ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 2 ਸਤੰਬਰ 2023
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਪੂਰਨ ਖਾਤਮੇ ਖਿਲਾਫ ਵਿਢੀ ਗਈ ਜਾਗਰੂਕਤਾ ਮੁਹਿੰਮ ਤਹਿਤ ਪੁਲਿਸ ਵਿਭਾਗ ਫਾਜ਼ਿਲਕਾ ਵੱਲੋਂ ਸਾਂਝ ਵਿੰਗ ਨਾਲ ਮਿਲ ਕੇ ਲਗਾਤਾਰ ਜਾਗਰੂਕਤਾ ਸੈਮੀਨਾਰਾਂ ਦਾ ਆਯੋਜਨ ਕਰਕੇ ਲੋਕਾਂ ਨੂੰ ਨਸ਼ਿਆਂ ਦੇ ਦੁਰਪ੍ਰਭਾਵਾਂ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਦੂਰ ਰਹਿਣ ਬਾਰੇ ਸੁਚੇਤ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਜ਼ਿਲ੍ਹਾ ਪੁਲਿਸ ਮੁੱਖੀ ਸ. ਮਨਜੀਤ ਸਿੰਘ ਢੇਸੀ ਦੇ ਦਿਸ਼ਾ—ਨਿਰਦੇਸ਼ਾ ਹੇਠ ਡੀ.ਐਸ.ਪੀ. ਅਬੋਹਰ ਦੀ ਅਗਵਾਈ ਹੇਠ ਅਬੋਹਰ ਦੇ ਪੱਕਾ ਸੀਡ ਫਾਰਮ ਵਿਖੇ ਨਸ਼ਿਆਂ ਖਿਲਾਫ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ।
ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਹਾਜਰੀਨ ਨੂੰ ਨਸ਼ੇ ਦੇ ਦੁਰਪ੍ਰਭਾਵਾਂ ਬਾਰੇ ਪ੍ਰੇਰਿਤ ਕਰਦਿਆਂ ਕਿਹਾ ਕਿ ਇਸ ਦੀ ਵਰਤੋਂ ਕਰਨ ਨਾਲ ਵਿਅਕਤੀ ਸਮਾਜ ਦੀ ਮੁੱਖ ਧਾਰਾ ਨਾਲ ਟੁੱਟ ਜਾਂਦਾ ਹੈ ਤੇ ਆਪਣੇ ਆਪ ਨੂੰ ਹਨੇਰੇ ਵੱਲ ਸੁੱਟਦਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਚਪੇਟ ਵਿਚ ਉਹ ਇਕਲਾ ਨਹੀਂ ਆਉਂਦਾ ਸਗੋਂ ਉਸਦਾ ਪਰਿਵਾਰ ਵੀ ਇਸਦੀ ਮਾਰ ਹੇਠ ਆਉਂਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਵਿਕਾਸ ਦੇ ਰਾਹਾਂ ਵੱਲ ਲਿਜਾਉਣ ਵਿਚ ਨੌਜਵਾਨ ਪੀੜ੍ਹੀ ਦਾ ਬਹੁਤ ਵੱਡਾ ਰੋਲ ਹੁੰਦਾ ਹੈ, ਇਸ ਲਈ ਆਪਣੀ ਆਪ ਨੂੰ ਨਸ਼ੇ ਦੀ ਦਲਦਲ ਵਿਚ ਫਸਣ ਤੋਂ ਬਚਾਉਣਾ ਚਾਹੀਦਾ ਹੈ ਤੇ ਹੋਰਨਾ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਲਤ ਤੋਂ ਬਚਣ ਲਈ ਸਾਡੀ ਸੰਗਤ ਵਧੀਆ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡਾ ਆਲਾ—ਦੁਆਲਾ ਚੰਗਾ ਹੋਵੇਗਾ ਤਾਂ ਅਸੀਂ ਹਮੇਸ਼ਾ ਸਕਰਾਤਮਕ ਕੰਮਾਂ ਬਾਰੇ ਸੋਚਾਂਗੇ ਤੇ ਚੰਗੇ ਕਾਰਜ ਹੀ ਕਰਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਆਪ ਲਈ, ਆਪਣੇ ਪਰਿਵਾਰ ਲਈ, ਆਪਣੇ ਸੂਬੇ ਲਈ ਅਤੇ ਆਪਣੇ ਦੇਸ਼ ਲਈ ਕੁਝ ਕਰ ਵਿਖਾਉਣ ਦਾ ਟੀਚਾ ਹੋਣਾ ਚਾਹੀਦਾ ਹੈ, ਇਹ ਤਾਂ ਹੀ ਪੂਰਾ ਹੋ ਸਕਦਾ ਹੈ ਜੇਕਰ ਅਸੀਂ ਤੰਦਰੁਸਤ ਰਹਾਂਗੇ ਤੇ ਨਸ਼ਿਆਂ ਤੋਂ ਦੂਰ ਰਹਾਂਗੇ।
ਡਾ. ਮਹੇਸ਼ ਮਨੋਰੋਗ ਮਾਹਿਰ ਨੇ ਆਪਣੇ ਸੰਬੋਧਨ ਦੌਰਾਨ ਨਸ਼ਿਆਂ ਦੀ ਦਲਦਲ ਵਿਚ ਫਸ ਚੁੱਕੇ ਨੌਜਵਾਨਾ ਨੂੰ ਪੇ੍ਰਰਿਤ ਕਰਦਿਆਂ ਕਿਹਾ ਕਿ ਉਹ ਨਸ਼ਾ ਛੁਡਾਉ ਕੇਂਦਰਾਂ ਵਿਖੇ ਪਹੁੰਚ ਕੇ ਆਪਣਾ ਇਲਾਜ ਕਰਵਾ ਸਕਦੇ ਹਨ ਤੇ ਨਸ਼ੇ ਰੂਪੀ ਕੋਹੜ ਤੋਂ ਛੁਟਕਾਰਾ ਪਾ ਸਕਦੇ ਹਨ ਅਤੇ ਆਮ ਵਾਂਗ ਆਪਣੀ ਜਿੰਦਗੀ ਬਤੀਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਛੁਡਾਉ ਕੇਂਦਰਾਂ ਵਿਖੇ ਸਿਹਤ ਮਾਹਰਾਂ ਵੱਲੋਂ ਬੜੇ ਹੀ ਸਹਿਜੇ ਤਰੀਕੇ ਨਾਲ ਪੀੜ੍ਹਤਾਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੀੜ੍ਹਤਾਂ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਹੀ ਨਸ਼ੇ ਦਾ ਮੁਕੰਮਲ ਤੌਰ *ਤੇ ਖਾਤਮਾ ਕੀਤਾ ਜਾ ਸਕਦਾ ਹੈ।