ਹਰਪ੍ਰੀਤ ਕੌਰ ਬਬਲੀ, ਸੰਗਰੂਰ, 02 ਸਤੰਬਰ 2023
ਮੁਲਾਜ਼ਮਾਂ ਨੂੰ ਹੜਤਾਲ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਐਸਮਾ ਲਾਗੂਕਰਨ ਦੀ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਵੱਲੋਂ ਨਿਖੇਧੀ ਕੀਤੀ ਗਈ ਹੈ | ਇਸ ਸੰਬੰਧੀ ਪਾਰਟੀ ਦੇ ਸਥਾਨਕ ਦਫਤਰ ਤੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਜਥੇਬੰਦਕ ਸਕੱਤਰ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕ ਮਸਲੇ ਹੱਲ ਕਰਨ ਦੀ ਬਜਾਏ ਧੱਕੇਸ਼ਾਹੀ ਦੀਆਂ ਹੱਦਾਂ ਲੰਘ ਰਹੀ ਹੈ | ਆਪਣੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਲੋਕਾਂ ਦੀ ਆਵਾਜ ਨੂੰ ਡੰਡੇ ਦੇ ਜੋਰ ‘ਤੇ ਦਬਾਉਣ ਲਈ ਆਪਣੀ ਪੂਰੀ ਵਾਹ ਲਾ ਰਹੀ ਹੈ |
ਜਥੇਦਾਰ ਸ. ਰਾਮਪੁਰਾ ਨੇ ਕਿਹਾ ਕਿ ਹਾਲੇ ਆਗਾਮੀ ਪੰਚਾਇਤੀ ਚੋਣਾਂ ਵਿੱਚ ਸਿਆਸੀ ਲਾਹਾ ਲੈਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਨੂੰ ਸਮੇਂ ਤੋਂ ਪਹਿਲਾਂ ਭੰਗ ਕਰਨ ਵਾਲੇ ਤਾਨਾਸ਼ਾਹੀ ਫੁਰਮਾਨ ਦੀਆਂ ਚਰਚਾਵਾਂ ਖਤਮ ਵੀ ਨਹੀਂ ਹੋਈਆਂ ਸਨ ਕਿ ਹੁਣ ਹੱਕ ਮੰਗਦੇ ਮੁਲਾਜਮਾਂ ਨੂੰ ਡਰਾਉਣ ਲਈ ਐਸਮਾ ਲਾਗੂ ਕਰਕੇ ਪੰਜਾਬ ਸਰਕਾਰ ਨੇ ਧੱਕੇਸ਼ਾਹੀ ਦਾ ਇੱਕ ਹੋਰ ਸਬੂਤ ਦੇ ਦਿੱਤਾ ਹੈ | ਜਥੇਦਾਰ ਸ. ਰਾਮਪੁਰਾ ਨੇ ਕਿਹਾ ਕਿ ਸੂਬੇ ਵਿੱਚ ਵੱਡੇ ਪੱਧਰ ‘ਤੇ ਪਟਵਾਰੀਆਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਅਤੇ ਪਟਵਾਰ ਯੂਨੀਅਨ ਲੰਬੇ ਸਮੇਂ ਤੋਂ ਇਨ੍ਹਾਂ ਪੋਸਟਾਂ ਨੂੰ ਭਰਨ ਦੀ ਮੰਗ ਕਰਦੀ ਆ ਰਹੀ ਹੈ, ਕਿਉਂਕਿ ਪੋਸਟਾਂ ਖਾਲੀ ਹੋਣ ਕਰਕੇ ਸੈਂਕੜੇ ਹਲਕਿਆਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ |
ਆਪਣੀਆਂ ਅਜਿਹੀਆਂ ਹੀ ਹੱਕੀ ਮੰਗਾਂ ਲਈ ਹੜਤਾਲ ਕਰਨਾ ਮੁਲਾਜ਼ਮਾਂ ਦਾ ਸੰਵੈਧਾਨਿਕ ਹੱਕ ਹੈ ਪਰ ਅਫਸੋਸ ਦੀ ਗੱਲ ਹੈ ਕਿ ਹੱਕਾਂ ਲਈ ਹੜਤਾਲ ਕਰਨ ਵਾਲੇ ਮੁਲਾਜ਼ਮਾਂ ਨੂੰ ਦਬਾਉਣ ਲਈ ਪੰਜਾਬ ਸਰਕਾਰ ਵੱਲੋਂ ਐਸਮਾ ਲਾਗੂ ਕਰ ਦਿੱਤਾ ਗਿਆ ਹੈ, ਜੋ ਕਿ ਸਰਾਸਰ ਧੱਕੇਸ਼ਾਹੀ ਹੈ | ਜਥੇਦਾਰ ਰਾਮਪੁਰਾ ਨੇ ਪੰਚਾਇਤਾਂ ਭੰਗ ਦਾ ਫੈਸਲਾ ਵਾਪਸ ਹੋਣ ਤੋਂ ਬਾਅਦ ਹੁਣ ਪੰਚਾਇਤਾਂ ਦੇ ਕੰਮਾਂ ਵਿੱਚ ਅੜਿੱਕਾ ਲਾਉਣ ਲਈ ਪੰਜਾਬ ਸਰਕਾਰ ਵੱਲੋਂ ਅੰਦਰਖਾਤੇ ਆਦੇਸ਼ ਜਾਰੀ ਕੀਤੇ ਹਨ | ਜਥੇਦਾਰ ਰਾਮਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੇ ਨਲਾਇਕੀਆਂ ਭਰੇ ਫੈਸਲਿਆਂ ਦਾ ਖਾਮਿਆਜਾ ਸੱਤਾ ਗਵਾ ਕੇ ਭੁਗਤਣਾ ਪਵੇਗਾ | ਇਸ ਮੌਕੇ ਉਨ੍ਹਾਂ ਦੇ ਨਾਲ ਦਫਤਰ ਇੰਚਾਰਜ ਕੁਲਵੰਤ ਸਿੰਘ ਲੱਡੀ, ਸੁਖਚੈਨ ਸਿੰਘ ਲੋਹਾਖੇੜਾ ਵੀ ਹਾਜਰ ਸਨ |