ਪੀ.ਆਰ. 128 ਤੇ 129 ਦੇ ਬੀਜ ਗ਼ੈਰ-ਅਧਿਕਾਰਤ ਤਰੀਕੇ ਨਾਲ ਵਾਧੂ ਮੁੱਲ ‘ਤੇ ਵੇਚਕੇ ਕਿਸਾਨਾਂ ਨਾਲ ਦਾ ਧੋਖਾਧੜੀ ਮਾਮਲਾ
ਲੋਕੇਸ਼ ਕੌਸ਼ਲ ਪਟਿਆਲਾ, 4 ਜੂਨ 2020
ਪਟਿਆਲਾ ਪੁਲਿਸ ਨੇ ਅੱਜ ਪਟਿਆਲਾ ਤੋਂ ਇੱਕ ਬੀਜ ਵਿਕਰੇਤਾ ਨੂੰ ਗ੍ਰਿਫ਼ਤਾਰ ਕਰਕੇ ਅਣ-ਅਧਿਕਾਰਤ ਤਰੀਕੇ ਨਾਲ ਨਿਰਧਾਰਤ ਕੀਮਤ ਨਾਲੋਂ ਵਾਧੂ ਮੁੱਲ ‘ਤੇ ਵੇਚੇ ਜਾ ਰਹੇ ਝੋਨੇ ਦੀ ਕਿਸਮ ਪੀ.ਆਰ. 128 ਅਤੇ ਪੀ.ਆਰ. 129 ਦੇ ਬੀਜਾਂ ਦੇ 93 ਥੈਲੇ ਜ਼ਬਤ ਕੀਤੇ ਹਨ। ਇਹ ਜਾਣਕਾਰੀ ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਦਿੱਤੀ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਬੀਜ ਇੰਸਪੈਕਟਰ-ਕਮ-ਖੇਤੀਬਾੜੀ ਵਿਕਾਸ ਅਫ਼ਸਰ ਬਲਾਕ ਪਟਿਆਲਾ ਸ੍ਰੀਮਤੀ ਜਸਪਿੰਦਰ ਕੌਰ ਦੀ ਸ਼ਿਕਾਇਤ ‘ਤੇ ਐਫ.ਆਈ.ਆਰ. ਨੰਬਰ 90 ਮਿਤੀ 3 ਜੂਨ 2020 ਆਈ.ਪੀ.ਸੀ. ਦੀ ਧਾਰਾ 420 ਅਤੇ ਜਰੂਰੀ ਵਸਤਾਂ ਬਾਰੇ ਐਕਟ 1955 ਦੀ ਧਾਰਾ 7 ਤਹਿਤ ਥਾਣਾ ਅਨਾਜ ਮੰਡੀ ਵਿਖੇ ਦਰਜ ਮੁਕੱਦਮੇ ‘ਚ ਵਿਸ਼ਨੂ ਬੀਜ ਸਟੋਰ ਅਨਾਜ ਮੰਡੀ ਪਟਿਆਲਾ ਦੇ ਮਾਲਕ ਰਾਧੇ ਸ਼ਿਆਮ ਨੂੰ ਨਾਮਜਦ ਕੀਤਾ ਗਿਆ ਹੈ।
ਸ. ਸਿੱਧੂ ਨੇ ਦੱਸਿਆ ਕਿ ਇਹ ਬੀਜ ਵਿਕਰੇਤਾ ਝੋਨੇ ਦੇ ਬੀਜਾਂ ਦੀ ਕਿਸਮ ਪੀ.ਆਰ. 128, ਜਿਸ ਦੀ ਕੀਮਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 70 ਰੁਪਏ ਅਤੇ ਪੀ.ਆਰ. 129 ਦੇ ਬੀਜ ਦੀ ਕੀਮਤ 62.50 ਰੁਪਏ ਨਿਰਧਾਰਤ ਕੀਤੀ ਗਈ ਸੀ ਨੂੰ ਵੇਚਣ ਦਾ ਅਧਿਕਾਰ ਨਹੀਂ ਸੀ ਰੱਖਦਾ ਪਰੰਤੂ ਇਹ ਕਿਸਾਨਾਂ ਨਾਲ ਧੋਖਾਧੜੀ ਕਰਦਿਆਂ ਅਣ-ਅਧਿਕਾਰਤ ਤਰੀਕੇ ਨਾਲ ਕਿਸਾਨਾਂ ਤੋਂ ਵਾਧੂ ਮੁੱਲ ਲੈਕੇ 100 ਰੁਪਏ ਪ੍ਰਤੀ ਕਿੱਲੋ ਵੇਚ ਰਿਹਾ ਸੀ।
ਸ. ਸਿੱਧੂ ਨੇ ਦੱਸਿਆ ਕਿ ਜਿਸ ‘ਤੇ ਕਾਰਵਾਈ ਕਰਦਿਆਂ ਖੇਤੀਬਾੜੀ ਵਿਭਾਗ ਅਤੇ ਪੁਲਿਸ ਨੇ ਸਾਂਝੇ ਤੌਰ ‘ਤੇ ਇਸ ਦੇ ਬੀਜਾਂ ਦੀ ਦੁਕਾਨ ‘ਤੇ ਛਾਪਾ ਮਾਰਦਿਆਂ ਅਣ-ਅਧਿਕਾਰਤ ਤੌਰ ‘ਤੇ ਰੱਖੇ ਗਏ 93 ਥੈਲੇ (10 ਕਿੱਲੋ ਪ੍ਰਤੀ ਥੈਲਾ) ਜ਼ਬਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਦੁਕਾਨ ਦੇ ਮਾਲਕ ਰਾਧੇ ਸ਼ਿਆਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।