ਬਿੱਟੂ ਜਲਾਲਾਬਾਦੀ, ਫਾਜ਼ਿਲਕਾ 5 ਨਵੰਬਰ 2023
ਫਾਜਿ਼ਲਕਾ ਜਿ਼ਲ੍ਹੇ ਦੇ ਕੁਦਰਤ ਨੂੰ ਪਿਆਰ ਕਰਨ ਵਾਲੇ ਮਿਹਨਤੀ ਕਿਸਾਨ ਪਰਾਲੀ ਨੂੰ ਸਾੜਨ ਦੀ ਬਜਾਏ ਇਸਦੇ ਯੋਗ ਤਰੀਕੇ ਨਾਲ ਨਿਪਟਾਰੇ ਲਈ ਦਿਲੋ ਜਾਨ ਨਾਲ ਉਪਰਾਲੇ ਕਰ ਰਹੇ ਹਨ। ਜਿ਼ਲ੍ਹੇ ਵਿਚ ਹੁਣ ਤੱਕ 1 ਲੱਖ 5 ਹਜਾਰ ਟਨ ਪਰਾਲੀ ਦੀਆਂ ਗੱਠਾਂ ਬਣਾ ਕੇ ਕਿਸਾਨਾਂ ਨੇ ਸੰਭਾਲ ਕੀਤੀ ਹੈ। ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਇੰਨ੍ਹਾਂ ਵਾਤਾਵਰਨ ਦੇ ਰਾਖੇ ਕਿਸਾਨਾਂ ਦੀ ਮਿਹਨਤ ਨੂੰ ਸਿਜਦਾ ਕਰਦਿਆਂ ਇੰਨ੍ਹਾਂ ਦੀ ਜੋਰਦਾਰ ਸਲਾਘਾ ਕੀਤੀ ਹੈ ਜੋ ਕਿ ਹੋਰਨਾਂ ਲਈ ਵੀ ਪ੍ਰੇਰਣਾ ਸ਼ੋ੍ਰਤ ਬਣ ਰਹੇ ਹਨ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਡੀ ਡਿਵੈਪਲਪਮੈਂਟ ਪ੍ਰਾਈਵੇਟ ਲਿਮਟਿਡ ਵੱਲੋਂ ਜਿ਼ਲ੍ਹੇ ਵਿਚੋਂ ਹੁਣ ਤੱਕ 43 ਹਜਾਰ ਟਨ ਪਰਾਲੀ ਇੱਕਠੀ ਕੀਤੀ ਗਈ ਹੈ। ਸੇਤੀਆ ਪੇਪਰ ਮਿੱਲ 36 ਹਜਾਰ ਟਨ ਪ੍ਰਰਾਲੀ ਇਕੱਠੀ ਕੀਤੀ ਗਈ ਹੈ। ਇਸੇ ਤਰਾਂ ਸੁਸਟੇਨੇਬਲ ਐਗਰੀ ਵੈਂਚਰ ਕਰਨੀਖੇੜਾ ਵੱਲੋਂ 10 ਹਜਾਰ ਟਨ, ਸੰਪੂਰਨਾ ਐਗਰੀਵੈਂਚਰ ਵੱਲੋਂ 12000 ਟਨ ਅਤੇ ਬਾਰੇਕਾ ਵਿਖੇ ਬਣੇ ਇਕ ਡੰਪ ਵਿਚ 4000 ਟਨ ਪਰਾਲੀ ਸਟੋਰ ਕੀਤੀ ਗਈ ਹੈ।ਉਨ੍ਹਾਂ ਨੇ ਦੱਸਿਆ ਕਿ ਇਸਤੋਂ ਬਿਨ੍ਹਾਂ ਜਿ਼ਲ੍ਹਾਂ ਪ੍ਰਸ਼ਾਸਨ ਵੱਲੋਂ ਪਰਾਲੀ ਸਟੋਰ ਕਰਨ ਲਈ ਲੈਂਡ ਬੈਂਕ ਵੀ ਕਿਸਾਨਾਂ ਨੂੰ ਮੁਹਈਆ ਕਰਵਾਏ ਗਏ ਹਨ ਜਿੱਥੇ ਕਿਸਾਨ ਆਪਣੀ ਪਰਾਲੀ ਸਟੋਰ ਕਰ ਸਕਦੇ ਹਨ।ਜਿਕਰਯੋਗ ਹੈ ਕਿ ਜਿਲ਼੍ਹੇ ਵਿਚ 2 ਲੱਖ 10 ਹਜਾਰ ਟਨ ਪਰਾਲੀ ਸਟੋਰ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਕਿਨੂੰ ਦੇ ਬਾਗਾਂ ਵਿਚ ਵੀ ਪਰਾਲੀ ਨਾਲ ਮਲਚਿੰਗ ਕਰਕੇ ਇਸਦੀ ਵਰਤੋਂ ਕਿਸਾਨ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕਿਨੂੰ ਵਿਚ ਮਲਚਿੰਗ ਕਰਨ ਨਾਲ ਬਾਗ ਨੂੰ ਪਾਣੀ ਦੀ ਘੱਟ ਲੋੜ ਪੈਂਦੀ ਹੈ, ਬਾਗ ਤੇ ਗਰਮੀ ਸਰਦੀ ਦਾ ਅਸਰ ਘੱਟ ਹੁੰਦਾ ਹੈ ਅਤੇ ਬਾਗ ਨੂੰ ਰੂੜੀ ਦੀ ਖਾਦ ਘੱਟ ਪਾਉਣੀ ਪੈਂਦੀ ਹੈ।
ਡਿਪਟੀ ਕਮਿਸ਼ਨਰ ਨੇ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਰਾਲੀ ਦਾ ਵਿਭਾਗ ਵੱਲੋਂ ਸੁਝਾਏ ਤਰੀਕੇ ਨਾਲ ਨਿਪਟਾਰਾ ਕਰਨ ਅਤੇ ਅੱਗ ਨਾ ਲਗਾਉਣ।ਜਿਕਰਯੋਗ ਹੈ ਕਿ ਇਸ ਸਾਲ ਜਿ਼ਲ੍ਹੇ ਵਿਚ ਪਰਾਲੀ ਪ੍ਰਬੰਧਨ ਲਈ ਸਰਕਾਰ ਨੇ ਵੱਡੀ ਪੱਧਰ ਤੇ ਮਸ਼ੀਨਾਂ ਉਪਲਬੱਧ ਕਰਵਾਈਆਂ ਹਨ।