ਗਗਨ ਹਰਗੁਣ,ਬਰਨਾਲਾ, 29 ਸਤੰਬਰ 2023
ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਬਰਨਾਲਾ ਜ਼ਿਲ੍ਹੇ ਦੇ ਦੌਰੇ ਦੌਰਾਨ ਪਿੰਡ ਅਸਪਾਲ ਕਲਾਂ ਵਿਖੇ ਪਿੰਡ ਵਾਸੀਆਂ ਨਾਲ ਹੋਈ ਭਰਵੀਂ ਮੀਟਿੰਗ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ | ਇਸ ਦੌਰਾਨ ਸ. ਮਾਨ ਨੇ ਆਪਣੇ ਐਮ.ਪੀ. ਕੋਟੇ ਵਿੱਚੋਂ ਪਿੰਡ ਵਾਸੀਆਂ ਦੀ ਚੰਗੀ ਸਿਹਤ ਲਈ ਭੇਂਟ ਕੀਤੀ ਗਈ ਓਪਨ ਜਿੰਮ ਦਾ ਉਦਘਾਟਨ ਵੀ ਕੀਤਾ |
ਉਦਘਾਟਨ ਮੌਕੇ ਵੱਡੀ ਗਿਣਤੀ ਵਿੱਚ ਹੋਏ ਪਿੰਡ ਵਾਸੀਆਂ ਦੇ ਇਕੱਠ ਵੱਲੋਂ ਪਤਵੰਤਿਆਂ ਵੱਲੋਂ ਐਮ.ਪੀ. ਸ. ਮਾਨ ਨੂੰ ਪਿੰਡ ਦੇ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਅਤੇ ਰੁਕੇ ਵਿਕਾਸ ਕਾਰਜਾਂ ਬਾਰੇ ਜਾਣੂ ਕਰਵਾਇਆ ਗਿਆ | ਪਿੰਡ ਵਾਸੀਆਂ ਦੀਆਂ ਮੰਗਾਂ ਤੇ ਮੁਸ਼ਕਿਲਾਂ ਨੂੰ ਧਿਆਨ ਨਾਲ ਸੁਨਣ ਉਪਰੰਤ ਸ. ਮਾਨ ਨੇ ਭਰੋਸਾ ਦੁਆਇਆ ਕਿ ਉਨ੍ਹਾਂ ਦੀ ਜੋ ਵੀ ਮੁਸ਼ਕਿਲਾਂ ਹਨ, ਉਨ੍ਹਾਂ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ |
ਪਿੰਡ ਵਾਸੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਮਾਨ ਨੇ ਕਿਹਾ ਕਿ ਐਮ.ਪੀ. ਹੋਣ ਦੇ ਨਾਤੇ ਹਲਕੇ ਨਿਵਾਸੀਆਂ ਦੀ ਹਰ ਮੁਸ਼ਕਿਲ ਨੂੰ ਹੱਲ ਕਰਵਾਉਣਾ ਉਨ੍ਹਾਂ ਦੀ ਜਿੰਮੇਵਾਰੀ ਹੈ ਅਤੇ ਇਸ ਜਿੰਮੇਵਾਰੀ ਨੂੰ ਨਿਭਾਉਣ ਲਈ ਉਹ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ | ਹਲਕੇ ਦੇ ਹਰ ਪਿੰਡ ਅਤੇ ਹਰ ਵਰਗ ਦੇ ਲੋਕਾਂ ਨੂੰ ਵਿਕਾਸ ਕਾਰਜਾਂ ਲਈ ਬਰਾਬਰ ਦੀਆਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ | ਇਸ ਤੋਂ ਇਲਾਵਾ ਲੋਕਾਂ ਨੂੰ ਚੰਗੀ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਜਿੰਮ, ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਖੇਡ ਕਿੱਟਾਂ, ਪਿੰਡ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਕਰਕੇ ਹੋਣ ਵਾਲੇ ਨੁਕਸਾਨਾਂ ਤੋਂ ਬਚਣ ਲਈ ਪਾਣੀ ਵਾਲੇ ਟੈਂਕਰ, ਲੋਕਾਂ ਦੀ ਸਹੂਲਤ ਲਈ ਜਨਤਕ ਥਾਵਾਂ ਲਈ ਬੈਂਚ, ਅਪਾਹਿਜਾਂ ਨੂੰ ਤੁਰਨ ਫਿਰਨ ਦੇ ਕਾਬਿਲ ਬਨਾਉਣ ਲਈ ਨਕਲੀ ਅੰਗ ਅਤੇ ਸਹਾਇਕ ਉਪਕਰਨ ਦਿੱਤੇ ਜਾ ਰਹੇ ਹਨ | ਇਸ ਤੋਂ ਇਲਾਵਾ ਹਰ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਦਿਵਾਉਣ ਲਈ ਪਿੰਡ-ਪਿੰਡ ਜਾ ਕੇ ਕੈਂਪ ਲਗਵਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਹਲਕੇ ਦੀ ਤਰੱਕੀ ਲਈ ਉਹ ਕੋਈ ਵੀ ਮੌਕਾ ਗਵਾਉਣ ਨਹੀਂ ਚਾਹੁੰਦੇ | ਇਸ ਲਈ ਸਮੇਂ-ਸਮੇਂ ‘ਤੇ ਹਲਕੇ ਦੇ ਵਿਕਾਸ ਤੇ ਤਰੱਕੀ ਵਾਸਤੇ ਕੇਂਦਰ ਤੋਂ ਪ੍ਰੋਜੈਕਟ ਪਾਸ ਕਰਵਾਉਂਦੇ ਰਹਿੰਦੇ ਹਨ |
ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ (ਅ) ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਸ. ਦਰਸ਼ਨ ਸਿੰਘ ਮੰਡੇਰ, ਗੁਰਤੇਜ ਸਿੰਘ ਅਸਪਾਲ, ਬੀਬੀ ਸੁਖਜੀਤ ਕੌਰ, ਬੀਬੀ ਕਰਮਜੀਤ ਕੌਰ, ਸੁਖਜਿੰਦਰ ਸਿੰਘ ਕਲਕੱਤਾ ਸਰਪੰਚ ਸ਼ਹਿਣਾ, ਓਕਾਂਰ ਸਿੰਘ ਬਰਾੜ, ਗੁਰਮੇਲ ਸਿੰਘ ਬਾਠ, ਪਿੰਡ ਦੀ ਇਕਾਈ ਵੱਲੋਂ ਜਥੇਦਾਰ ਗੁਰਚਰਨ ਸਿੰਘ ਨੰਬਰਦਾਰ, ਮੀਤ ਪ੍ਰਧਾਨ ਬਾਬਾ ਭੋਲਾ ਸਿੰਘ, ਕਮਲਜੀਤ ਸਿੰਘ ਸੇਖਾ, ਗੁਰਪਿਆਰ ਸਿੰਘ ਬਾਠ, ਮਲਕੀਤ ਸਿੰਘ ਸਿੱਧੂ, ਸੁਖਪਾਲ ਸਿੰਘ ਛੰਨਾ ਸਰਪੰਚ, ਪਿ੍ਤਪਾਲ ਸਿੰਘ ਸਰਪੰਚ, ਅਜੈਬ ਸਿੰਘ ਭੈਣੀ ਫੱਤਾ, ਕਮਲ ਸਿੰਘ ਧਨੌਲਾ, ਮਨਦੀਪ ਸਿੰਘ ਕਾਲੇਕੇ, ਜਗਸੀਰ ਸਿੰਘ ਰਾਜੀਆ, ਸਾਧੂ ਸਿੰਘ ਪੰਧੇਰ, ਸਤਨਾਮ ਸਿੰਘ ਰੱਤੋਕੇ, ਗੁਰਦਿੱਤ ਸਿੰਘ ਮੀਡੀਆ ਇੰਚਾਰਜ ਸਮੇਤ ਹੋਰ ਆਗੂ ਅਤੇ ਵਰਕਰ ਹਾਜਰ ਸਨ |