ਅਸ਼ੋਕ ਵਰਮਾ ਬਠਿੰਡਾ,29 ਮਈ 2020
ਰਾਜਸਥਾਨ ’ਚ ਫਸਲਾਂ ਲਈ ਕਹਿਰ ਬਣੇ ਟਿੱਡੀ ਦਲ ਦਾ ਰੁੱਖ ਹੁਣ ਪੰਜਾਬ ਵੱਲ ਹੋ ਗਿਆ ਹੈ ਜਿਸ ਨੂੰ ਦੇਖਦਿਆਂ ਕਿਸਾਨ ਫਿਕਰਮੰਦ ਹੋ ਗਏ ਹਨ। ਭਾਵੇਂ ਅੱਜ ਸ਼ਾਮ ਤੱਕ ਕਿਸੇ ਵੱਡੇ ਖਤਰੇ ਦੀ ਸੂਚਨਾਂ ਨਹੀਂ ਪਰ ਟਿੱਡੀ ਦਲ ਦੇ ਸੰਘਰੀਆ ਮੰਡੀ ਲੰਘਣ ਵਾਲੀਆਂ ਰਿਪੋਰਟਾਂ ਫਸਲ ਲਈ ਸ਼ੁਭ ਸੰਕੇਤ ਨਹੀਂ ਹਨ। ਪਤਾ ਲੱਗਿਆ ਹੈ ਕਿ ਜਿਸ ਤਰਾਂ ਟਿੱਡੀ ਦਦਲ ਦੀ ਰਫਤਾਰ ਹੁੰਦੀ ਹੈ ਉਸ ਮੁਤਾਬਕ ਟਿੱਡੀਆਂ ਪੰਜਾਬ ਵਿਚ ਕਿਸੇ ਵੀ ਵਕਤ ਦਾਖਲ ਹੋ ਸਕਦੀਆਂ ਹਨ। ਓਧਰ ਖੇਤੀ ਮਹਿਕਮੇ ਨੇ ਨਰਮਾ ਪੱਟੀ ਦੇ ਮੁੱਖ ਖੇਤੀਬਾੜੀ ਅਫਸਰਾਂ ਨੂੰ ਐਡਵਾਇਜਰੀ ਵੀ ਜਾਰੀ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਸੰਭਾਵੀ ਟਾਕਰੇ ਵਾਸਤੇ ਤਿਆਰ ਰਹਿਣ ਲਈ ਆਖਿਆ ਹੈ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਵੀ ਟਿੱਡੀ ਦਲ ਦੇ ਪੰਜਾਬ ਵੱਲ ਵਧਣ ਦੀਆਂ ਰਿਪੋਰਟਾਂ ਤੋਂ ਬਾਅਦ ਪੰੰਜਾਬ ਦੇ ਸਰਹੱਦੀ ਖਿੱਤੇ ’ਚ ਚੌਕਸੀ ਵਧਾ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਗੁਰੂ ਘਰਾਂ ਰਾਹੀਂ ਮੁਨਿਆਦੀ ਕਰਵਾ ਕੇ ਕਿਸਾਨਾਂ ਨੂੰ ਵੀ ਮ੍ਰੁਸਤੈਦ ਰਹਿਣ ਲਈ ਆਖਿਆ ਗਿਆ ਹੈ। ਖੇਤੀਬਾੜੀ ਵਿਭਾਗ ਦੀ ਟੀਮ ਦੀ ਅਗਵਾਈ ਕਰ ਰਹੇ ਡਾਕਟਰ ਅਸਮਾਨਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਟਿੱਡੀ ਦਲ ਦੀ ਪੰਜਾਬ ਵਿਚ ਦਾਖਲੇ ਦੀ ਸੰਭਾਵਨਾਂ ਹੈ ਜਿਸ ਲਈ ਟੀਮਾਂ ਕਿਸਾਨਾਂ ਤੇ ਆਮ ਲੋਕਾਂ ਨੂੰ ਚੌਕਸ ਕਰ ਰਹੀਆਂ ਹਨ। ਉਨ੍ਹਾਂ ਆਖਿਆ ਕਿ ਜੇਕਰ ਕੋਈ ਸਮੱਸਿਆ ਆਉਂਣੀ ਹੈ ਤਾਂ ਕਿਸਾਨ ਪੀਪੇ ਖੜਕਾਉਣ ਅਤ ਪਟਾਕੇ ਚਲਾ ਕੇ ਟਿੱਡੀ ਦਲ ਨੂੰ ਖੇਤਾਂ ਵਿਚ ਬੈਠਣ ਤੋਂ ਰੋਕਣ। ਖੇਤੀ ਮਹਿਕਮੇ ਨੇ ਪੰਜਾਬ-ਰਾਜਸਥਾਨ ਸਰਹੱਦ ’ਤੇ ਵੀ ਚੌਕਸੀ ਵਧਾ ਦਿੱਤੀ ਹੈ। ਰਾਜਸਥਾਨ ’ਚ ਟਿੱਡੀ ਦਲ ਨੇ ਤਬਾਹੀ ਮਚਾ ਰੱਖੀ ਹੈ ਜਿਸ ਨੂੰ ਲੈਕੇ ਪੰਜਾਬ ਦੇ ਕਿਸਾਨਾਂ ਦਾ ਡਰਨਾ ਸੁਭਾਵਿਕ ਹੈ।
ਵੇਰਵਿਆਂ ਅਨੁਸਾਰ ਪੰਜਾਬ ਨੂੰ ਆਖਰੀ ਵਾਰ ਸਾਲ 1993 ਵਿਚ ਟਿੱਡੀ ਦਲ ਦੀ ਪ੍ਰਕੋਪੀ ਦਾ ਸਾਹਮਣਾ ਕਰਨਾ ਪਿਆ ਸੀ। ਉਦੋਂ ਰਾਜਸਥਾਨ ਵਿੱਚ ਵੱਡਾ ਨੁਕਸਾਨ ਹੋਇਆ ਸੀ। ਐਤਕੀਂ ਪਹਿਲੋਂ ਗੁਜਰਾਤ ਨੂੰ ਟਿੱਡੀ ਦਲ ਨੇ ਚੱਟਿਆ ਅਤੇ ਨਾਲ ਹੀ ਰਾਜਸਥਾਨ ਦੇ ਕਰੀਬ 19 ਜ਼ਿਲਿ੍ਹਆਂ ’ਤੇ ਧਾਵਾ ਬੋਲ ਦਿੱਤਾ ਹੈ। ਕਈ ਥਾਵਾਂ ਤੇ ਬਰਾਨੀ ਫਸਲਾਂ ਤਾਂ ਖਤਮ ਹੀ ਕਰ ਦਿੱਤੀਆਂ ਹਨ ਜਦੋਂ ਕਿ ਉਪਜਾਊ ਜ਼ਮੀਨਾਂ ’ਤੇ ਛੋਟੀ ਟਿੱਡੀ ਦਾ ਹਮਲਾ ਵੱਡਾ ਹੈ। ਪਿਛਲੇ ਤਿੰਨ ਦਿਨਾਂ ’ਚ ਰਾਜਸਥਾਨ ਟਿੱਡੀ ਦਲ ਦਾ ਵੱਡਾ ਨਿਸ਼ਾਨਾ ਬਣਿਆ ਹੋਇਆ ਹੈ ਜਿਸ ਨੂੰ ਬਚਾਉਣ ਲਈ ਕਿਸਾਨ ਕੀਟਨਾਸ਼ਕਾਂ ਦਾ ਛਿੜਕਾਅ ਕਰ ਰਹੇ ਹਨ। ਸੂਤਰਾਂ ਨੇ ਦੱਸਿਆ ਹੈ ਕਿ ਮੁਢਲੇ ਅਨੁਮਾਨਾਂ ਮੁਤਾਬਕ ਰਾਜਸਥਾਨ ’ਚ ਇੱਕ ਹਜਾਰ ਕਰੋੜ ਦਾ ਨੁਕਸਾਨ ਹੋਇਆ ਹੈ ਜੋਕਿ ਪੰੰੰਜਾਬ ਦੇ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਹੈ।
ਮੁਸਤੈਦ ਰਹਿਣ ਕਿਸਾਨ:ਡੀਸੀ
ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਟਿੱਡੀ ਦਲ ਦੇ ਫ਼ਸਲਾਂ ’ਤੇ ਹੋਣ ਵਾਲੇ ਕਿਸੇ ਤਰ੍ਹਾਂ ਦੇ ਸੰਭਾਵੀ ਹਮਲੇ ਤੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਟਿੱਡੀਆਂ ਦੇ ਝੁੰਡ ਵਲੋਂ ਕਿਸੇ ਤਰ੍ਹਾਂ ਦੇ ਹਮਲੇ ਤੋਂ ਬਚਾਅ ਲਈ ਖੇਤੀਬਾੜੀ ਵਿਭਾਗ ਨੂੰ ਮੁਸਤੈਦ ਰਹਿਣ ਲਈ ਆਖ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਆਂਢੀ ਸੂਬੇ ਰਾਜਸਥਾਨ ’ਚ ਟਿੱਡੀਆਂ ਦੇ ਝੁੰਡ ਵਲੋਂ ਫ਼ਸਲਾਂ ’ਤੇ ਹਮਲਾ ਕਰਨ ਦੀਆਂ ਰਿਪੋਰਟਾਂ ਮਿਲੀਆਂ ਹਨ ਜਿਸ ਨੂੰ ਦੇਖਦਿਆਂ ਤਿਆਰੀਆਂ ਕਰ ਲਈਆਂ ਗਈਆਂ ਹਨ।
ਮਾਨਸਾ ’ਚ ਵੀ ਤਿਆਰੀਆਂ ਦਾ ਦਾਅਵਾ
ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਦਾ ਕਹਿਣਾ ਸੀ ਕਿ ਟਿੱਡੀ ਦਲ ਦੇ ਹਮਲੇ ਨਾਲ ਨਿਪਟਣ ਲਈ ਜਿਲ੍ਹਾ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਟਿੱਡੀ ਦਲ ਬਾਰੇ ਜਾਣਕਾਰੀ ਦੇਣ ਲਈ ਕੰਟਰੋਲ ਰੂਮ ਬਣਾ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਨੂੰ ਤਿਆਰ ਬਰ ਤਿਆਰ ਰਹਿਣ ਦੀ ਹਦਾਇਤ ਕਰ ਦਿੱਤੀ ਗਈ ਹੈ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਕਿਸੇ ਹਮਲੇ ਦੀ ਸੂਰਤ ’ਚ ਤਾਲਮੇਲ ਬਣਾ ਕਕੇ ਕਾਰਵਾਈ ਕਰਨ ਲਈ ਵੀ ਕਿਹਾ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਜਿਨ੍ਹਾਂ ਕਿਸਾਨਾਂ ਕੋਲ ਟਰੈਕਟਰ ਵਾਲੇ ਸਪਰੇਅ ਪੰਪ ਹਨ, ਉਨ੍ਹਾਂ ਨੂੰ ਅਤੇ ਖੇਤ ਵਿੱਚ ਮੋਟਰ ਵਾਲੀਆਂ ਡਿੱਗੀਆਂ ਨੂੰ ਵੀ ਪਾਣੀ ਨਾਲ ਭਰਕੇ ਰੱਖਣ।
ਖਾਲੀ ਪੀਪਿਆਂ ਦਾ ਫਿਰ ਮੁੱਲ ਪਿਆ
ਬਠਿੰਡਾ ਜਿਲ੍ਹੇ ’ਚ ਟਿੱਡੀ ਦਲ ਦੀ ਆਮਦ ਦੀਆਂ ਰਿਪੋਰਟਾਂ ਉਪਰੰਤ ਕਿਸਾਨਾਂ ਨੇ ਖਾਲੀ ਪੀਪਿਆਂ ਦਾ ਇੰਤਜਾਮ ਕਰਨੇ ਸ਼ੁਰੂ ਕਰ ਦਿੱਤੇ ਹਨ। ਟਿੱਡੀਆਂ ਨੂੰ ਡਰਾਉਣ ਲਈ ਪੀਪੇ ਖੜਕਾਉਣੇ ਪੈਂਦੇ ਹਨ ਕਿਉਂਕਿ ਖੜਕੇ ਨਾਲ ਇਹ ਟਿੱਡੀਆਂ ਫਸਲ ’ਤੇ ਨਹੀਂ ਬੈਠਦੀਆਂ ਹਨ। ਕਿਸਾਨ ਥਾਲੀਆਂ ਵੀ ਖੜਕਾਉਂਦੇ ਹਨ ਅਤੇ ਖੇਤਾਂ ਵਿਚ ਸਪੀਕਰ ਵੀ ਲਾ ਲੈਂਦੇ ਹਨ। ਹੁਣ ਵੀ ਕਿਸਾਨ ਖੇਤਾਂ ਵਿਚ ਪੀਪੇ ਆਦਿ ਰੱਖਣ ਲੱਗੇ ਹਨ। ਪਤਾ ਲੱਗਿਆ ਹੈ ਕਿ ਪੁਰਾਣੇ ਪੀਪਿਆਂ ਦਾ ਮਿਲਣਾ ਮੁਸ਼ਕਲ ਹੋਇਆ ਪਿਆ ਹੈ। ਬਠਿੰਡਾ ’ਚ ਤਾਂ ਅੱਜ ਕਬਾੜੀਆਂ ਕੋਲੋ ਕਾਫੀ ਕਿਸਾਨ ਪੁਰਾਣੇ ਪੀਪੇ ਖਰੀਦਣ ਆਏ ਹਨ। ਪਲਾਸਟਿਕ ਦੀਆਂ ਕੇਨੀਆਂ ’ਚ ਘਿਓ ਵਿਕਣ ਕਰਕੇ ਪੀਪੇ ਦੀ ਆਮਦ ਘਟੀ ਹੈ।
ਸਰਕਾਰ ਫਸਲਾ ਦੀ ਰਾਖੀ ਦਾ ਪ੍ਰਬੰਧ ਕਰੇ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਦਾ ਕਹਿਣਾ ਸੀ ਕਿ ਸਰਕਾਰ ਨੂੰ ਟਿੱਡੀ ਦਲ ਦੇ ਖਦਸ਼ੇ ਨੂੰ ਦੇਖਦਿਆਂ ਫਸਲਾਂ ਦੀ ਰਾਖੀ ਲਈ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ।