ਗਗਨ ਹਰਗੁਣ , ਸੰਗਰੂਰ 2 ਨਵੰਬਰ 2023
ਜਿਲ੍ਹੇ ਦੇ ਸੁਨਾਮ-ਪਟਿਆਲਾ ਮੁੱਖ ਸੜਕ ਮਾਰਗ ਸਥਿਤ ਪਿੰਡ ਮਰੜਖੇੜਾ ਨੇੜੇ ਵੀਰਵਾਰ ਤੜਕੇ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਬੱਚੇ ਸਮੇਤ 6 ਜਣਿਆਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੰਗਰੂਰ ਪੁਲਸ ਹਾਦਸੇ ਵਾਲੀ ਥਾਂ ਤੇ ਪਹੁੰਚ ਕੇ ਜਾਂਚ ਵਿੱਚ ਜੁਟ ਗਈ ਹੈ। ਹਾਦਸੇ ‘ਚ ਮਰਨ ਵਾਲਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਸੰਗਰੂਰ ਭੇਜ ਦਿੱਤਾ ਗਿਆ ਹੈ । ਪਤਾ ਲੱਗਿਆ ਹੈ ਕਿ ਇਹ ਹਾਦਸਾ ਇੱਕ ਧਾਰਮਿਕ ਸਥਾਨ ਤੋਂ ਪਰਤਦੇ ਸਮੇਂ ਵਾਪਰਿਆ ਹੈ । ਹਾਦਸਾ ਇੱਨ੍ਹਾਂ ਭਿਅੰਕਰ ਸੀ ਕਿ ਕਾਰ ਵਿੱਚ ਫਸੇ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਣ ਲਈ, ਕਟਰ ਦੀ ਵਰਤੋਂ ਕਰਨੀ ਪਈ। ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ ਰਾਤ ਸੁਨਾਮ ਦੇ ਨੀਰਜ ਸਿੰਗਲਾ ਸਮੇਤ ਉਸ ਦੇ ਹੋਰ ਸਾਥੀ ਮਾਰੂਤੀ ਕਾਰ ਵਿੱਚ ਸਵਾਰ ਸਨ । ਉਹ ਮਾਲੇਰਕੋਟਲਾ ਵਿੱਚ ਬਾਬਾ ਹੈਦਰ ਸ਼ੇਖ ਦੀ ਦਰਗਾਹ ’ਤੇ ਮੱਥਾ ਟੇਕ ਕੇ ਸੁਨਾਮ ਵਾਪਸ ਆ ਰਿਹਾ ਸੀ। ਇਹ ਹਾਦਸਾ ਲੰਘੀ ਰਾਤ ਕਰੀਬ ਡੇਢ ਵਜੇ ਹੋਇਆ । ਹਾਦਸੇ ਵਾਲੀ ਜਗ੍ਹਾ ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਇੱਕ ਟੈਂਕਰ ਅਤੇ ਟਰਾਲੀ ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਗਈ । ਕਾਰ ਦੋਵਾਂ ਵਹੀਕਲਾਂ ਦੇ ਵਿਚਕਾਰ ਫਸ ਗਈ। ਹਾਦਸੇ ਵਿੱਚ ਸੁਨਾਮ ਵਾਸੀ ਨੀਰਜ ਸਿੰਗਲਾ (37) , ਉਸ ਦਾ 4 ਸਾਲਾ ਪੁੱਤਰ ਮਾਧਵ ਸਿੰਗਲਾ, ਲਲਿਤ ਬਾਂਸਲ (45), ਦਵੇਸ਼ ਜਿੰਦਲ (33), ਦੀਪਕ ਜਿੰਦਲ (30) ਅਤੇ ਵਿਜੇ ਕੁਮਾਰ (50) ਦੀ ਮੌਤ ਹੋ ਗਈ ਅਤੇ ਕਾਰ ਬੁਰੀ ਤਰ੍ਹਾਂ ਟੁੱਟ ਗਈ। ਕਾਰ ‘ਚ ਸਵਾਰ ਸਾਰੇ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।