ਗਗਨ ਹਰਗੁਣ, ਬਰਨਾਲਾ, 11 ਅਗਸਤ 2023
ਗ੍ਰਾਮ ਪੰਚਾਇਤ ਭੈਣੀ ਮਹਿਰਾਜ ਵੱਲੋਂ ਪਿੰਡ ਦੇ ਵਿਕਾਸ ਅਤੇ ਭਲਾਈ ਲਈ ਚੁੱਕੇ ਜਾ ਰਹੇ ਕਦਮਾਂ ਦੀ ਲੜੀ ਤਹਿਤ ਸਟੂਡੈਂਟ ਵੈੱਲਫੇਅਰ ਸੁਸਾਇਟੀ ਭੈਣੀ ਮਹਿਰਾਜ ਨੇ ਜ਼ਰੂਰਤਮੰਦ ਵਿਦਿਆਰਥੀਆਂ ਦੀ ਪੜ੍ਹਾਈ ਲਈ ਉਪਰਾਲਾ ਕੀਤਾ ਹੈ। ਨੌਜਵਾਨਾਂ ਦੀ ਭਲਾਈ ਲਈ ਕੰਮ ਰਹੀ ਸਟੂਡੈਂਟ ਵੈੱਲਫੇਅਰ ਸੁਸਾਇਟੀ ਭੈਣੀ ਮਹਿਰਾਜ ਜਿਸ ਵਿੱਚ ਪੰਚ ਹਰਮੇਲ ਸਿੰਘ ਸਣੇ ਹੋਰ ਮੋਹਤਬਰ ਮੈਂਬਰ ਹਨ, ਦੀ ਮੀਟਿੰਗ ਸਰਕਾਰੀ ਹਾਈ ਸਕੂਲ ਵਿਖੇ ਹੋਈ।
ਇਸ ਮੀਟਿੰਗ ਵਿੱਚ ਮਾਸਟਰ ਸੁਖਵਿੰਦਰ ਸਿੰਘ ਨੇ ਮੈਂਬਰਾਂ ਨੂੰ ਜੀ ਆਇਆ ਕਿਹਾ ਅਤੇ ਇਕੱਤਰ ਰਾਸ਼ੀ ਤੇ ਖ਼ਰਚਿਆਂ ਦਾ ਲੇਖਾ-ਜੋਖਾ ਸੁਸਾਇਟੀ ਦੇ ਮੈਂਬਰਾਂ ਅੱਗੇ ਪੇਸ਼ ਕਰਨ ਦਾ ਸੱਦਾ ਦਿੱਤਾ। ਪੇਸ਼ ਕੀਤੇ ਗਏ ਆਮਦਨ ਤੇ ਖਰਚ ਨੂੰ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ। ਇਸ ਮੌਕੇ ਪਿਛਲੇ ਦਿਨਾਂ ਤੋਂ ਸੁਸਾਇਟੀ ਮੈਂਬਰਾਂ ਵੱਲੋਂ ਘਰੋਂ ਘਰ ਜਾ ਕੇ ਇਕੱਤਰ ਕੀਤੇ ਜ਼ਰੂਰਤਮੰਦ ਵਿਦਿਆਰਥੀਆਂ ਦੇ ਕੇਸ ਮੈਂਬਰਾਂ ਦੇ ਸਾਹਮਣੇ ਰੱਖੇ ਗਏ ਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਯੋਗ ਬਣਦੇ ਕੇਸ ਪਾਸ ਕੀਤੇ ਗਏ ਕਈ ਕਾਬਿਲ ਤੇ ਜ਼ਰੂਰਤਮੰਦ ਵਿਦਿਆਰਥੀ ਜੋ ਕਿ ਪਿਛਲੇ ਸਾਲ ਤੋਂ ਆਰਥਿਕ ਕਾਰਨਾਂ ਕਰਕੇ ਘਰ ਬੈਠੇ ਸਨ, ਉਨ੍ਹਾਂ ਦਾ ਵੱਖ ਵੱਖ ਸੰਸਥਾਵਾਂ ਵਿੱਚ ਦਾਖਲਾ ਕਰਵਾਉਣ ਲਈ ਸੁਸਾਇਟੀ ਦੇ ਮੈਂਬਰਾਂ ਦੀ ਡਿਊਟੀ ਲਗਾਈ ਗਈ।
ਸੁਸਾਇਟੀ ਦੇ ਮੈਂਬਰ ਡਾਕਟਰ ਨਛੱਤਰ ਸਿੰਘ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਜੋ ਵਿਦਿਆਰਥੀ ਪੜ੍ਹਾਈ ਕਰਨਾ ਚਾਹੁੰਦੇ ਹਨ, ਪਰ ਘਰਾਂ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਪੜ੍ਹਾਈ ਨਹੀਂ ਕਰ ਰਹੇ, ਉਨ੍ਹਾਂ ਵਿਦਿਆਰਥੀਆਂ ਦਾ ਦਾਖਲਾ ਸੁਸਾਇਟੀ ਆਪਣੇ ਖਰਚੇ ’ਤੇ ਕਰਵਾਏਗੀ। ਸੁਸਾਇਟੀ ਦਾ ਸੁਪਨਾ ਹੈ ਕਿ ਪਿੰਡ ਦਾ ਕੋਈ ਵੀ ਬੱਚਾ ਪੜਾਈ ਤੋਂ ਵਾਂਝਾ ਨਾ ਰਹੇ।
ਇਸ ਮੌਕੇ ਸੰਦੀਪ ਸਿੰਘ ਨੰਬਰਦਾਰ, ਗੁਰਦੀਪ ਸਿੰਘ ਧਾਲੀਵਾਲ, ਸੁਰਜੀਤ ਸਿੰਘ, ਕਰਮਜੀਤ ਸਿੰਘ ਔਲਖ, ਮੱਖਣ ਖਾਨ, ਰਘਵੀਰ ਸਿੰਘ, ਜਰਨੈਲ ਸਿੰਘ, ਮਾਸਟਰ ਜਸਪਾਲ ਸਿੰਘ, ਮਾਸਟਰ ਰਾਮ ਲਾਲ, ਰਣਜੀਤ ਸਿੰਘ ਬੜਿੰਗ, ਕ੍ਰਿਸ਼ਨ ਸਦਿਉੜਾ, ਜਰਨੈਲ ਮਾਨ , ਧੰਨਾ ਸਿੰਘ , ਮਾਸਟਰ ਸੁਖਵਿੰਦਰ ਸਿੰਘ, ਗਗਨ ਅਤੇ ਡਾਕਟਰ ਨਛੱਤਰ ਸਿੰਘ ਹਾਜ਼ਰ ਸਨ।