ਨਵੀਂ ਤਕਨੀਕ ਨਾਲ ਰੋਕਿਆਂ ਗੁਲਾਬੀ ਸੂੰਡੀ ਦਾ ਵਾਰ

Advertisement
Spread information
ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 9 ਅਕਤੂਬਰ 2023


       ਖੇਤੀ ਬਹੁਤ ਸਾਰੀਆਂ ਕੁਦਰਤੀ ਆਫਤਾਂ ਦੀ ਮਾਰ ਹੇਠ ਰਹਿੰਦੀ ਹੈ ਅਤੇ ਮੌਸਮ, ਬਿਮਾਰੀਆਂ ਤੇ ਕੀੜੇ ਮਕੌੜੇ ਖੇਤੀ ਲਈ ਚੁਣੌਤੀ ਬਣਦੇ ਹਨ। ਪਰ ਦੂਜ਼ੇ ਪਾਸੇ ਨਵੀਂਆਂ ਖੇਤੀ ਖੋਜਾਂ ਕਿਸਾਨਾਂ ਲਈ ਸਹਾਈ ਸਿੱਧ ਹੋ ਰਹੀਆਂ ਹਨ। ਅਜਿਹਾ ਹੀ ਵਰਤਾਰਾ ਹੋਇਆ ਹੈ ਪਿੰਡ ਬਜੀਦਪੁਰ ਕੱਟਿਆਂ ਵਾਲੀ ਵਿਚ ਜਿੱਥੇ ਇਕ ਛੋਟੇ ਕਿਸਾਨ ਨੇ ਨਵੀਂ ਤਕਨੀਕ ਦੀ ਵਰਤੋਂ ਕਰਦਿਆਂ ਨਰਮੇ ਦੀ ਫਸਲ ਤੇ ਗੁਲਾਬੀ ਸੂੰਡੀ ਦੇ ਹਮਲੇ ਨੂੰ ਪਛਾੜ ਕੇ ਨਰਮੇ ਦੀ ਚੰਗੀ ਫਸਲ ਲਈ ਹੈ।ਇਹ ਕਿਸਾਨ ਹੈ ਪਵਨ ਕੁਮਾਰ।
       ਕਿਸਾਨ ਨੇ ਦੱਸਿਆ ਕਿ ਉਹ ਲਗਾਤਾਰ ਖੇਤੀਬਾੜੀ ਯੁਨੀਵਰਸਿਟੀ ਦੇ ਮਾਹਿਰਾਂ ਅਤੇ ਖੇਤੀਬਾੜੀ ਵਿਭਾਗ ਦੇ ਸੰਪਰਕ ਵਿਚ ਰਹਿੰਦਾ ਹੈ। ਇਸ ਵਾਰ ਨਰਮੇ ਦੀ ਫਸਲ ਦੀ ਬਿਜਾਈ ਲਈ ਮਿਲੇ ਸਮੇਂ ਸਿਰ ਪਾਣੀ ਸਦਕਾ ਉਸਨੇ 4 ਏਕੜ ਨਰਮੇ ਦੀ ਕਾਸਤ ਕੀਤੀ ਸੀ। ਉਸ ਵੱਲੋਂ ਯੁਨੀਵਰਸਿਟੀ ਦੇ ਮਾਹਿਰਾਂ ਦੀ ਸਲਾਹ ਅਨੁਸਾਰ ਨਰਮੇ ਵਿਚ ਇਕ ਟਿਊਬ ਦੀ ਵਰਤੋਂ ਕੀਤੀ ਗਈ।
      ਇਸ ਤਕਨੀਕ ਤਹਿਤ ਉਸਨੇ ਤਿੰਨ ਵਾਰ ਜ਼ੂਨ, ਜ਼ੁਲਾਈ ਅਤੇ ਅਗਸਤ ਵਿਚ ਆਪਣੇ ਖੇਤ ਵਿਚ ਇਸ ਟਿਊਬ ਦੀ ਦਵਾਈ ਨੂੰ ਥੋੜੀ ਥੋੜੀ ਖੇਤ ਵਿਚ ਵੱਖ ਵੱਖ ਬੂਟਿਆਂ ਤੇ ਲਗਾ ਦਿੱਤੀ। ਇਸ ਦਵਾਈ (ਨੈਟਮੇਟ) ਦੀ ਸੁੰਗਧ ਗੁਲਾਬੀ ਸੂੰਡੀ ਦੇ ਬਾਲਗਾਂ ਨੂੰ ਭਰਮਿਤ ਕਰਦੀ ਹੈ ਅਤੇ ਉਨ੍ਹਾਂ ਦਾ ਆਪਸੀ ਮੇਲ ਹੋਣ ਤੋਂ ਰੋਕ ਕੇ ਸੂੰਡੀ ਦਾ ਅੱਗੇ ਵਾਧਾ ਰੋਕਦੀ ਹੈ। ਇਸ ਤਰਾਂ ਕਰਨ ਨਾਲ ਉਸਦੇ ਖੇਤ ਵਿਚ ਸਥਿਤੀ ਕਾਬੂ ਹੇਠ ਰਹੀ ਅਤੇ ਉਸਨੇ ਗੁਲਾਬੀ ਸੂਡੀ ਦੀ ਰੋਕਥਾਮ ਲਈ ਸਿਰਫ 2 ਹੀ ਸਪ੍ਰੈਅ ਕੀਤੇ ਹਨ।ਉਹ ਹੁਣ ਤੱਕ 7 ਕੁਇੰਟਲ ਨਰਮਾ ਪ੍ਰਤੀ ਏਕੜ ਦੇ ਦਰ ਨਾਲ ਚੁਘ ਚੁੱਕਿਆ ਹੈ ਜਦ ਕਿ ਉਸਨੂੰ ਆਸ ਹੈ ਕਿ ਇਕ ਕੁਇੰਟਲ ਪ੍ਰਤੀ ਏਕੜ ਨਰਮਾ ਹੋਰ ਮਿਲੇਗਾ। ਟਿਊਬ ਦੀ ਵਰਤੋਂ ਤੇ ਉਸਦਾ ਇਕ ਵਾਰ ਲਈ ਪ੍ਰਤੀ ਏਕੜ 1 ਹਜਾਰ ਰੁਪਏ ਦਾ ਖਰਚ ਆਇਆ ਸੀ।
      ਉਸਦੇ ਖੇਤ ਵਿਚ ਪੀਏਯੂ ਦੇ ਮਾਹਿਰ ਜਿਵੇਂ ਡਾ: ਸਤਨਾਮ ਸਿੰਘ, ਡਾ: ਜ਼ੇ ਕੇ ਅਰੋੜਾ, ਡਾ: ਮਨਪ੍ਰੀਤ ਸਿੰਘ ਆਉਂਦੇ ਰਹਿੰਦੇ ਹਨ ਅਤੇ ਉਹ ਲਗਾਤਾਰ ਮਾਹਿਰਾਂ ਦੀ ਸਲਾਹ ਨਾਲ ਖੇਤੀ ਕਰਦਾ ਹੈ ਜਦਕਿ ਦੂਜ਼ੇ ਪਾਸੇ ਖੇਤਬਾੜੀ ਵਿਭਾਗ ਦੇ ਏਡੀਓ ਸੌਰਭ ਸੰਘਾ ਅਤੇ ਐਸਆਈ ਅਰਮਾਨ ਸਿੰਘ ਵੀ ਲਗਾਤਾਰ ਉਨ੍ਹਾਂ ਦੇ ਸੰਪਰਕ ਵਿਚ ਰਹਿੰਦੇ ਹਨ।
         ਖੇਤੀ ਮਾਹਿਰਾਂ ਨੇ ਦੱਸਿਆ ਕਿ ਇਸ ਸਾਲ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਸਮੇਂ ਸਿਰ ਦਿੱਤੇ ਨਹਿਰੀ ਪਾਣੀ ਕਾਰਨ ਨਰਮੇ ਦੀ ਸਹੀ ਸਮੇਂ ਤੇ ਬਿਜਾਈ ਹੋ ਸਕੀ ਸੀ ਅਤੇ ਇਸ ਦਾ ਹੀ ਨਤੀਜਾ ਹੈ ਕਿ ਫਸਲ ਨੇ ਅਗੇਤਾ ਵਾਧਾ ਲੈ ਲਿਆ ਅਤੇ ਅਜਿਹੀ ਫਸਲ ਬਿਮਾਰੀਆਂ ਅਤੇ ਕੀੜਿਆਂ ਦੇ ਹਮਲੇ ਨੂੰ ਸਹਾਰ ਗਈ ਅਤੇ ਕਿਸਾਨਾਂ ਨੂੰ ਇਕ ਔਸਤ ਉਤਪਾਦਨ ਮਿਲ ਰਿਹਾ ਹੈ ਜਦ ਕਿ ਜ਼ੇਕਰ ਸਮੇਂ ਸਿਰ ਬਿਜਾਈ ਨਾ ਹੋਈ ਹੁੰਦੀ ਤਾਂ ਫਸਲ ਪੂਰੀ ਤਰਾਂ ਫੇਲ ਹੋ ਜਾਣੀ ਸੀ।
Advertisement
Advertisement
Advertisement
Advertisement
Advertisement
error: Content is protected !!