ਸਰਕਾਰੀ ਕਰਮਚਾਰੀਆਂ ਨੇ ਖੇਤਾਂ ‘ਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਲਈ ਕੀਤੀ ਅਪੀਲ

Advertisement
Spread information

ਰਘਬੀਰ ਹੈਪੀ, ਬਰਨਾਲਾ, 8 ਨਵੰਬਰ 2023

    ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੀਆਂ ਟੀਮਾਂ ਅਤੇ ਬਰਨਾਲਾ ਪੁਲਿਸ ਦੀਆਂ ਟੀਮਾਂ ਨੇ ਵੱਖ-ਵੱਖ ਪਿੰਡਾਂ ‘ਚ ਕਿਸਾਨਾਂ ਦੇ ਖੇਤਾਂ ‘ਚ ਜਾ ਕੇ ਅਪੀਲ ਕੀਤੀ ਕਿ ਉਹ ਪਰਾਲੀ ਦਾ ਪ੍ਰਬੰਧਨ ਕਰਨ। ਸਰਕਾਰੀ ਅਫ਼ਸਰਾਂ ਅਤੇ ਕਰਮਚਾਰੀਆਂ ਵੱਲੋਂ ਨਿਰੰਤਰ ਪਿੰਡ – ਪਿੰਡ ਜਾ ਕੇ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਹੈ ਕਿ ਉਹ ਸਰਕਾਰ ਵੱਲੋਂ ਸਬਸਿਡੀ ਉੱਤੇ ਦਿੱਤੇ ਜਾਣ ਵਾਲੇ ਖੇਤੀ ਸੰਦਾਂ ਦੀ ਵਰਤੋਂ ਕਰਦਿਆਂ ਪਰਾਲੀ ਦਾ ਪ੍ਰਬੰਧਨ ਕਰਨ ।

      ਇਸ ਸਬੰਧੀ ਵਧੇਰੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਵੱਖ ਵੱਖ ਖੇਤਰਾਂ ‘ਚ ਤੈਨਾਤ ਸਰਕਾਰੀ ਸਟਾਫ ਵੱਲੋਂ ਜਿੱਥੇ ਕਿਸਾਨਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਨਾਲ ਹੀ ਮੌਕੇ ਉੱਤੇ ਪੁੱਜ ਕੇ ਅੱਗ ਬੁਝਾਈ ਵੀ ਜਾ ਰਹੀ ਹੈ । ਇਸੇ ਤਰ੍ਹਾਂ ਅੱਜ ਪਿੰਡ ਕੁਤਬਾ, ਚੰਨਣਵਾਲ, ਛਾਪਾ ਆਦਿ ਵਿਖੇ ਲੱਗੀ ਅੱਗ ਸਟਾਫ ਵੱਲੋਂ ਬੁਝਾਈ ਗਈ। ਪਿੰਡ ਫਤੇਹਗੜ੍ਹ ਚੰਨਾ, ਧਨੌਲਾ ਖੁਰਦ, ਪੰਧੇਰ, ਸੇਖਾ, ਮਹਿਲ ਖੁਰਦ, ਛੀਨੀਵਾਲ ਕਲਾਂ ਆਦਿ ਵਿਖੇ ਕਿਸਾਨਾ ਨੂੰ ਖੇਤਾਂ ‘ਚ ਅੱਗ ਨਾ ਲਗਾਉਣ ਲਈ ਪ੍ਰੇਰਿਆ ਗਿਆ।

     ਇਸੇ ਤਰ੍ਹਾਂ ਬਰਨਾਲਾ ਪੁਲਿਸ ਵੱਲੋਂ ਵੀ ਵੱਖ ਵੱਖ ਪਿੰਡਾਂ ਦਾ ਦੌਰਾ ਕਰ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਖੇਤਾਂ ਨੂੰ ਅੱਗ ਨਾ ਲਗਾਉਣ । ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਨੇ ਖੁਦ ਪਿੰਡਾਂ ਦਾ ਦੌਰਾ ਕੀਤਾ ਅਤੇ ਮੌਕੇ ਉੱਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਹਦਾਇਤ ਦਿੱਤੀ ਕਿ ਉਹ ਖੇਤਾਂ ‘ਚ ਅੱਗ ਨਾ ਲਗਾਉਣੀ ਯਕੀਨੀ ਬਣਾਉਣ। ਇਸੇ ਤਰ੍ਹਾਂ ਪੁਲਿਸ ਵਿਭਾਗ ਦੇ ਅਫ਼ਸਰ ਅਤੇ ਕਰਮਚਾਰੀਆਂ ਵੱਲੋਂ ਪਿੰਡ ਠੀਕਰੀਵਾਲ, ਤਾਜੋਕੇ ਆਦਿ ਵਿਖੇ ਜਾ ਕੇ ਅੱਗ ਬੁਝਾਈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਪਿੰਡ ਮੌਰ ਨਾਭਾ, ਭਗਤਪੁਰਾ, ਦਾਣਾ ਮੰਡੀ ਮਹਿਲ ਕਲਾਂ, ਪੱਖੋਂ ਕਲਾਂ, ਆਦਿ ਵਿਖੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਆ।

     ਇਸ ਤੋਂ ਇਲਾਵਾ ਪਿੰਡਾਂ ਦੇ ਗੁਰੂ ਘਰਾਂ ਤੋਂ ਲਗਾਤਾਰ ਮੁਨਾਦੀ ਕਰਵਾ ਕੇ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸਾਫ ਵਾਤਾਵਰਨ ਵਿਚ ਆਪਣਾ ਯੋਗਦਾਨ ਪਾਉਣ ਅਤੇ ਕਿਸੇ ਵੀ ਸਥਿਤੀ ‘ਚ ਪਰਾਲੀ ਨੂੰ ਅੱਗ ਨਾ ਲਗਾਉਣ । ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾ ਨਾਲ ਨਿਰੰਤਰ ਰਾਬਤਾ ਕਾਇਮ ਕੀਤਾ ਗਿਇਆ ਹੈ ਤਾਂ ਜੋ ਪਰਾਲੀ ਪ੍ਰਬੰਧਨ ਲਈ ਖੇਤੀ ਸੰਦ ਲੋੜ ਅਨੁਸਾਰ ਕਿਸਾਨਾਂ ਨੂੰ ਮੁਹਈਆ ਕਰਵਾਏ ਜਾ ਸਕਣ।

Advertisement
Advertisement
Advertisement
Advertisement
error: Content is protected !!