ਖਿੱਚ ਲਈਆਂ ਅਸ਼ਲੀਲ ਫੋਟੋਆਂ, ਸ਼ਰੀਰਕ ਸ਼ੋਸ਼ਣ ‘ਤੇ ਬਲੈਕਮੇਲ ਕਰਕੇ, ਹੜੱਪ ਲਏ 7 ਲੱਖ ਰੁਪਏ.
ਹਰਿੰਦਰ ਨਿੱਕਾ , ਬਰਨਾਲਾ 25 ਨਵੰਬਰ 2023
ਸ਼ਹਿਰ ਦੀ ਇੱਕ ਬਹੁਚਰਚਿਤ ਜਿੰਮ ‘ਚ ਕਸਰਤ ਲਈ ਇੱਕੱਠੇ ਹੁੰਦੇ ਦੋ ਜਣਿਆਂ (ਮਹਿਲਾ-ਪੁਰਸ਼ ) ‘ਚ ਕਾਇਮ ਹੋਈ ਦੋਸਤੀ ਨੂੰ ਗੂੜੀਆਂ ਨਜਦੀਕੀਆਂ ਵਿੱਚ ਬਦਲਣ ਲਈ ਬਹੁਤਾ ਸਮਾਂ ਨਹੀਂ ਲੱਗਿਆ। ਆਖਿਰ ਇੱਕ ਦਿਨ ਅਜਿਹਾ ਵੀ ਆਇਆ ,ਜਦੋਂ ਦੋਸ਼ੀ ਨੇ ਆਪਣੀ ਦੋਸਤ ਨੂੰ ਆਪਣੇ ਪਰਿਵਾਰ ਨੂੰ ਮਿਲਾਉਣ ਦੇ ਬਹਾਨੇ ਹਵਸ ਦਾ ਸ਼ਿਕਾਰ ਬਣਾ ਧਰਿਆ। ਇੱਥੇ ਹੀ ਬੱਸ ਨਹੀਂ ,ਦੋਸ਼ੀ ਨੇ ਪੀੜਤਾ ਦੀਆਂ ਅਸ਼ਲੀਲ ਫੋਟੋਆਂ ਖਿੱਚ ਕੇ, ਉਸ ਨੂੰ ਬਲੈਕਮੇਲ ਕਰਕੇ , ਵਾਰ-ਵਾਰ ਉਸ ਦਾ ਸ਼ਰੀਰਕ ਸ਼ੋਸ਼ਣ ਤਾਂ ਕੀਤਾ ਹੀ, ਬਲੈਕਲਿੰਗ ਰਾਹੀਂ 7 ਲੱਖ ਰੁਪਏ ਵੀ ਡਕਾਰ ਲਏ। ਪੁਲਿਸ ਨੇ ਦੋਸ਼ੀ ਖਿਲਾਫ ਕੇਸ ਦਰਜ ਕਰਕੇ,ਉਸ ਦੀ ਤਲਾਸ਼ ਵੀ ਸ਼ੁਰੂ ਕਰ ਦਿੱਤੀ ਹੈ। ਪੱਤੀ ਸੇਖਵਾ ਪਿੰਡ ਦੇ ਰਹਿਣ ਵਾਲੇ ਦੋਸ਼ੀ ਨੇ ਬਲਾਤਕਾਰ ਦੀ ਪਹਿਲੀ ਘਟਨਾ ਮਈ 2023 ਨੂੰ ਅੰਜਾਮ ਦਿੱਤੀ। ਬਾਅਦ ਵਿੱਚ ਸ਼ਹਿਰ ਦੇ ਦੋ ਨਾਮੀ ਹੋਟਲਾਂ ਵਿੱਚ ਕਮਰੇ ਲੈ ਕੇ ਵੀ ਦੋਸ਼ੀ ਲਗਾਤਾਰ ਬਲਾਤਕਾਰ ਕਰਦਾ ਰਿਹਾ।
ਬਰਨਾਲਾ ਸ਼ਹਿਰ ਦੀ ਰਹਿਣ ਵਾਲੀ ਔਰਤ ਅਨੁਸਾਰ ਉਸ ਦਾ ਘਰਵਾਲਾ ਕਰੀਬ 9 ਮਹੀਨੇ ਪਹਿਲਾਂ ਕੈਨੇਡਾ ਚਲਾ ਗਿਆ ਸੀ । ਦੋਸ਼ੀ ਗੁਰਦੀਪ ਸਿੰਘ ਵਾਸੀ ਪੱਤੀ ਸੇਖਵਾਂ ਉਸ ਨੂੰ ਅਪ੍ਰੈਲ ਮਹੀਨੇ ,ਬਰਨਾਲਾ ਦੀ ਇੱਕ ਬਹੁਚਰਚਿਤ ਜਿੰਮ ਵਿੱਚ ਮਿਲਿਆ ਸੀ। ਗੁਰਦੀਪ ਸਿੰਘ ਨੇ ਉਸ ਨਾਲ ਰਾਬਤਾ ਕਾਇਮ ਕਰਕੇ ਮੋਬਾਇਲ ਨੰਬਰ ਲੈ ਕੇ ਮੈਸਿਜ ਕਰਨੇ ਸ਼ੁਰੂ ਕਰ ਦਿੱਤੇ । ਉਹ ਕਹਿਣ ਲੱਗਿਆ ਕਿ ਮੈਂ ਤੁਹਾਡਾ ਦੋਸਤ ਬਣਕੇ ਰਹਿਣਾ ਚਾਹੁੰਦਾ ਹਾਂ । ਇਸ ਤੋਂ ਬਾਅਦ ਦੋਸਤ ਵਜੋਂ ਗੱਲਬਾਤ ਕਰਨ ਲੱਗ ਪਏ। ਮਈ ਦੇ ਪਹਿਲੇ ਹਫਤੇ ਗੁਰਦੀਪ ਸਿੰਘ, ਉਸ ਨੂੰ ਆਪਣੇ ਨਾਨਕੇ ਪਰਿਵਾਰ ਨੂੰ ਪਿੰਡ ਟੱਲੇਵਾਲ ਵਿਖੇ ਮਿਲਾਉਣ ਦਾ ਬਹਾਨਾ ਲਾ ਕੇ ਆਪਣੀ ਸਵਿਫਟ ਕਾਰ ਨੰਬਰ 8109 ਵਿੱਚ ਬਿਠਾ ਕਰ ਟੱਲੇਵਾਲ ਘਰ ਲੈ ਗਿਆ । ਜਦੋਂ ਉਹ ਘਰ ਪਹੁੰਚੇ ਤਾਂ ਘਰ ਦੇ ਅੰਦਰ ਕੋਈ ਹੋਰ ਨਹੀਂ ਸੀ । ਪੀੜਤਾ ਅਨੁਸਾਰ ਗੁਰਦੀਪ ਸਿੰਘ ਨੇ ਬਦਨੀਯਤ ਨਾਲ ਘਰ ਨੂੰ ਅੰਦਰੋਂ ਕੁੰਡਾ ਲੱਗਾ ਦਿੱਤਾ ਅਤੇ ਇਕ ਕਮਰੇ ਅੰਦਰ ਲਿਜਾ ਕੇ , ਉਸ ਦੀ ਮਰਜੀ ਤੋਂ ਬਗੈਰ ਜਬਰਦਸਤੀ ਬਲਾਤਕਾਰ ਕੀਤਾ ‘ਤੇ ਅਸ਼ਲੀਲ ਫੋਟੋਆਂ ਵੀ ਖਿੱਚ ਲਈਆਂ ਅਤੇ ਧਮਕੀ ਵੀ ਦਿੱਤੀ ਕਿ ਅਗਰ ਇਹ ਗੱਲ ਕਿਸੇ ਨੂੰ ਦੱਸੀ ਤਾਂ ਉਹ ਫੋਟੋਆਂ ਵਾਇਰਲ ਕਰ ਦੇਵੇਗਾ ਅਤੇ ਮੈਨੂੰ ਜਾਨ ਤੋਂ ਮਾਰ ਦੇਵੇਗਾ ।
‘ਤੇ ਫਿਰ ਇੰਝ ਸ਼ੁਰੂ ਹੋ ਗਈ ਬਲੈਕਮੇਲਿੰਗ..!
ਪੀੜਤਾ ਮੁਤਾਬਿਕ ਦੋਸ਼ੀ ਨੇ ਉਸ ਨੂੰ ਬਲੈਕਮੇਲ ਕਰਦਿਆਂ ਰੁਪੱਈਆਂ ਦੀ ਮੰਗ ਕਰਨੀ ਸੁਰੂ ਕਰ ਦਿੱਤੀ । ਆਪਣੀ ਬਦਨਾਮੀ ਤੋਂ ਡਰਦਿਆਂ ,ਇੱਜਤ ਬਚਾਉਣ ਲਈ ਉਸ ਨੇ ਦੋਸ਼ੀ ਨੂੰ ਆਪਣੇ ਬੈਂਕ ਅਕਾਉਂਟ ਵਿੱਚੋਂ 20 ਮਈ ਨੂੰ 6 ਲੱਖ 50 ਹਜਾਰ ਰੁਪਏ ਕੱਢਵਾ ਕੇ ਦੋਸ਼ੀ ਨੂੰ ਦੇ ਦਿੱਤੇ । ਪ੍ਰੰਤੂ ਫਿਰ ਵੀ ਦੋਸ਼ੀ ਨੇ ਉਸ ਨੂੰ ਬਲੈਕਮੇਲ ਕਰਨਾ ਨਹੀਂ ਛੱਡਿਆ ਅਤੇ ਉਹ ਬਲੈਕਮੇਲ ਕਰਕੇ ,ਉਸ ਪਾਸੋਂ ਪੈਸੇ ਖਰਚਾਉਂਦਾ ਰਿਹਾ ਅਤੇ ਸਰੀਰਿਕ ਸ਼ੋਸ਼ਣ ਵੀ ਕਰਦਾ ਰਿਹਾ। ਪੀੜਤ ਅਨੁਸਾਰ ਦੋਸ਼ੀ ਨੇ ਸਨਪਾਰਕ ਹੋਟਲ ਬਰਨਾਲਾ ਅਤੇ OYO ਹੋਟਲ ਬਰਨਾਲਾ ਵਿਖੇ ਕਮਰੇ ਲੈ ਕੇ, ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ। ਪੀੜਤਾ ਨੇ ਇਹ ਵੀ ਦੋਸ਼ ਲਾਇਆ ਕਿ ਦੋਸ਼ੀ ਦੇ ਪਰਿਵਾਰ ਦੇ ਕੁੱਝ ਮੈਂਬਰ ਵੀ ਬਲੈਕਮੇਲ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਿਲ ਸਨ। ਪੀੜਤਾ ਦਾ ਕਹਿਣਾ ਹੈ ਕਿ ਦੋਸ਼ੀ ਗੁਰਦੀਪ ਸਿੰਘ ,ਬਲੈਕਮੇਲਿੰਗ ਕਰਕੇ, ਕਰੀਬ ਇੱਕ ਮਹੀਨਾ 20 ਸਤੰਬਰ ਤੱਕ ਉਸ ਦੇ ਘਰ ਰਿਹਾ ,’ਤੇ ਹਰ ਰੋਜ ਬਲਾਤਕਾਰ ਕਰਦਾ ਰਿਹਾ ਅਤੇ ਉਸ ਤੋਂ ਪੈਸੇ ਵੀ ਹੜੱਪਦਾ ਰਿਹਾ ਅਤੇ ਇਸ ਤਰ੍ਹਾਂ ਨਾਲ ਦੋਸ਼ੀ ਉਸ ਤੋਂ ਕਰੀਬ 7 ਲੱਖ ਰੁਪਏ ਹੜੱਪ ਕਰ ਚੁੱਕਾ ਹੈ।
‘ਤੇ ਬਲੈਕਮੇਲਿੰਗ ਤੋਂ ਤੰਗ ਆ ਕੇ ਕੀਤੀ ssp ਕੋਲ ਫਰਿਆਦ
ਪੀੜਤ ਔਰਤ ਦਾ ਕਹਿਣਾ ਹੈ ਕਿ ਕਈ ਮਹੀਨਿਆਂ ਤੱਕ ਉਹ ਸਮਾਜ ਵਿੱਚ ਬਦਨਾਮੀ ਦੇ ਡਰੋਂ ਚੁੱਪ-ਚਾਪ ਅੱਤਿਆਚਾਰ ਸਹਿੰਦੀ ਰਹੀ। ਪਰੰਤੂ ਹਰ ਦਿਨ ਵੱਧਦੇ ਅੱਤਿਆਚਾਰ ਅਤੇ ਬਲੈਕਮੇਲਿੰਗ ਦੀ ਇੰਤਹਾ ਹੋਣ ਤੋਂ ਤੰਗ ਆ ਕੇ, ਉਸ ਨੇ 27 ਸਤੰਬਰ ਨੂੰ ਐਸ.ਐਸਪੀ. ਬਰਨਾਲਾ ਕੋਲ ਪੇਸ਼ ਹੋ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਵਾਉਣ ਸਬੰਧੀ ਸ਼ਕਾਇਤ ਦੇ ਦਿੱਤੀ । ਬੇਸ਼ੱਕ ਐਸ.ਐਸ.ਪੀ. ਸੰਦੀਪ ਮਲਿਕ ਨੇ ਮਾਮਲੇ ਦੀ ਤਫਤੀਸ਼ ਪਰਦੀਪ ਸਿੰਘ ਸੰਧੂ ਕਪਤਾਨ ਪੁਲਿਸ (ਪੀ.ਬੀ.ਆਈ) ਬਰਨਾਲਾ ਨੂੰ 15 ਦਿਨਾਂ ਦੇ ਅੰਦਰ ਅੰਦਰ ਕਰਕੇ, ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਦੇ ਦਿੱਤੀ ਸੀ । ਪਰੰਤੂ ਇਹ ਪੰਦਰਾਂ ਦਿਨਾਂ ਦੀ ਪ੍ਰਕਿਰਿਆ ਕਈ ਅਧਿਕਾਰੀਆਂ ਦੇ ਹੱਥਾਂ ਵਿੱਚੋਂ ਨਿਕਲਦੀ-ਨਿਕਲਦੀ 24 ਨਵੰਬਰ ਤੱਕ ਹੀ ਪੂਰੀ ਹੋਈ। ਥਾਣਾ ਟੱਲੇਵਾਲ ਦੇ ਐਸ.ਐਚ.ਓ ਸੁਖਵਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਪੁਲਿਸ ਨੇ ਮਾਨਯੋਗ ਐਸ.ਐਸ.ਪੀ. ਸ੍ਰੀ ਸੰਦੀਪ ਮਲਿਕ ਦੇ ਹੁਕਮ ਤੇ 24 ਨਵੰਬਰ ਨੂੰ ਨਾਮਜ਼ਦ ਦੋਸ਼ੀ ਗੁਰਦੀਪ ਸਿੰਘ ਵਾਸੀ ਪੱਤੀ ਸੇਖਵਾ ਦੇ ਖਿਲਾਫ ਅਧੀਨ ਜੁਰਮ 376 (2) N ਤਹਿਤ ਥਾਣਾ ਟੱਲੇਵਾਲ ਵਿਖੇ ਕੇਸ ਦਰਜ ਕਰਕੇ,ਦੋਸ਼ੀ ਤੀ ਤਲਾਸ਼ ਸ਼ੁਰੂ ਕਰ ਦਿੱਤੀ। ਜਲਦ ਹੀ ਦੋਸ਼ੀ ਨੂੰ ਗਿਰਫਤਾਰ ਕਰ ਲਿਆ ਜਾਵੇਗਾ।