣ ਵਾਲੀ ਗੋਲੀ’ ਆਖਦੇ ਹਨ, ਜਿਸ ਦੀ ਸਿਰਫ਼ ਸਰਕਾਰੀ ਸਪਲਾਈ ਹੈ । ਸੂਤਰ ਦੱਸਦੇ ਹਨ ਕਿ ਬਹੁਤੇ ਨਸ਼ੇੜੀ ਹੁਣ ਇਸ ਗੋਲੀ ’ਤੇ ਲੱਗ ਗਏ ਹਨ ਜੋ ਵਿੱਕਰੀ ਦਾ ਕਾਰਨ ਬਣਿਆ ਹੈ।                                                               
           ਗੋਲੀ ਦੇ ਵਪਾਰੀ  ਦੋ ਪ੍ਰਕਾਰ ਦੇ ਹਨ । ਜਿੰਨ੍ਹਾਂ ਚੋਂ ਪਹਿਲਾ ਖੁਦ ਲਈ ਅਤੇ ਦੂਸਰਾ ਅੱਗੇ ਮਹਿੰਗੇ ਭਾਅ ਵੇਚਣ ਲਈ ਖਰੀਦਣ ਵਾਲਾ ਹੈ। ਦਿਲਚਸਪ ਇਹ ਵੀ ਹੈ ਕਿ ਓਟ ਸੈਂਟਰ ਤੋਂ ਗੋਲੀਆਂ ਮੁਫਤ ਲਿਆਉਣ ਵਾਲੇ ਅੱਖ ਦੇ ਫੇਰੇ ’ਚ ਹੀ ਆਪਣਾ ਮਾਲ ਵੇਚਕੇ ਮੌਕੇ ਤੋਂ ਰਫੂਚੱਕਰ ਹੋ ਜਾਂਦੇ ਹਨ । ਮਾਮਲਾ ਬਠਿੰਡਾ ਦੇ ਓਟ ਸੈਂਟਰ ਨਾਲ ਜੁੜਿਆ ਹੈ , ਜਿੱਥੇ 9 ਵਜੇ ਤੋਂ ਪਹਿਲਾਂ ਹੀ ਗੋਲੀਆਂ ਦੇ ਖਰੀਦਦਾਰ ਪੁੱਜ ਜਾਂਦੇ ਹਨ ਅਤੇ ਇਹ ਸਿਲਸਿਲਾ ਕੇਂਦਰ ਬੰਦ ਹੋਣ ਤੱਕ ਜਾਰੀ ਰਹਿੰਦਾ ਹੈ। ਜਾਣਕਾਰੀ ਅਨੁਸਾਰ ਮੋਟੀ ਕਮਾਈ ਕਰਨ ਵਾਲੇ 50 ਰੁਪਏ ਪ੍ਰਤੀ ਗੋਲੀ ਖਰੀਦਣ ਤੋਂ ਬਾਅਦ ਅੱਗੇ 100-150 ਰੁਪਏ ਵਿੱਚ ਵੇਚ ਰਹੇ ਹਨ । ਜਦੋਂਕਿ ਵਿੱਕਰੀ ਕਰਨ ਵਾਲੇ ਨਸ਼ੇੜੀ ਵੱਲੋਂ ਪ੍ਰਤੀ ਗੋਲੀ ਕੀਮਤ 150 ਰੁਪਏ ਤੋਂ ਸ਼ੁਰੂ ਕਰਕੇ 50 ਰੁਪਏ ਤੱਕ ਸੌਦਾ ਤੈਅ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ।
         ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਹ ਗੋਲੀਆਂ ਓਟ ਸੈਂਟਰ ਦੇ ਨਜ਼ਦੀਕ ਸਥਿਤ ਕੁੱਝ ਚਾਹ ਦੀਆਂ ਦੁਕਾਨਾਂ ਤੋਂ ਵੀ ਸ਼ਰ੍ਹੇਆਮ ਵਿਕਦੀਆਂ ਦੇਖੀਆਂ ਜਾ ਸਕਦੀਆਂ ਹਨ । ਫਿਰ ਵੀ ਕੋਈ ਕਾਰਵਾਈ ਨਾ ਹੋਣਾ ਕਈ ਤਰਾਂ ਦੇ ਸਵਾਲ ਖੜ੍ਹਾ ਕਰਦਾ ਹੈ। ਅਜਿਹਾ ਨਹੀਂ ਕਿ ਓਟ ਸੈਂਟਰ ਦੇ ਪ੍ਰਬੰਧਕਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ । ਬਲਕਿ ਉਨ੍ਹਾਂ ਨੇ ਕਈ ਵਾਰ ਇਸ ਵੇਚ ਵੱਟ ਸਬੰਧੀ ਪੁਲੀਸ ਪ੍ਰਸ਼ਾਸ਼ਨ ਨੂੰ ਸੂਚਿਤ ਕੀਤਾ । ਪਰ ਪੁਲੀਸ ਹਰ ਵਾਰ ਖਾਨਾਪੂਰਤੀ ਕਰਕੇ ਪੱਲਾ ਝਾੜਦੀ ਆ ਰਹੀ ਹੈ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਏਦਾਂ ਦੇ ਲੋਕ ਜਾਅਲੀ ਪਛਾਣ ਪੱਤਰਾਂ ਦੇ ਅਧਾਰ ਤੇ ਓਟ ਸੈਂਟਰ ਤੋਂ ਗੋਲੀਆਂ ਲਿਆਉਂਦੇ ਹਨ ਅਤੇ ਬਾਹਰ ਖਲੋਤੇ ਏਜੰਟਾਂ ਕੋਲ ਵੇਚ ਦਿੱਤੀਆਂ ਜਾਂਦੀਆਂ ਹਨ।
        ਬਠਿੰਡਾ ਦੇ ਸਨਅਤੀ ਵਿਕਾਸ ਕੇਂਦਰ ’ਚ ਬਣੇ  ਓਟ ਸੈਂਟਰ ਦੇ ਬਾਹਰ ਇੱਕ ਗੋਲੀ ਦੀ ਕੀਮਤ 50 ਤੋਂ 300 ਰੁਪਏ ਤੱਕ ਵੀ ਵਸੂਲੀ ਜਾ ਰਹੀ ਹੈ । ਜਦੋਂਕਿ ਕਈ ਵਾਰ ਤਾਂ ਬੋਲੀ ਇਸ ਤੋਂ ਉਪਰ ਤੱਕ ਚਲੀ ਜਾਂਦੀ ਹੈ।  ਇਸ ਕਾਰੋਬਾਰ ’ਚ ਲੱਗੇ ਇੱਕ ਵਿਅਕਤੀ ਨੇ ਦੱਸਿਆ ਕਿ ‘ਚਿੱਟੇ ਦੀ ਚਾਟ’ ਤੇ ਲੱਗੇ ਲੋਕਾਂ ਨੂੰ ਜਦੋਂ ਕੁੱਝ ਨਹੀਂ ਮਿਲਦਾ ਤਾਂ ਇਹੀ ਗੋਲੀ ਸਹਾਰਾ ਬਣਦੀ ਹੈ । ਇਸੇ ਕਰਕੇ ਇਸ ਦਾ ਭਾਅ ਵੱਧ ਰਹਿੰਦਾ ਹੈ। ਸਰਕਾਰੀ ਨਿਯਮਾਂ ਅਨੁਸਾਰ ਨਸ਼ਿਆਂ ਤੋਂ ਪੀੜਤ ਦੀ ਜਾਂਚ ਕਰਕੇ ਨਸ਼ਾ ਛੁਡਾਊ ਗੋਲੀ ਦੇਣ ਲਈ ਸਭ ਤੋਂ ਪਹਿਲਾਂ ਸ਼ਨਾਖਤੀ ਕਾਰਡ ਬਣਾਇਆ ਜਾਂਦਾ ਹੈ। ਇਸੇ ਪਛਾਣ ਪੱਤਰ ਦੇ ਆਧਾਰ ’ਤੇ ਓਟ ਸੈਂਟਰ ਵਿੱਚ ਰਜਿਸਟਰਡ ਨਸ਼ਾ ਪੀੜਤਾਂ ਨੂੰ ਦਵਾਈ ਦਿੱਤੀ ਜਾਂਦੀ ਹੈ। ਪਹਿਲਾਂ ਓੋਟ ਸੈਂਟਰ ’ਚ ਨਸ਼ਾ ਛੱਡਣ ਵਾਲੇ ਵਿਅਕਤੀ ਦੀ ਜੀਭ ਦੇ ਹੇਠਾਂ ਮੌਕੇ ’ਤੇ ਇੱਕ ਗੋਲੀ ਰੱਖੀ ਜਾਂਦੀ ਸੀ।
            ਇਸ ਕਾਰਨ ਦੂਰੋਂ ਨੇੜਿਓਂ ਆਉਣ ਵਾਲਿਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇੰਨ੍ਹਾਂ ਦਿੱਕਤਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਪਿਛਲੇ ਸਾਲ ਨਸ਼ੇੜੀਆਂ ਨੂੰ ਇੱਕ ਹਫ਼ਤੇ ਦੀ ਦਵਾਈ ਦੇਣ ਸਬੰਧੀ ਹੁਕਮ ਜਾਰੀ ਕੀਤੇ ਸਨ । ਜਿਸ ਤੋਂ ਬਾਅਦ ਹੁਣ ਨਸ਼ਾ ਛੱਡਣ ਦੇ ਚਾਹਵਾਨਾਂ ਨੂੰ ਹਫ਼ਤੇ ਦੇ ਸੱਤ ਦਿਨ ਦੀਆਂ ਗੋਲੀਆਂ ਇੱਕੋ ਵਾਰ ਦਿੱਤੀਆਂ ਜਾਣ ਲੱਗੀਆਂ ਹਨ। ਓਟ ਸੈਂਟਰ ’ਚ ਕੰਮ ਕਰ ਚੁੱਕੇ ਇੱਕ ਨੌਜਵਾਨ ਨੇ ਦੱਸਿਆ ਕਿ ਕਈ ਨਸ਼ੇੜੀ ਇੱਛਾ ਸ਼ਕਤੀ ਨਾਲ ਨਸ਼ਿਆਂ ਤੋਂ ਮੁਕਤੀ ਪਾ ਲੈਂਦੇ ਹਨ । ਪਰ ਗੋਲੀਆਂ ਵੇਚਕੇ ਕਮਾਈ ਦੇ ਲਾਲਚ ’ਚ ਦੱਸਦੇ ਨਹੀਂ । ਜਿਸ ਕਰਕੇ ਵੀ ਇਹ ਵਪਾਰ ਸ਼ੁਰੂ ਹੋਇਆ ਅਤੇ ਚਮਕਿਆ ਹੈ। ਸੂਤਰਾਂ ਮੁਤਾਬਕ ਇਹ ਗੋਲੀਆਂ ਦੇ ਵਪਾਰੀਆਂ ’ਚ ਜ਼ਿਆਦਾਤਰ ਨਸ਼ੇ ਦੇ ਆਦੀ ਵੀ ਨਹੀਂ ਹਨ । ਸਗੋਂ ਉਨ੍ਹਾਂ ਨੇ ਫਰਜ਼ੀ ਸ਼ਨਾਖਤੀ ਕਾਰਡ ਬਣਾਕੇ ਸਰਕਾਰੀ ਗੋਲੀਆਂ ਨੂੰ ਮੋਟੀ ਆਮਦਨ ਦਾ ਸਾਧਨ ਬਣਾਇਆ ਹੋਇਆ ਹੈ।
ਫਰਜ਼ੀ ਕਾਰਡ ਹੋਣਗੇ ਬੰਦ: ਮਨੋਵਿਗਿਆਨੀ
    ਅਰੁਣ ਬਾਂਸਲ ਜ਼ਿਲ੍ਹਾ ਨਸ਼ਾ ਛੁਡਾਊ ਕੇਂਦਰ ਬਠਿੰਡਾ ਦੇ ਮਾਹਿਰ ਡਾਕਟਰ ਅਰੁਣ ਬਾਂਸਲ ਦਾ ਕਹਿਣਾ ਸੀ ਕਿ ਪੁਲਿਸ ਨੇ ਕੁੱਝ ਲੋਕਾਂ ਨੂੰ ਫੜ੍ਹਿਆ ਸੀ । ਪਰ ਇਨ੍ਹਾਂ ਲੋਕਾਂ ਨੇ ਇਹ ਧੰਦਾ ਨਿਰੰਤਰ ਜਾਰੀ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਪੜਤਾਲ ਕਾਰਵਾਕੇ ਜਾਅਲੀ ਸ਼ਨਾਖਤੀ ਕਾਰਡਾਂ ਨੂੰ ਬੰਦ ਕਰਵਾਇਆ ਜਾਏਗਾ। ਉਨ੍ਹਾਂ ਕਿਹਾ ਕਿ ਦਵਾਈ ਵੰਡਣ ਤੱਕ ਕੇਂਦਰ ਦੇ ਬਾਹਰ ਪੁਲੀਸ ਫੋਰਸ ਤਾਇਨਾਤ ਕਰਨ ਲਈ ਐਸਐਸਪੀ ਅਤੇ ਡਿਪਟੀ ਕਮਿਸ਼ਨਰ ਨੂੰ ਵੀ ਪੱਤਰ ਲਿਖਿਆ ਜਾਏਗਾ।
ਸਪੈਸ਼ਲ ਟੀਮ ਤਾਇਨਾਤ: ਐੱਸ.ਪੀ.ਸਿਟੀ
 ਮਾਮਲਾ ਧਿਆਨ ’ਚ ਲਿਆਉਣ ਤੋਂ ਬਾਅਦ ਐਸਪੀ ਸਿਟੀ ਨੇ ਜਲਦੀ ਹੀ ਕਾਰਵਾਈ ਕਰਨ ਦੀ ਗੱਲ ਆਖੀ ਹੈ। ਐਸਪੀ ਸਿਟੀ ਨਰਿੰਦਰ ਸਿੰਘ ਦਾ ਕਹਿਣਾ ਸੀ ਕਿ ਐਸਐਸਪੀ ਦੇ ਆਦੇਸ਼ਾਂ ’ਤੇ ਵਿਸ਼ੇਸ਼ ਟੀਮ ਤਾਇਨਾਤ ਕਰ ਦਿੱਤੀ ਗਈ ਹੈ ।

Advertisement
Advertisement
Advertisement
Advertisement
Advertisement
error: Content is protected !!