2 ਤੇ ਕੇਸ ਦਰਜ਼, ਦੋਸ਼ੀਆਂ ਨੂੰ ਲੱਭਣ ਲੱਗੀ ਪੁਲਿਸ
ਹਰਿੰਦਰ ਨਿੱਕਾ ਬਰਨਾਲਾ 8 ਜੂਨ 2020
ਥਾਣਾ ਸਿਟੀ-1 ਵਿਖੇ ਹਰਦੀਪ ਸਿੰਘ ਵਾਸੀ ਸੁਖਪੁਰਾ ਮੌੜ ਦੇ ਖਿਲਾਫ ਨਸ਼ੀਲੀਆਂ ਗੋਲੀਆਂ ਵੇਚਣ ਦੇ ਜੁਰਮ ਚ, ਦਰਜ਼ ਕੇਸ ਵਿੱਚੋਂ ਦੋਸ਼ੀ ਤਸਕਰ ਦਾ ਨਾਮ ਕਢਵਾਉਣ ਦੇ ਨਾਂ ਤੇ ਡੇਢ ਲੱਖ ਰੁਪਏ ਦੀ ਠੱਗੀ ਲਾਉਣ ਦੇ ਦੋਸ਼ ਤਹਿਤ ਪੁਲਿਸ ਨੇ 2 ਦੋਸ਼ੀਆਂ ਦੇ ਵਿਰੁੱਧ ਸਾਜਿਸ਼ ਰਚ ਕੇ ਧੋਖਾਧੜੀ ਕਰਨ ਦਾ ਕੇਸ ਦਰਜ਼ ਕੀਤਾ ਹੈ। ਸਹਾਇਕ ਥਾਣੇਦਾਰ ਕਮਲਜੀਤ ਸਿੰਘ ਨੂੰ ਮੁਖਬਰ ਤੋਂ ਇਤਲਾਹ ਮਿਲੀ ਕਿ ਨਸ਼ੀਲੀਆਂ ਗੋਲੀਆਂ ਦੇ ਕੇਸ ਚੋਂ ਭਗੌੜੇ ਨਾਮਜ਼ਦ ਦੋਸ਼ੀ ਹਰਦੀਪ ਸਿੰਘ ਦੇ ਪਿਤਾ ਨਛੱਤਰ ਸਿੰਘ ਨੂੰ ਅਮਰੀਕ ਸਿੰਘ ਨਿਵਾਸੀ ਜੋਧਪੁਰ ਅਤੇ ਗੁਰਵਿੰਦਰ ਸਿੰਘ ਨਿਵਾਸੀ ਘੁੰਨਸ ਨੇ ਕਿਹਾ ਕਿ ਉਨ੍ਹਾਂ ਦੀ ਥਾਣੇ ਦਰਬਾਰੇ ਚੱਲਦੀ ਹੈ। ਉਹ ਹਰਦੀਪ ਸਿੰਘ ਨੂੰ ਕੇਸ ਚੋਂ ਕਢਵਾ ਦੇਣਗੇ। ਦੋਸ਼ੀਆਂ ਦੀ ਗੱਲਾਂ ਦੇ ਝਾਂਸੇ ਵਿੱਚ ਆ ਕੇ ਨਛੱਤਰ ਸਿੰਘ ਨੇ ਦੋਵਾਂ ਦੋਸ਼ੀਆਂ ਨੂੰ ਇਸ ਕੰਮ ਦੇ ਬਦਲੇ 1 ਲੱਖ 50 ਹਜ਼ਾਰ ਰੁਪਏ ਦੇ ਦਿੱਤੇ। ਰਿਸ਼ਵਤ ਲੈ ਕੇ ਵੀ ਦੋਸ਼ੀਆਨ ਨੇ ਨਾਂ ਤਾਂ ਹਰਦੀਪ ਸਿੰਘ ਦਾ ਨਾਮ ਕੇਸ ਵਿੱਚੋਂ ਕਢਵਾਇਆ ਅਤੇ ਨਾ ਹੀ ਮੰਗਣ ਦੇ ਬਾਵਜੂਦ ਡੇਢ ਲੱਖ ਰੁਪਏ ਵਾਪਿਸ ਕੀਤੇ। ਇਸ ਤਰਾਂ ਦੋਵਾਂ ਦੋਸ਼ੀਆਂ ਨੇ ਨਛੱਤਰ ਸਿੰਘ ਨਾਲ ਅਪਰਾਧਿਕ ਸਾਜ਼ਿਸ਼ ਦੇ ਤਹਿਤ ਠੱਗੀ ਮਾਰੀ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਕਮਲਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਦੇ ਖਿਲਾਫ ਅਧੀਨ ਜੁਰਮ 420/120 B ਆਈਪੀਸੀ ਦੇ ਤਹਿਤ ਥਾਣਾ ਸਿਟੀ -1 ਚ, ਕੇਸ ਦਰਜ਼ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।