ਹਾਲੇ ਲੜਾਈ ਸ਼ੁਰੂ ਹੋਈ ਹੈ, ਕਾਨੂੰਨੀ ਲੜਾਈ ਰਾਹੀਂ ਇਸ ਨੂੰ ਅੰਜਾਮ ਤੱਕ ਮੈਂ ਪਹੁੰਚਾਵਾਂਗਾ-ਰਾਮਣਵਾਸੀਆ
ਹਰਿੰਦਰ ਨਿੱਕਾ , ਬਰਨਾਲਾ 11 ਅਕਤੂਬਰ 2023
ਸੂਬੇ ਦੀ ਰਾਜਸੀ ਸੱਤਾ ਤੇ ਕਰੀਬ ਸਾਢੇ 18 ਮਹੀਨੇ ਪਹਿਲਾਂ ਹੋਈ ਤਬਦੀਲੀ ਤੋਂ ਬਾਅਦ ਲਗਾਤਾਰ ਨਗਰ ਕੌਂਸਲ ਬਰਨਾਲਾ ਦੇ ਕਾਂਗਰਸੀ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆਂ ਨੂੰ ਅਹੁਦੇ ਤੋਂ ਲਾਹੁਣ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਅੱਜ ਉਸ ਸਮੇਂ ਸਫਲ ਹੋ ਗਈਆਂ, ਜਦੋਂ ਸਥਾਨਕ ਸਰਕਾਰਾਂ ਵਿਭਾਗ ਦੇ ਸੈਕਟਰੀ ਅਜੋਏ ਸ਼ਰਮਾ ਨੇ ਇੱਕ ਸਪੀਕਿੰਗ ਆਰਡਰ ਜ਼ਾਰੀ ਕਰ ਦਿੱਤਾ। ਸਰਕਾਰ ਦੇ ਸੈਕਟਰੀ ਨੇ ਆਪਣੇ ਹੁਕਮਾਂ ਵਿੱਚ ਲਿਖਿਆ ਹੈ ਕਿ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਹੈ।
ਅਹੁਦੇ ਤੋਂ ਲਾਹੁਣ ਲਈ ਕੀ ਲਾਇਆ ਗਿਆ ਦੋਸ਼ ?
ਸਥਾਨਕ ਸਰਕਾਰਾਂ ਵਿਭਾਗ ਦੇ ਸੈਕਟਰੀ ਅਜੋਏ ਸ਼ਰਮਾ ਵੱਲੋਂ ਜ਼ਾਰੀ ਪੱਤਰ ਨੰਬਰ 15/36/2023-5 ਸਸ 3 ਮਿਤੀ 11 ਅਕਤੂਬਰ 2023 ਵਿੱਚ ਕਿਹਾ ਗਿਆ ਹੈ ਕਿ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਨਗਰ ਪੰਚਾਇਤ ਹੰਡਿਆਇਆ ਨੂੰ 10 ਲੱਖ ਰੁਪਏ ਦਾ ਚੈਕ ਨਗਰ ਕੌਂਸਲ ਦੇ ਹਾਊਸ ਦੀ ਪ੍ਰਵਾਨਗੀ ਤੋਂ ਬਿਨਾਂ ਨਗਰ ਕੌਂਸਲ ਬਰਨਾਲਾ ਵੱਲੋਂ ਮਿਤੀ 9 ਦਸੰਬਰ 2021 ਨੂੰ ਜ਼ਾਰੀ ਕਰ ਦਿੱਤਾ ਸੀ। ਜਦੋਂਕਿ ਮਿਊਂਸਪਲ ਐਕਟ 1911 ਦੀ ਧਾਰਾ 22 ਪ੍ਰਧਾਨ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦਿੰਦੀ। ਇਸ ਤਰਾਂ ਪ੍ਰਧਾਨ ਨੇ ਨਗਰ ਕੌਂਸਲ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਗਿਆ ਹੈ। ਜਿਸ ਕਾਰਣ ਉਨ੍ਹਾਂ ਨੂੰ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਦੇ ਅਹੁਦੇ ਤੋਂ ਫਾਰਗ ਕੀਤਾ ਜਾਂਦਾ ਹੈ। ਇਹ ਹੁਕਮ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।
ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਅਹੁਦੇ ਤੋਂ ਲਾਹੇ ਜਾਣ ਉਪਰੰਤ ਬਰਨਾਲਾ ਟੂਡੇ ਨਾਲ ਪਹਿਲੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਇਹ ਕੋਸ਼ਿਸ਼ਾਂ ਤਾਂ ਉਸੇ ਦਿਨ ਤੋਂ ਸ਼ੁਰੂ ਹੋ ਗਈਆਂ ਸਨ। ਪਹਿਲਾਂ ਸੱਤਾਧਾਰੀ ਧਿਰ ਨੇ ਮੈਨੂੰ ਲਾਹੁਣ ਲਈ ਬੇਭਰੋਸਗੀ ਦਾ ਮਤਾ ਲੈ ਕੇ ਆਉਣ ਦੀਆਂ ਕੋਸ਼ਿਸ਼ਾਂ ਕਈ ਵਾਰ ਕੀਤੀਆਂ। ਫਿਰ ਹਰ ਦਿਨ ਕੰਮ ਵਿੱਚ ਅੜਿੱਕੇ ਪਾਉਣੇ ਜ਼ਾਰੀ ਰੱਖੇ। ਇੱਥੋਂ ਤੱਕ ਕਿ ਝੂਠੇ ਕੇਸਾਂ ਵਿੱਚ ਫਸਾਉਣ ਦੀ ਵੀ ਕੋਈ ਕਸਰ ਬਾਕੀ ਨਹੀਂ ਛੱਡੀ। ਹਰ ਕਿਸਮ ਦਾ ਦਬਾਅਹੁਦੇ ਤੋਂ ਅਸਤੀਫਾ ਦੇਣ ਲਈ ਪਾਇਆ ਗਿਆ। ਜਦੋਂ ਅਜਿਹੇ ਸਾਰੇ ਹੀਲੇ ਕਾਮਯਾਬ ਨਾ ਹੋਏ। ਫਿਰ ਅਧਿਕਾਰੀਆਂ ਤੇ ਦਬਾਅ ਬਣਾ ਕੇ ਅੱਜ ਅਹੁਦੇ ਤੋਂ ਫਾਰਗ ਕਰ ਦਿੱਤਾ। ਉਨਾਂ ਕਿਹਾ ਕਿ ਮੈਂ ਇਸ ਧੱਕੇਸ਼ਾਹੀ ਦੇ ਖਿਲਾਫ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਜਾ ਰਿਹਾ ਹਾਂ। ਮੈਨੂੰ ਉਮੀਦ ਹੈ ਕਿ ਮਾਨਯੋਗ ਹਾਈਕੋਰਟ ਮੈਨੂੰ ਇਨਸਾਫ ਦੇਵੇਗੀ। ਉਨ੍ਹਾਂ ਕਿਹਾ ਕਿ ਹਾਲੇ ਤਾਂ ਕਾਨੂੰਨੀ ਲੜਾਈ ਅੱਜ ਸ਼ੁਰੂ ਹੋਈ ਹੈ, ਇਸ ਨੂੰ ਕਾਨੂੰਨੀ ਲੜਾਈ ਰਾਹੀਂ ਅੰਜਾਮ ਤੱਕ ਮੈਂ ਪਹੁੰਚਾਵਾਂਗਾ।