ਰਿਚਾ ਨਾਗਪਾਲ, ਪਟਿਆਲਾ, 17 ਅਕਤੂਬਰ 2023
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਦੀ ਯੋਗ ਅਗਵਾਈ ਹੇਠ ਸਰਕਲ ਸਨੌਰ ਦੇ ਪਿੰਡ ਗਨੋਰ ਵਿਖੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਕੈਂਪ ਵਿਚ ਖੇਤੀਬਾੜੀ ਵਿਸਥਾਰ ਅਫ਼ਸਰ ਰਜਿੰਦਰ ਕੁਮਾਰ ਨੇ ਕਿਹਾ ਕਿ ਝੋਨੇ ਦੀ ਫ਼ਸਲ ਕੰਬਾਈਨ ਨਾਲ ਕੱਟਣ ਤੋਂ ਬਾਅਦ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਇਸ ਨੂੰ ਖੇਤਾਂ ਵਿਚ ਹੀ ਮਿਲਾਇਆ ਜਾਵੇ ਜਿਸ ਨਾਲ ਆਪਣੇ ਵਾਤਾਵਰਣ ਨੂੰ ਸਾਫ਼ ਰੱਖਣ, ਮਿੱਤਰ ਕੀੜੇ ਬਚਾਉਣ ਅਤੇ ਖਾਦਾਂ ਦੀ ਵਰਤੋਂ ਘਟਾਉਣ ਵਿਚ ਆਪਣਾ ਯੋਗਦਾਨ ਪਾਉਣ। ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰ ਕੀਤੇ ਚੈਟਬੋਟ (73800-16070) ਰਾਹੀਂ ਪਰਾਲੀ ਨੂੰ ਖੇਤਾਂ ਵਿਚ ਮਿਲਾਉਣ ਜਾਂ ਗੱਠਾਂ ਬਣਾਉਣ ਲਈ ਮਸ਼ੀਨਰੀ ਦੀ ਮੰਗ ਕਰਨ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਕਿਸਾਨਾਂ ਨੂੰ ਕਣਕ ਦੇ ਬੀਜ ਉੱਪਰ ਮਿਲਣ ਵਾਲੀ ਸਬਸਿਡੀ ਸਬੰਧੀ ਜਾਣਕਾਰੀ ਦਿੱਤੀ ਅਤੇ ਕਣਕ ਦੀ ਬਿਜਾਈ 25 ਅਕਤੂਬਰ, 2023 ਤੋਂ ਹੀ ਸ਼ੁਰੂ ਕਰਨ ਬਾਰੇ ਦੱਸਿਆ। ਇਸ ਕੈਂਪ ਵਿਚ ਬੀ.ਟੀ.ਐਮ. ਨੇਹਾ ਕਥੂਰੀਆ ਨੇ ਮਿੱਟੀ ਪਰਖ ਦੀ ਮਹੱਤਤਾ ਅਤੇ ਪੀ.ਐਮ. ਕਿਸਾਨ ਸਨਮਾਨ ਨਿਧੀ ਸਕੀਮ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਕੈਂਪ ਵਿਚ ਏ.ਐਸ.ਆਈ. ਅਮਰਨਾਥ ਨੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਅਤੇ ਹਾਜ਼ਰ ਕਿਸਾਨ ਰਾਜ ਕੁਮਾਰ, ਦਾਤਾ ਰਾਮ, ਜਰਨੈਲ ਸਿੰਘ, ਕੁਲਦੀਪ ਸਿੰਘ, ਪ੍ਰਿਥਵੀ ਸਿੰਘ ਆਦਿ ਦਾ ਧੰਨਵਾਦ ਕੀਤਾ।