ਹਰਪ੍ਰੀਤ ਕੌਰ ਬਬਲੀ, ਸੰਗਰੂਰ, 8 ਜੁਲਾਈ 2023
ਵੋਟਾਂ ਲੰਘਦੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਹੋਈਆਂ ਬੇਅਦਬੀਆਂ ਦੀਆਂ ਘਟਨਾਵਾਂ ਅਤੇ ਇਨ੍ਹਾਂ ਮਾਮਲਿਆਂ ਵਿੱਚ ਇਨਸਾਫ ਦਿਵਾਉਣ ਦੇ ਵਾਅਦੇ ਨੂੰ ਸੱਤਾਧਾਰੀ ਪਾਰਟੀ ਸਮੇਤ ਸਾਰੀਆਂ ਰਾਜਸੀ ਪਾਰਟੀਆਂ ਭੁਲਾ ਚੁੱਕੀਆਂ ਹਨ, ਜਦੋਂਕਿ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਵੱਲੋਂ ਬੇਅਦਬੀਆਂ ਦੇ ਮਾਮਲੇ ਵਿੱਚ ਇਨਸਾਫ ਲੈਣ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ | ਪਾਰਟੀ ਦੇ ਜਥੇਦਾਰਾਂ ਵੱਲੋਂ ਜੱਥਿਆਂ ਦੇ ਰੂਪ ਵਿੱਚ ਗਿ੍ਫਤਾਰੀਆਂ ਦੇਣ ਦਾ ਸਿਲਸਿਲਾ ਵੀ ਨਿਰੰਤਰ ਜਾਰੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਆਪਣੀ ਬੱਗੂਆਣਾ (ਸੰਗਰੂਰ) ਸਥਿਤ ਰਿਹਾਇਸ਼ ‘ਤੇ ਆਪਣੇ- ਆਪਣੇ ਕੰਮਾਂ ਤੇ ਮੁਸ਼ਕਿਲਾਂ ਸਬੰਧੀ ਮਿਲਣ ਲਈ ਆਏ ਲੋਕਾਂ ਨਾਲ ਮੁਲਾਕਾਤ ਉਪਰੰਤ ਪ੍ਰੈਸ ਬਿਆਨ ਜਾਰੀਆਂ ਕਰਦਿਆਂ ਕੀਤਾ |
ਸ. ਮਾਨ ਨੇ ਅੱਜ ਆਪਣੀ ਰਿਹਾਇਸ਼ ‘ਤੇ ਆਪਣੇ-ਆਪਣੇ ਮਸਲੇ ਲੈ ਕੇ ਪਹੁੰਚੇ ਵੱਡੀ ਗਿਣਤੀ ਹਲਕਾ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਕਹਿਣੀ ਅਤੇ ਕਰਨੀ ਦਾ ਪੱਕਾ ਹੈ, ਜੋ ਵੀ ਵਾਅਦੇ ਲੋਕਾਂ ਨਾਲ ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦੀ ਸੇਵਾ ਕਰਨਾ ਉਨ੍ਹਾਂ ਦੀ ਜਿੰਮੇਵਾਰੀ ਹੈ, ਜਿਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ |
ਸ. ਮਾਨ ਨੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਬਿੰਨਦਿਆਂ ਕਿਹਾ ਕਿ ਜਦੋਂ ਵੋਟਾਂ ਨੇੜੇ ਆ ਜਾਂਦੀਆਂ ਹਨ ਤਾਂ ਸਿੱਖ ਕੌਮ ਦੀ ਵੋਟ ਬੈਂਕ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਸਿੱਖ ਕੌਮ ਦੇ ਮਸਲਿਆਂ ਨੂੰ ਚੁੱਕਣ ਦੇ ਢਕਵੰਜ ਰਚੇ ਜਾਂਦੇ ਹਨ ਪਰ ਵੋਟਾਂ ਲੰਘਦੇ ਹੀ ਇਹ ਮਸਲੇ ਦਬ ਕੇ ਰਹਿ ਜਾਂਦੇ ਹਨ |
ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਵੀ ਇੱਕ ਸਾਲ ਤੋਂ ਵੱਧ ਸਮਾਂ ਲੰਘ ਚੁੱਕਾ ਹੈ ਪਰ ਅਜੇ ਤੱਕ ਵਾਅਦੇ ਮੁਤਾਬਿਕ ਬੇਅਦਬੀਆਂ ਦੇ ਮਾਮਲੇ ਵਿੱਚ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਿਆ ਅਤੇ ਨਾ ਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਠੋਸ ਕਦਮ ਉਠਾਇਆ ਗਿਆ ਹੈ | ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਜਥੇਦਾਰਾਂ ਵੱਲੋਂ ਬੇਅਦਬੀਆਂ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਗਿ੍ਫਤਾਰੀਆਂ ਦੇਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ | ਹੁਣ ਤੱਕ 651ਜਥੇ ਆਪਣੀਆਂ ਗਿ੍ਫਤਾਰੀਆਂ ਦੇ ਚੁੱਕੇ ਹਨ | ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਵੋਟਾਂ ਨੇੜੇ ਆਉਣ ‘ਤੇ ਸਿੱਖ ਪੰਥ ਦੇ ਹਮਾਇਤੀ ਹੋਣ ਦਾ ਡਰਾਮਾ ਕਰਨ ਵਾਲੀਆਂ ਸਿਆਸੀ ਪਾਰਟੀਆਂ ਤੋਂ ਸੁਚੇਤ ਰਹੋ ਅਤੇ ਬੇਅਦਬੀਆਂ ਦੇ ਮਾਮਲੇ ਵਿੱਚ ਇਨਸਾਫ ਨਾ ਮਿਲਣ ਸੰਬੰਧੀ ਸਵਾਲ ਜਰੂਰ ਪੁੱਛੇ ਜਾਣ | ਉਨ੍ਹਾਂ ਕਿਹਾ ਕਿ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਹੀ ਹੈ, ਜੋ ਕੌਮ ਦੇ ਮਸਲਿਆਂ ਦੀ ਪੈਰਵੀ ਵਾਜਿਬ ਢੰਗ ਨਾਲ ਕਰ ਸਕਦਾ ਹੈ |
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਹਰਜੀਤ ਸਿੰਘ ਸੰਜੂਮਾਂ, ਜਥੇਦਾਰ ਸ਼ਾਹਬਾਜ ਸਿੰਘ ਡਸਕਾ, ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਬਾਬਾ ਹਰਭਾਗ ਸਿੰਘ, ਗੁਰਚਰਨ ਸਿੰਘ ਜਖੇਪਲ, ਅਰਸ਼ਦੀਪ ਸਿੰਘ ਸੰਗਰੂਰ, ਗੁਰਪ੍ਰੀਤ ਸਿੰਘ ਦੁੱਗਾਂ ਸਮੇਤ ਵੱਡੀ ਗਿਣਤੀ ਵਿੱਚ ਹੋਰ ਆਗੂ ਅਤੇ ਵਰਕਰ ਹਾਜਰ ਸਨ |