ਅਸ਼ੋਕ ਵਰਮਾ ਬਠਿੰਡਾ,5ਜੂਨ 2020
ਬਠਿੰਡਾ-ਮਾਨਸਾ ਸੜਕ ‘ਤੇ ਅੱਜ ਕਚਰਾ ਪਲਾਂਟ ਨਜ਼ਦੀਕ ਵਕਫ਼ ਬੋਰਡ ਦੀ ਜਮੀਨ ਤੇ ਪ੍ਰਸ਼ਾਸ਼ਨ ਨੇ ਬੁਲਡੋਜਰ ਚਲਾ ਦਿੱਤਾ ਅਤੇ ਕਰੀਬ 10 ਏਕੜ ’ਚ ਖੜ੍ਹੀਆਂ ਫਸਲਾਂ ਤੇ ਸਬਜੀਆਂ ਆਦਿ ਉਜਾੜ ਦਿੱਤੀਆਂ। ਜਮੀਨ ਤੇ ਕਾਬਜ ਲੋਕਾਂ ਨੇ ਅਫਸਰਾਂ ਅੱਗੇ ਦੁਹਾਈਆਂ ਦਿੱਤੀਆਂ ਪਰ ਉਨ੍ਹਾਂ ਦੀ ਇੱਕ ਨਾਂ ਸਣੀ। ਅਧਿਕਾਰੀਆਂ ਨੇ ਆਖਿਆ ਕਿ ਵਕਫ ਬੋਰਡ ਦੀ ਜਮੀਨ ਦੀ ਲੀਜ਼ ਨਹੀਂ ਭਰੀ ਜਿਸ ਕਰਕੇ ਇਹ ਕਾਰਵਾਈ ਕੀਤੀ ਗਈ ਹੈ। ਅੱਜ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ’ਚ ਅੱਧੀ ਦਰਜਨ ਜੇਸੀਬੀ ਮਸ਼ੀਨਾਂ ਅਤੇ ਟਰੈਕਟਰਾਂ ਨੇ ਦੇਖਦਿਆਂ ਹੀ ਦੇਖਦਿਆਂ ਜਮੀਨ ਪੱਧਰੀ ਕਰ ਦਿੱਤੀ। ਇਸ ਮੌਕੇ ਐਸਡੀਐਮ ਅਮਰਿੰਦਰ ਸਿੰਘ ਟਿਵਾਣਾ, ਤਹਿਸੀਲਦਾਰ ਸੁਖਬੀਰ ਸਿੰਘ ਬਰਾੜ, ਨਗਰ ਨਿਗਮ ਦੇ ਐਸਈ ਸੰਦੀਪ ਗੁਪਤਾ, ਕਿਸ਼ੋਰ ਬਾਂਸਲ ਐਕਸੀਅਨ ਦਵਿੰਦਰ ਜੌੜਾ ਅਤੇ ਪੁਲਿਸ ਦੇ ਕਈ ਅਧਿਕਾਰ ਆਏ ਤਾਂ ਲੀਜ਼ ਤੇ ਜਮੀਨ ਲੈਣ ਵਾਲਿਆਂ ਨੇ ਭਾਰੀ ਵਿਰੋਧ ਕੀਤਾ ਜਤਾਇਆ ਜਿੰਨ੍ਹਾਂ ਨਾਂਲ ਪੁਲਿਸ ਨੇ ਧੱਕਾ ਮੁੱਕੀ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਤਿੰਨ ਜਣਿਆਂ ਨੂੰ ਹਿਰਾਸਤ ’ਚ ਵੀ ਲੈ ਲਿਆ ਹੈ। ਲੋਕਾਂ ਨੇ ਦੱਸਿਆ ਕਿ ਇਸ ਜ਼ਮੀਨ ਨੂੰ ਲੀਜ਼ ‘ਤੇ ਲੈਣ ਦਾ ਮਾਮਲਾ ਟਿ੍ਰਬਿਊਨਲ ਅੱਗੇ ਰੱਖਿਆ ਗਿਆ ਹੈ। ਅਧਿਕਾਰੀ ਆਖਦੇ ਹਨ ਕਿ ਇੰਨ੍ਹਾਂ ਲੋਕਾਂ ਵਲੋਂ ਹੀ ਇਸ ਦੀ ਲੀਜ਼ ਨਹੀਂ ਭਰੀ ਗਈ ਹੈ ਜਿਸ ਕਰਕੇ ਪ੍ਰਸ਼ਾਸ਼ਨ ਨੂੰ ਟ੍ਰਿਬਿਊਨਲ ਕੋਲ ਜਾਣਾ ਪਿਆ ਹੈ।
ਬਲਜੀਤ ਕੌਰ ਅਤੇ ਪਰਮਪਾਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਸਮੇਂ ਤੋਂ ਲਗਾਤਾਰ ਵਕਫ਼ ਬੋਰਡ ਦੀ 10 ਏਕੜ ਜ਼ਮੀਨ ਲੀਜ਼ ‘ਤੇ ਲੈਂਦੇ ਆ ਰਹੇ ਹਨ ਪਰ ਅੱਜ ਪ੍ਰਸ਼ਾਸਨ ਨੇ ਅਚਾਨਕ ਭਾਰੀ ਪੁਲਿਸ ਫ਼ੋਰਸ ਲਿਆ ਕੇ ਉਨ੍ਹਾਂ ਦੀਆਂ ਫ਼ਸਲਾਂ ਅਤੇ ਸਬਜ਼ੀਆਂ ਵਾਹ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਕੋਈ ਕਾਗਜ ਪੱਤਰ ਵੀ ਨਹੀਂ ਦਿਖਾਇਆ ਗਿਆ ਹੈ। ਰਵਿੰਦਰ ਸਿੰਘ ਨੇ ਕਿਹਾ ਕਿ ਇਹ ਸਰਾਸਰ ਧੱਕੇਸ਼ਾਹੀ ਹੈ ਜੋ ਕਾਂਗਰਸ ਦੇ ਰਾਜ ’ਚ ਕੀਤੀ ਜਾ ਰਹੀ ਹੈ ਜਦੋਂਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਉਨ੍ਹਾਂ ਦੱਸਿਆ ਕਿ ਉਹ ਬਾਹਰ ਹਨ। ਪਰ ਉਸ ਦੀ ਪਤਨੀ ਬਲਜੀਤ ਕੌਰ, ਮੁਲਾਜਮ ਗੁਰਸੇਵਕ ਸਿੰਘ ਤੇ ਹਰਦੀਪ ਸਿੰਘ ਨੂੰ ਬਿਨ੍ਹਾ ਗੱਲੋਂ ਪੁਲਿਸ ਲੈ ਗਈ ਹੈ। ਉਨ੍ਹਾਂ ਕਿਹਾ ਕਿ ਉਹ ਵਕਫ਼ ਬੋਰਡ ਦੀ ਲੀਜ਼ ਭਰਨ ਗਏ ਸਨ ਪਰ ਉਨ੍ਹਾ ਤੋਂ ਭਰਵਾਈ ਹੀ ਨਹੀਂ ਗਈ । ਉਨ੍ਹਾ ਕਿਹਾ ਕਿ ਜ਼ਮੀਨ ਦਾ ਮਾਮਲਾ ਟਿ੍ਰਬਿਊਨ ਕੋਰਟ ਵਿੱਚ ਹੋਣ ਕਰਕੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨਾਲ ਇਸ ਤਰਾਂ ਨਹੀਂ ਕੀਤਾ ਜਾਣਾ ਚਾਹੀਦਾ ਸੀ।
ਐਸਡੀਐਮ ਅਮਰਿੰਦਰ ਸਿੰਘ ਟਿਵਾਣਾ ਦਾ ਕਹਿਣਾ ਸੀ ਕਿ ਕਿਸੇ ਨਾਲ ਕੋਈ ਧੱਕਾ ਨਹੀਂ ਹੈ ਬਲਕਿ ਉਹ ਆਪਣੀ ਡਿਊਟੀ ਕਰ ਰਹੇ ਹਨ। ਦੱਸਿਆ ਕਿ ਸਾਲ 2014 ’ਚ ਇਸ ਜਗ੍ਹਾ ਦੀ ਲੀਜ਼ ਖ਼ਤਮ ਹੋ ਚੁੱਕੀ ਹੈ ਅਤੇ ਵਕਫ ਬੋਰਡ ਕੋਲ ਜਮਾਂ ਨਹੀਂ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ’ਚ ਬਰਸਾਤੀ ਪਾਣੀ ਦੀ ਸਮੱਸਿਆ ਗੰਭੀਰ ਹੋਣ ਕਰਕੇ ਅਜਿਹੀਆਂ ਥਾਵਾਂ ਲੱਭੀਆਂ ਜਾ ਰਹੀਆਂ ਹਨ, ਜਿੱਥੇ ਉਹ ਪਾਣੀ ਸੁੱਟਿਆ ਜਾ ਸਕੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਵਕਫ਼ ਬੋਰਡ ਤੋਂ ਇਹ ਜਮੀਨ ਲੀਜ਼ ਤੇ ਲਈ ਹੈ ਜਿਸ ਨੂੰ ਵੀ ਹੁਣ ਪਾਣੀ ਸਟੋਰ ਕਰਨ ਲਈ ਵਰਤਿਆ ਜਾਏਗਾ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਇਸ ਥਾਂ ਤੇ ਟੈਂਕ ਬਣਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਮੀਨ ਤੇ ਕੋਈ ਸਟੇਅ ਵਗੈਰਾ ਨਹੀਂ ਹੈ।