ਗਗਨ ਹਰਗੁਣ,ਬਰਨਾਲਾ, 24 ਸਤੰਬਰ 2023
ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਵਿੱਚ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ। ਆਮ ਲੋਕਾਂ ਨੂੰ ਮਿਆਰੀ ਸਿਹਤ ਸੁਵਿਧਾਵਾਂ ਦੇਣ ਚ ਉਹ ਸੰਸਥਾਵਾਂ ਸਰਕਰ ਦੇ ਮੋਢੇ ਨਾਲ ਮੋਢਾ ਜੋੜ ਕੇ ਟੀਮ ਵਾਂਗ ਖੜੀਆਂ ਹਨ।
ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਵੱਲੋਂ ਸਿਹਤ ਵਿਭਾਗ ਨੂੰ ਸੰਤ ਬਾਬਾ ਕਰਨੈਲ ਸਿੰਘ ਅਤੇ ਗ੍ਰਾਮ ਪੰਚਾਇਤ ਟੱਲੇਵਾਲ ਦੇ ਸਹਿਯੋਗ ਨਾਲ ਤਿਆਰ ਨਵੀਂ ਇਮਾਰਤ ਵਿਭਾਗ ਨੂੰ ਸੌਂਪਣ ਸਮੇਂ ਕੀਤਾ। ਡਾ. ਔਲਖ ਨੇ ਦੱਸਿਆ ਕਿ ਇਸ ਇਮਾਰਤ ਨੂੰ ਸੰਤ ਬਾਬਾ ਕਰਨੈਲ ਸਿੰਘ ਵੱਲੋਂ ਸਰਪੰਚ ਹਰਸਰਨ ਸਿੰਘ ਅਤੇ ਅਧਿਕਾਰਿਤ ਸਰਪੰਚ ਮੁਕੰਦ ਸਿੰਘ ਗ੍ਰਾਮ ਪੰਚਾਇਤ ਟੱਲੇਵਾਲ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਕਿਉਂਕਿ ਪਹਿਲਾਂ ਵਾਲੀ ਇਮਾਰਤ ਦੀ ਹਾਲਤ ਕਾਫੀ ਖਸਤਾ ਹੋ ਗਈ ਸੀ।
ਉਨ੍ਹਾਂ ਦੱਸਿਆ ਕਿ ਇਸ ਸੰਤ ਬਾਬਾ ਕਰਨੈਲ ਸਿੰਘ ਵੱਲੋਂ ਉਸਾਰੀ ਗਈ ਮੁੱਢਲੇ ਸਿਹਤ ਕੇਂਦਰ (ਪੀ. ਐਚ. ਸੀ) ਦੀ ਨਵੀਂ ਇਮਾਰਤ ਚ 9 ਕਮਰੇ ਹਨ। ਇਨ੍ਹਾਂ ਕਮਰਿਆਂ ਚ ਆਦਮੀ ਅਤੇ ਔਰਤਾਂ ਲਈ ਵਾਰਡ, ਜੱਚਾ ਬੱਚਾ ਵਾਰਡ, ਲੇਬਰ ਰੂਮ, ਡਾਕਟਰ ਰੂਮ, ਡਿਸਪੈਂਸਰੀ, ਲੈਬ ਟੈਸਟ ਆਦਿ ਕਮਰੇ ਸ਼ਾਮਲ ਹਨ। ਇਹ ਇਮਾਰਤ 6 ਮਹੀਨਿਆਂ ਦੇ ਸਮੇਂ ਚ ਤਿਆਰ ਕੀਤੀ ਗਈ ਹੈ।
ਡਾ. ਨਵਜੋਤਪਾਲ ਸਿੰਘ ਭੁੱਲਰ ਸੀਨੀਅਰ ਮੈਡੀਕਲ ਅਫਸਰ ਤਪਾ ਵੱਲੋਂ ਸਿਹਤ ਸੇਵਾਵਾਂ ਚ ਵੱਡਮੁੱਲਾ ਯੋਗਦਾਨ ਪਾਉਣ ਲਈ ਸੰਤ ਬਾਬਾ ਕਰਨੈਲ ਸਿੰਘ, ਗ੍ਰਾਮ ਪੰਚਾਇਤ ਟੱਲੇਵਾਲ ਅਤੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕੁਲਦੀਪ ਸਿੰਘ ਮਾਨ ਜਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ,ਡਾਕਟਰ ਅਮਨਿੰਦਰ ਸਿੰਘ , ਬਲਵਿੰਦਰ ਰਾਮ ਸਿਹਤ ਇੰਸਪੈਕਟਰ, ਜਸਬੀਰ ਕੌਰ ਅਤੇ ਗੁਰਪ੍ਰੀਤ ਕੌਰ ਏ ਐਨ ਐਮ,ਮਨਜਿੰਦਰ ਸਿੰਘ ਉਪਵੈਦ ਹਾਜਰ ਸਨ।