ਰਘਬੀਰ ਹੈਪੀ , ਬਰਨਾਲਾ 19 ਅਕਤੂਬਰ 2023
ਸਰਕਾਰ ਦੀ ਘਟੀਆ ਕਾਰਗੁਜ਼ਾਰੀ ਦੇ ਚਲਦਿਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਅਤੇ ਚੁਕਾਈ ਵਿੱਚ ਹੋ ਰਹੀ ਬੇਲੋੜੀ ਦੇਰੀ ਕਾਰਨ ਖੱਜਲ ਖੁਆਰ ਹੋ ਰਹੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਲਈ, ਅੱਜ ਕਾਂਗਰਸੀ ਡਿਪਟੀ ਕਮਿਸ਼ਨਰ ਕੋਲ ਪਹੁੰਚ ਗਏ। ਕਾਂਗਰਸ ਦੇ ਬਲਾਕ ਪ੍ਰਧਾਨ ਮਹੇਸ਼ ਲੋਟਾ ਦੀ ਅਗਵਾਈ ਵਿੱਚ ਕਾਂਗਰਸੀ ਆਗੂਆਂ ਦੇ ਵਫਦ ਨੇ ਡੀਸੀ ਪੂਨਮਦੀਪ ਕੌਰ ਨੂੰ ਬਕਾਇਦਾ ਮੰਗ ਪੱਤਰ ਵੀ ਸੌਂਪਿਆ।ਉਨ੍ਹਾਂ ਮੰਗ ਪੱਤਰ ਵਿੱਚ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਤੇ ਮੁੱਖ ਤੌਰ ਤੇ ਇਸੇ ਨਾਲ ਹੀ ਗੁਜ਼ਰ ਬਸਰ ਹੁੰਦਾ ਹੈ। ਪਿਛਲੇ ਸਮੇਂ ਆਏ ਹੜ੍ਹਾਂ ਨੇ ਪਹਿਲਾਂ ਹੀ ਪੰਜਾਬ ਦੀ ਕਿਸਾਨੀ ਦਾ ਲੱਕ ਤੋੜ ਦਿੱਤਾ ਹੈ ਤੇ ਫਸਲਾਂ ਤੇ ਘਰਾਂ ਸਮੇਤ ਹੋਰ ਵੀ ਬਹੁਤ ਨੁਕਸਾਨ ਪੰਜਾਬੀਆਂ ਨੂੰ ਝੱਲਣਾ ਪਿਆ ਹੈ। ਹੁਣ ਆਖਿਰਕਾਰ ਜਦੋਂ ਇੰਨੀ ਜਦੋ ਜਹਿਦ ਤੋਂ ਬਾਅਦ ਫ਼ਸਲ ਮੰਡੀਆਂ ਵਿੱਚ ਪਹੁੰਚੀ ਹੈ ਤਾਂ ਸਰਕਾਰ ਵੱਲੋਂ ਅਜੇ ਤੱਕ ਇਸ ਦੀ ਲਿਫ਼ਟਿੰਗ ਲਈ ਕੋਈ ਯੋਗ ਅਤੇ ਸੁਚਾਰੂ ਪ੍ਰਬੰਧ ਨਹੀਂ ਕੀਤਾ ਹੈ । ਜਿਸ ਕਾਰਨ ਕਿਸਾਨਾਂ ਦੀ ਫ਼ਸਲ ਖਰਾਬ ਹੋ ਰਹੀ ਹੈ। ਇਸ ਦੇਰੀ ਨਾਲ ਕਿਸਾਨਾਂ ਦੇ ਨਾਲ ਨਾਲ ਮਜ਼ਦੂਰ ਵਰਗ, ਆੜਤੀਏ ਤੇ ਵਪਾਰੀ ਵਰਗ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਿਹਾ ਹੈ । ਇਸ ਦਾ ਸਾਡੀ ਆਰਥਿਕ ਸਥਿਤੀ ਤੇ ਵੀ ਕਾਫੀ ਮਾੜਾ ਅਸਰ ਪੈ ਰਿਹਾ ਹੈ। ਇਸ ਨਾਲ ਸਾਰੇ ਹੀ ਵਰਗਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਪੰਜਾਬ ਇਸ ਸਮੇਂ ਅਜਿਹਾ ਨੁਕਸਾਨ ਝੱਲਣ ਤੋਂ ਅਸਮਰਥ ਹੈ। ਵਫਦ ਨੇ ਡੀਸੀ ਨੂੰ ਬੇਨਤੀ ਕਰਦਿਆਂ ਕਿਹਾ ਹੈ ਕਿ ਤੁਸੀਂ ਆਪਣੇ ਦਫ਼ਤਰ ਰਾਹੀਂ ਸੰਬੰਧਿਤ ਅਧਿਕਾਰੀਆਂ ਤੇ ਸਰਕਾਰ ਤੱਕ ਸਾਡੀ ਗੱਲ ਪਹੁੰਚਾ ਕੇ ਜਲਦ ਤੋਂ ਜਲਦ ਮੰਡੀਆਂ ਵਿੱਚੋਂ ਝੋਨੇ ਦੀ ਚੁਕਾਈ ਦਾ ਪ੍ਰਬੰਧ ਯਕੀਨੀ ਬਣਾਉ ਤਾਂ ਜੋ ਹੋਰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਹਨ। ਹੁਣ ਜੇਕਰ ਪੱਕੀ ਪਕਾਈ ਫ਼ਸਲ ਖਰਾਬ ਹੋ ਜਾਵੇਗੀ ਤਾਂ ਉਹਨਾਂ ਦੀ ਜ਼ਿੰਦਗੀ ‘ਤੇ ਹੀ ਸਵਾਲ ਬਣ ਜਾਵੇਗਾ। ਵਫਦ ਨੇ ਕਿਹਾ ਕਿ ਹਰ ਦਿਨ ਗੰਭੀਰ ਰੂਪ ਧਾਰ ਰਹੇ ਇਸ ਮੁੱਦੇ ਤੇ ਜਲਦ ਤੋਂ ਜਲਦ ਕਾਰਵਾਈ ਕਰਕੇ ਕਿਸਾਨਾਂ ਦੀ ਮਦਦ ਲਈ ਰਾਹ ਖੋਲਿਆ ਜਾਵੇ। ਇਸ ਮੌਕੇ ਕਾਂਗਰਸੀ ਆਗੂ ਮੱਖਣ ਸ਼ਰਮਾ, ਸੁਖਜੀਤ ਕੌਰ ਸੁੱਖੀ ,ਗੁਰਜੀਤ ਸਿੰਘ ਰਾਮਣਵਾਸੀਆ, ਮੋਹਨ ਲਾਲ,ਨਰਿੰਦਰ ਸ਼ਰਮਾ, ਗੁਰਮੇਲ ਸਿੰਘ ਮੌੜ,ਸਰਪੰਚ ਚੰਦ ਸਿੰਘ,ਜਸਵਿੰਦਰ ਟਿੱਲੂ ,ਕੌਸਲਰ ਅਜੇ ਕੁਮਾਰ ਆਦਿ ਹੋਰ ਆਗੂ ਵੀ ਮੌਜੂਦ ਰਹੇ।