ਬਿੱਟੂ ਜਲਾਲਾਬਾਦੀ, ਫਾਜ਼ਿਲਕਾ 16 ਅਕਤੂਬਰ 2023
ਸਿਹਤ ਵਿਭਾਗ ਜਿਲ੍ਹਾ ਫਾਜ਼ਿਲਕਾ ਵਲੋਂ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਸਥਾਨਕ ਸਰਕਾਰੀ ਕੰਨਿਆਂ ਸੀਨੀਅਰ ਸਕੈਂਡਰੀ ਸਕੂਲ ਵਿਖੇ ਪਿਛਲੇ ਦਿਨੀਂ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ ਸਨ। ਜਿਸ ਵਿੱਚ ਸੋਮਵਾਰ ਨੂੰ ਚਾਰਟ ਮੇਕਿੰਗ ਜੇਤੂ ਮੁਕਾਬਲੇ ਦੀਆਂ ਜੇਤੂ ਵਿਦਿਆਰਥਣਾਂ ਨੂੰ ਸਹਾਇਕ ਸਿਵਲ ਸਰਜਨ ਡਾ. ਬਬਿਤਾ, ਡੀਐੱਫਪੀਓ ਡਾ. ਕਵਿਤਾ, ਸੀਨੀਅਰ ਮੈਡੀਕਲ ਅਫ਼ਸਰ ਡਾ. ਐਰਿਕ ਐਡੀਸਨ ਤੇ ਮਨੋਰੋਗ ਰੋਗਾਂ ਦੇ ਮਾਹਰ ਡਾ. ਪਿਕਾਕਸ਼ੀ ਅਰੋੜਾ ਨੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਸੁਤੰਤਰ ਬਾਲਾ ਵਿਸ਼ੇਸ਼ ਤੌਰ ਅਤੇ ਹਾਜਰ ਰਹੇ।
ਜਾਣਕਾਰੀ ਦਿੰਦਿਆਂ ਸਹਾਇਕ ਸਿਵਲ ਸਰਜਨ ਡਾ. ਬਬਿਤਾ ਨੇ ਦੱਸਿਆ ਕਿ ਡਬਲਯੂਐੱਚਓ ਵਲੋਂ ਨਿਰਧਾਰਿਤ ਕੀਤੇ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੇਂ ਸਮੇਂ ਤੇ ਵੱਖ ਵੱਖ ਦਿਨ ਮਨਾਏ ਜਾਂਦੇ ਹਨ। ਜਿਸ ਵਿੱਚ ਸੈਮੀਨਾਰ ਕਰਵਾ ਕੇ ਅਤੇ ਹੋਰ ਜਾਗਰੂਕਤਾ ਪ੍ਰੋਗਰਾਮ ਕਰਵਾ ਕੇ ਲੋਕਾਂ ਨੂੰ ਸਿਹਤ ਸੰਭਾਲ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ ਤੇ ਵਿਭਾਗ ਲੋਕਾਂ ਦੀ ਸਿਹਤ ਸੰਭਾਲ ਸਬੰਧੀ ਪੂਰੀ ਤਰਾਂ ਨਾਲ ਵਚਨਬੱਧ ਹੈ। ਇਸੇ ਲੜੀ ਤਹਿਤ ਹੀ ਵਿਭਾਗ ਵਲੋਂ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਪ੍ਰਾਪਤ ਹਦਾਇਤਾਂ ਅਨੁਸਾਰ ਸਕੂਲ ਵਿੱਚ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਮਾਨਸਿਕ ਸਿਹਤ ਬਾਰੇ ਜਾਗਰੂਕ ਕੀਤਾ ਗਿਆ ਤੇ ਉਨ੍ਹਾਂ ਵਿਚਾਲੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥਣਾਂ ਸੋਨੀਆ, ਤਮੰਨਾਂ, ਕਿੱਟੂ ਅਤੇ ਸੁਨੀਤਾ ਨੂੰ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਉਕਤ ਵਿਦਿਆਰਥਣਾਂ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੀਆਂ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਅਜਿਹੇ ਪ੍ਰੋਗਰਾਮ ਕਰਵਾ ਕੇ ਵਿਦਿਆਰਥੀਆਂ ਦਾ ਹੌਂਸਲਾ ਅਫਜ਼ਾਈ ਕੀਤੀ ਜਾਂਦੀ ਹੈ ਤੇ ਲੋਕਾਂ ਨੂੰ ਸਿਹਤ ਦਿਵਸ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸ ਮੀਡੀਆ ਵਿੰਗ ਤੋਂ ਹਰਮੀਤ ਸਿੰਘ, ਦਿਵੇਸ਼ ਕੁਮਾਰ ਤੇ ਸਕੂਲ ਅਧਿਆਪਕ ਆਕਾਸ਼ ਡੋਡਾ ਤੋਂ ਇਲਾਵਾ ਹੋਰ ਹਾਜਰ ਸਨ।