ਅਸ਼ੋਕ ਵਰਮਾ, ਬਠਿੰਡਾ,4 ਨਵੰਬਰ 2023
ਬਠਿੰਡਾ ਦੇ ਬਾਹੀਆ ਫੋਰਟ ਇਲਾਕੇ ’ਚ ਦੋ ਨਵੰਬਰ ਦੇਰ ਸ਼ਾਮ ਨੂੰ ਮਾਮੂਲੀ ਤਕਰਾਰ ਨੂੰ ਲੈਕੇ ਕੀਤੀ ਗਈ ਫਾਇਰਿੰਗ ਦੌਰਾਨ ਗੰਭੀਰ ਜਖਮੀ ਨੌਜਵਾਨ ਸ਼ਿਵਮ ਦੀ ਮੌਤ ਦੇ ਮਾਮਲੇ ’ਚ ਪੁਲਿਸ ਨੇ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇਸ ਕਤਲ ਦੌਰਾਨ ਵਰਤੀ ਗਈ 12 ਬੋਰ ਦੀ ਰਾਈਫਲ ਵੀ ਬਰਾਮਦ ਕਰ ਲਈ ਹੈ। ਸੀਨੀਅਰ ਪੁਲਿਸ ਕਪਤਾਨ ਬਠਿੰਡਾ ਗੁਲਨੀਤ ਸਿੰਘ ਖੁਰਾਣਾ, ਐਸ ਪੀ ਸਿਟੀ ਨਰਿੰਦਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਲਜਮ ਗਗਨਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਉਰਫ ਮਿੱਠੂ ਸਿੰਘ ਵਾਸੀ ਬਿਰਲਾ ਮਿੱਲ ਕਲੋਨੀ ਨੇ ਆਪਣੇ ਸਾਥੀਆਂ ਸ਼ਿਵਮਪਾਲ ਅਤੇ ਐਡਵੋਕੇਟ ਰੇਸ਼ਮ ਸਿੰਘ ਵਾਸੀ ਬੁਰਜ ਰਾਜਗੜ੍ਹ ਜਿਲ੍ਹਾ ਬਠਿੰਡਾ ਨੇ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਚਲਾ ਦਿੱਤੀਆਂ ਸਨ।
ਉਨ੍ਹਾਂ ਦੱਸਿਆ ਕਿ ਫਾਇਰਿੰਗ ਦੌਰਾਨ ਸ਼ਿਵਮਪਾਲ ਅਤੇ ਰੇਸ਼ ਸਿੰਘ ਗੰਭੀਰ ਜਖਮੀ ਹੋਏ ਸਨ। ਉਨ੍ਹਾਂ ਦੱਸਿਆ ਕਿ ਜਖਮੀ ਸ਼ਿਵਮਪਾਲ ਦੀ ਇਲਾਜ਼ ਦੌਰਾਨ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਡੀਐਸਪੀ ਸਿਟੀ ਕੁਲਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਥਾਣਾ ਕੋਤਵਾਲੀ ਦੇ ਮੁੱਖ ਥਾਣਾ ਅਫਸਰ ਪਰਵਿੰਦਰ ਸਿੰਘ ਨੇ ਮੁਲਜਮ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗਗਨਦੀਪ ਸਿੰਘ ਖਿਲਾਫ ਥਾਣਾ ਕੈਨਾਲ ਕਲੋਨੀ ਵਿਖੇ ਨਸ਼ਿਆਂ ਦਾ ਮਾਮਲਾ ਦਰਜ ਹੈ। ਦੱਸਣਯੋਗ ਹੈ ਕਿ ਮਾਲ ਰੋਡ ’ਤੇ ਹੋਏ ਹਰਜਿੰਦਰ ਸਿੰਘ ਮੇਲਾ ਦੇ ਕਤਲ ਕਾਰਨ ਬਣੀ ਦਹਿਸ਼ਤ ਅਜੇ ਬਰਕਰਾਰ ਸੀ ਕਿ ਮਾਲ ਰੋਡ ਤੇ ਵਾਪਰੇ ਇਸ ਗੋਲੀਕਾਂਡ ਕਾਰਨ ਸਹਿਮ ਦਾ ਮਹੌਲ ਲਗਾਤਾਰ ਬਣਿਆ ਹੋਇਆ ਸੀ।
ਮੁਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਗਗਨਦੀਪ ਸਿੰਘ ਨਾਂ ਦੇ ਨੌਜਵਾਨ ਦਾ ਰੇਸ਼ਮ ਸਿੰਘ ਅਤੇ ਸ਼ਿਵਮਪਾਲ ਨਾਲ ਫੋਨ ਤੇ ਤਿੱਖੀ ਬਹਿਸ ਹੋ ਗਈ ਸੀ। ਦੇਰ ਸ਼ਾਮ ਸ਼ਿਵਮ ਅਤੇ ਰੇਸ਼ਮ ਦੋਵੇਂ ਗਗਨਦੀਪ ਸਿੰਘ ਦੇ ਘਰ ਦੇ ਬਾਹਰ ਪਹੁੰਚ ਗਏ ਜਿੱਥੇ ਗੁੱਸੇ ’ਚ ਆਏ ਗਗਨਦੀਪ ਨੇ ਆਪਣੀ ਦੋਨਾਲੀ ਬੰਦੂਕ ਨਾਲ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਨਾਲ ਦੋਵੇਂ ਜਣੇ ਹੇਠਾਂ ਡਿੱਗ ਪਏ ਜਿੰਨ੍ਹਾਂ ਨੂੰ ਸਹਾਰਾ ਵਰਕਰ ਹਸਪਤਾਲ ਲੈ ਗਏ। ਮੌਕੇ ਤੇ ਮੌਜੂਦ ਡਾਕਟਰਾਂ ਨੇ ਮੁਢਲੀ ਸਹਾਇਤਾ ਦੇਣ ਉਪਰੰਤ ਰੈਫਰ ਕਰ ਦਿੱਤਾ ਜਿੱਥੇ ਸ਼ਿਵਮ ਪਾਲ ਵਾਸੀ ਪਰਸ ਰਾਮ ਨਗਰ ਗਲੀ ਨੰਬਰ 29 ਦੀ ਮੌਤ ਹੋ ਗਈ।