ਗਗਨ ਹਰਗੁਣ, ਬਰਨਾਲਾ, 8 ਅਕਤੂਬਰ 2023
ਕੈਬਨਿਟ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਹੰਡਿਆਇਆ ਵਿਖੇ 57.06 ਲੱਖ ਦੇ ਵੱਖ ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ 57.06 ਲੱਖ ਦੀ ਸੱਜਰੀ ਗ੍ਰਾਂਟ ਨਾਲ ਹੰਡਿਆਇਆ ਦੇ ਵੱਖ ਵੱਖ ਵਾਰਡਾਂ ਵਿੱਚ ਇੰਟਰਲਾਕਿੰਗ ਦੇ ਕੰਮਾਂ ਤੋਂ ਇਲਾਵਾ ਪੌਦੇ ਅਤੇ ਟ੍ਰੀ ਗਾਰਡ ਲਗਾਏ ਜਾਣੇ ਹਨ।
ਉਨ੍ਹਾਂ ਕਿਹਾ ਕਿ ਇਲਾਕੇ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਧਰਮਸ਼ਾਲਾ ਸਲਾਨੀ ਪੱਤੀ ਲਈ 3 ਲੱਖ 50 ਹਜ਼ਾਰ ਦੀ ਗ੍ਰਾਂਟ, ਧਰਮਸ਼ਾਲਾ ਸੈਦੋ ਪੱਤੀ ਲਈ 3 ਲੱਖ 50 ਹਜ਼ਾਰ ਦੀ ਗ੍ਰਾਂਟ, ਬਾਸਕਿਟ ਬਾਲ ਖੇਡ ਮੈਦਾਨ ਲਈ 10 ਲੱਖ ਦੀ ਗ੍ਰਾਂਟ, ਦੋ ਛੱਪੜਾਂ ਦੀ ਸਫਾਈ ਲਈ 10 ਲੱਖ ਦੀ ਗ੍ਰਾਂਟ, ਨਹਿਰੀ ਪਾਣੀ ਪਾਈਪਲਾਈਨ ਲਈ 171 ਲੱਖ ਦੀ ਗ੍ਰਾਂਟ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੰਡਿਆਇਆ ਵਾਸੀਆਂ ਦੀਆਂ ਸਾਰੀਆਂ ਮੰਗਾਂ ਤੇ ਮਸਲੇ ਉਨ੍ਹਾਂ ਦੇ ਧਿਆਨ ਵਿੱਚ ਹਨ ਅਤੇ ਆਉਂਦੇ ਸਮੇਂ ਹੋਰ ਵਿਕਾਸ ਕਾਰਜ ਵੀ ਜਾਰੀ ਰਹਿਣਗੇ।
ਇਸ ਤੋਂ ਇਲਾਵਾ ਉਨ੍ਹਾਂ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਤਰੀ ਯੁਵਕ ਮੇਲੇ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਵਿਦਿਆਰਥੀਆਂ ਦੀ ਸਹਿ ਵਿਦਿਅਕ ਗਤੀਵਿਧੀਆਂ ਵਿੱਚ ਭਰਵੀਂ ਹਾਜ਼ਰੀ ਦੇਖ ਕੇ ਖੁਸ਼ੀ ਹੋਈ। ਉਨ੍ਹਾਂ ਆਖਿਆ ਕਿ ਇਨ੍ਹਾਂ ਮੇਲਿਆਂ ਰਾਹੀਂ ਹੀ ਨੌਜਵਾਨਾਂ ਦੀ ਅੰਦਰਲੀ ਪ੍ਰਤਿਭਾ ਨਿੱਖਰ ਕੇ ਸਾਹਮਣੇ ਆਉਂਦੀ ਹੈ। ਇਸ ਮੌਕੇ ਉਨ੍ਹਾਂ ਪ੍ਰਬੰਧਕਾਂ ਅਤੇ ਭਾਗ ਲੈਣ ਵਾਲੇ ਵਿਦਿਆਥੀਆਂ ਨੂੰ ਵਧਾਈ ਦਿੱਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸਡੀਐਮ ਗੋਪਾਲ ਸਿੰਘ, ਵੱਖ ਵੱਖ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।