ਅਸ਼ੋਕ ਵਰਮਾ ,ਸਿਰਸਾ/ਬਠਿੰਡਾ 14 ਜੂਨ 2023
ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰਾਂ ਨੇ ਪੀੜਤ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ‘ਖ਼ੂਨਦਾਨ ਵਰਗੇ ਪੁੰਨ ਦੇ ਕੰਮ’ ਦਾ ਜਿਹੜਾ ਰਾਹ ਫੜਿਆ ਉਹ ਹੁਣ ਮਿਸ਼ਨ ਬਣ ਗਿਆ ਹੈ। ਹਾਲਾਂਕਿ ਕੋਈ ਸਮਾਂ ਸੀ ਜਦੋਂ ਕਿਸੇ ਸਾਧਾਰਨ ਬੰਦੇ ਦੀ ਇਸ ਰਾਹ ਤੇ ਪੈਰ ਧਰਨ ਦੀ ਜੁਰਅਤ ਨਹੀਂ ਪੈਂਦੀ ਸੀ ਪਰ ਹੁਣ ਸਮਾਜ ਲਈ ਕੰਮ ਕਰਨ ਵਾਲੀਆਂ ਧਿਰਾਂ ਦੇ ਯਤਨਾਂ ਸਦਕਾ ਪਹਿਲਾਂ ਵਾਲੀ ਗੱਲ ਨਹੀਂ ਰਹੀ ਹੈ। ਡੇਰਾ ਪੈਰੋਕਾਰ ਆਖਦੇ ਹਨ ਕਿ ਉਨ੍ਹਾਂ ਵੱਲੋਂ ਇਹ ਕਾਰਜ ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਦਿੱਤੀ ਗਈ ਸਿੱਖਿਆ ਦੇ ਆਧਾਰ ਤੇ ਕੀਤਾ ਜਾ ਰਿਹਾ ਹੈ। ਅੱਜ ਵਿਸ਼ਵ ਖੂਨਦਾਨ ਦਿਵਸ ਮਨਾਇਆ ਜਾ ਰਿਹਾ ਹੈ ਤਾਂ ਇਸ ਮੌਕੇ ਲੋਕ ਖੂਨਦਾਨੀਆਂ ਦੇ ਇਸ ਜ਼ਜ਼ਬੇ ਨੂੰ ਆਪੋ ਆਪਣੇ ਢੰਗ ਨਾਲ ਸੈਲਿਊਟ ਕਰ ਰਹੇ ਹਨ।
ਮਾਨਵਤਾ ਦੀ ਸੇਵਾ ਸਬੰਧੀ ਮੰਨੇ ਜਾਂਦੇ ਇਸ ਦਿਹਾੜੇ ਤੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੀਡੀਆ ਵਿੰਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸਾਲ 20 22 ਤੱਕ ਡੇਰਾ ਪੈਰੋਕਾਰਾਂ ਨੇ 9 ਲੱਖ 77 ਹਜ਼ਾਰ 738 ਯੂਨਿਟ ਖੂਨ ਦਾਨ ਕੀਤਾ ਹੈ ਜਿਸ ਨਾਲ ਅਣਗਿਣਤ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕੀਆਂ ਹਨ।ਇਸ ਅੰਕੜੇ ਦਾ ਸਿੱਧਾ ਮਤਲਬ ਇਹ ਹੈ ਕਿ ਇਸ ਅਰਸੇ ਦੌਰਾਨ ਕੀਤਾ ਗਿਆ ਖੂਨਦਾਨ 4 ਲੱਖ 39 ਹਜ਼ਾਰ 982 ਲੀਟਰ ਖੂਨ ਬਣਦਾ ਹੈ ਜੋ ਕਿ ਬਹੁਤ ਵੱਡਾ ਅੰਕੜਾ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਡੇਰਾ ਪੈਰੋਕਾਰਾਂ ਵੱਲੋਂ ਭਾਰਤੀ ਫੌਜ, ਸੁਰੱਖਿਆ ਫੋਰਸਾਂ, ਪੁਲਿਸ ਪ੍ਰਸ਼ਾਸ਼ਨ, ਥੈਲੇਸੀਮੀਆ ਪੀੜਤਾਂ, ਪੱਤਰਕਾਰਾਂ ਅਤੇ ਆਮ ਲੋਕਾਂ ਲਈ ਇਹ ਸੇਵਾ ਮੁਫ਼ਤ ਕੀਤੀ ਜਾ ਰਹੀ ਹੈ।
ਕਈ ਡੇਰਾ ਪੈਰੋਕਾਰ ਤਾਂ ਅਜਿਹੇ ਵੀ ਹਨ ਜਿਨ੍ਹਾਂ ਨੇ ਏਨਾ ਖ਼ੂਨਦਾਨ ਕੀਤਾ ਹੈ ਕਿ ਉਨ੍ਹਾਂ ਨੂੰ ਗਿਣਤੀ ਦਾ ਵੀ ਚੇਤਾ ਨਹੀਂ ਹੈ। ਹਸਪਤਾਲਾਂ ਦੇ ਪ੍ਰਬੰਧਕ ਵੀ ਡੇਰਾ ਪ੍ਰੇਮੀਆਂ ਦੀ ਸਿਫਤ ਕਰਦੇ ਨਹੀਂ ਥੱਕਦੇ ਕਿ ਜਦੋਂ ਵੀ ਕਿਸੇ ਨੂੰ ਜਰੂਰਤ ਪੈਂਦੀ ਹੈ ਤਾਂ ਉਹ ਅੱਧੇ ਬੋਲ ਦੌੜਦੇ ਹਨ । ਤਾਹੀਓ ਤਾਂ ਡੇਰਾ ਪ੍ਰੇਮੀਆਂ ਨੂੰ ‘ਟਿ੍ਊ ਬਲੱਡ ਪੰਪ’ ਦਾ ਨਾਮ ਦਿੱਤਾ ਗਿਆ ਹੈ। ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਖੂਨ ਦਾਨ ਵਰਗੇ ਨੇਕ ਕਾਰਜ ਨੂੰ ਪੂਰੇ ਅਨੁਸ਼ਾਸ਼ਿਤ ਢੰਗ ਨਾਲ ਚਲਾਉਣ ਲਈ ਬਕਾਇਦਾ ਖੂਨ ਦਾਨ ਸੰਮਤੀ ਬਣਾਈ ਹੋਈ ਹੈ ਜੋ ਹਰ ਸਟੇਟ ਦੇ ਡੇਰਾ ਪ੍ਰੇਮੀਆਂ ਨੂੰ ਸਮੇਂ ਸਮੇਂ ਤੇ ਦਿਸ਼ਾ-ਨਿਰਦੇਸ਼ ਜਾਰੀ ਕਰਦੀ ਰਹਿੰਦੀ ਹੈ। ਇਸ ਸੰਮਤੀ ਕੋਲ ਖੂਨਦਾਨੀਆਂ ਨਾਲ ਸਬੰਧਤ ਕੰਪਿਊਟਰਾਈਜ਼ਡ ਡਾਟਾ ਮੌਜੂਦ ਹੈ।
ਅੱਗਿਓਂ ਖੂਨਦਾਨ ਦੀ ਇਸ ਮੁਹਿੰਮ ਨੂੰ ਪੂਰੇ ਅਨੁਸ਼ਾਸਨਬੱਧ ਢੰਗ ਨਾਲ ਚਲਾਉਣ ਲਈ ਹਰੇਕ ਇਲਾਕੇ ਵਿੱਚ ਸੇਵਾਦਾਰਾਂ ਦੇ ਗਰੁੱਪ ਬਣੇ ਹੋਏ ਹਨ ਜਿਨ੍ਹਾਂ ਕੋਲ ਖੂਨਦਾਨੀਆਂ ਦੇ ਬਲੱਡ ਗਰੁੱਪ ਅਤੇ ਮੋਬਾਇਲ ਨੰਬਰ ਹਨ । ਇਹਨਾਂ ਵੱਲੋਂ ਵੀ ਮੰਗ ਦੇ ਅਧਾਰ ਤੇ ਹਰ ਲੋੜਵੰਦ ਮਰੀਜ਼ਾਂ ਨੂੰ ਖੂਨ ਮੁਹੱਈਆ ਕਰਵਾ ਦਿੱਤਾ ਜਾਂਦਾ ਹੈ। ਇਨ੍ਹਾਂ ਲੋਕਾਂ ਨੂੰ ਅਕਸਰ ਹੀ ਬਿਨਾਂ ਕਿਸੇ ਭੇਦ ਭਾਵ ਤੋਂ ਹਸਪਤਾਲਾਂ ਵਿੱਚ ਮਰੀਜਾਂ ਲਈ ਖੂਨਦਾਨ ਕਰਦੇ ਦੇਖਿਆ ਜਾ ਸਕਦਾ ਹੈ।ਇਸ ਮਾਮਲੇ ਦਾ ਜ਼ਿਕਰਯੋਗ ਪਹਿਲੂ ਇਹ ਵੀ ਹੈ ਕਿ ਖੂਨ ਦਾਨ ਕਰਨ ਦਾ ਆਰਥਿਕਤਾ ਨਾਲ ਕੋਈ ਸਬੰਧ ਨਹੀਂ। ਸਮਰੱਥ ਲੋਕ ਵੀ ਖੂਨਦਾਨ ਕਰਦੇ ਹਨ ਤੇ ਗ਼ਰੀਬ ਪਰਿਵਾਰਾਂ ਵੱਲੋਂ ਵੀ ਲਗਾਤਾਰ ਖੂਨ ਦਾਨ ਕੀਤਾ ਜਾ ਰਿਹਾ ਹੈ।
ਸੰਗਰੂਰ ਜਿਲ੍ਹੇ ਦਾ ਇੱਕ ਡੇਰਾ ਪੈਰੋਕਾਰ ਦਿਹਾੜੀ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਹੈ ਪਰ ਉਹ ਹਰ ਤਿੰਨ ਮਹੀਨੇ ਬਾਅਦ ਖ਼ੂਨਦਾਨ ਕਰਨਾ ਨਹੀਂ ਭੁੱਲਦਾ।ਏਦਾਂ ਦੇ ਸੈਂਕੜੇ ਖੂਨਦਾਨੀ ਹਨ, ਜੋ ਖ਼ੁਦ ਜਿੰਮੇਵਾਰੀਆਂ ਦੇ ਢੇਰ ’ਤੇ ਬੈਠੇ ਹਨ ਪਰ ਫਿਰ ਵੀ ਉਨ੍ਹਾਂ ਖ਼ੂਨਦਾਨ ਨੂੰ ਮਿਸ਼ਨ ਬਣਾਇਆ ਹੋਇਆ ਹੈ। ਕਈ ਨੌਜਵਾਨ ਅਜਿਹੇ ਵੀ ਹਨ ਜਿਨ੍ਹਾਂ ਨੂੰ ਨਸ਼ੇੜੀਆਂ ਵਾਂਗ ਖੂਨਦਾਨ ਕਰਨ ਦੀ ਤਲਬ ਲੱਗੀ ਰਹਿੰਦੀ ਹੈ । ਇਹ ਨਹੀਂ ਕਿ ਖੂਨਦਾਨ ਕਰਨ ਵਾਲਿਆਂ ਵਿੱਚ ਸਿਰਫ ਪੁਰਸ਼ ਹੀ ਸ਼ਾਮਲ ਹਨ ਬਲਕਿ ਮੁਟਿਆਰਾਂ ਕੁੜੀਆਂ ਅਤੇ ਔਰਤਾਂ ਵੀ ਲੋੜ ਪੈਣ ਤੇ ਹਰ ਵਕਤ ਖੂਨਦਾਨ ਕਰਨ ਲਈ ਤਿਆਰ ਬਰ ਤਿਆਰ ਰਹਿੰਦੀਆਂ ਹਨ। ਇਹਨਾਂ ਲੋਕਾਂ ਨੇ ਅੱਗਿਓਂ ਆਪਣੀ ਅਗਲੀ ਪੀੜ੍ਹੀ ਨੂੰ ਵੀ ਏਹੋ ਸਿੱਖਿਆ ਦੇਣੀ ਸ਼ੁਰੂ ਕੀਤੀ ਹੋਈ ਹੈ।
ਖੂਨਦਾਨ ਬੇਹੱਦ ਖੁਸ਼ੀ ਵਾਲਾ ਕਾਰਜ
ਡੇਰਾ ਸੱਚਾ ਸੌਦਾ ਸਿਰਸਾ ਦੇ 85 ਮੈਂਬਰ ਗੁਰਦੇਵ ਸਿੰਘ ਇੰਸਾਂ ਦਾ ਕਹਿਣਾ ਸੀ ਕਿ ਜੇਕਰ ਖੂਨ ਕਿਸੇ ਲੋੜਵੰਦ ਦੇ ਕੰਮ ਆ ਜਾਏ ਤਾਂ ਇਸ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਹੈ।ਉਨ੍ਹਾਂ ਦੱਸਿਆ ਕਿ ਡੇਰਾ ਪ੍ਰੇਮੀ ਹਰ ਲੋੜਵੰਦ ਨੂੰ ਮੌਕੇ ਤੇ ਜਾ ਕੇ ਖੂਨ ਮੁਹੱਈਆ ਕਰਵਾਉਂਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਡੇਰਾ ਸਿਰਸਾ ਮੁਖੀ ਨੇ ਖੂਨਦਾਨ ਦੀ ਜੋ ਮਸ਼ਾਲ ਜਗਾਈ ਸੀ, ਉਸ ਦੇ ਹੀ ਨਤੀਜੇ ਵਜੋਂ ਖੂਨ ਦੀ ਘਾਟ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਕਮੀ ਆਈ ਹੈ। ਉਨ੍ਹਾਂ ਦੱਸਿਆ ਕਿ ਡੇਰਾ ਪੈਰੋਕਾਰਾਂ ਵੱਲੋਂ ਹਰ ਗਮੀ ਖੁਸ਼ੀ ਦੇ ਮੌਕੇ ਵੀ ਖੂਨ ਦਾਨ ਕਰਨ ਨੂੰ ਪਹਿਲ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਖੂਨਦਾਨ ਦੇ ਖੇਤਰ ਵਿੱਚ ਡੇਰਾ ਸੱਚਾ ਸੌਦਾ ਦਾ ਨਾਂ ਚਾਰ ਵਾਰ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਹੈ ਜੋ ਵੱਡੀ ਗੱਲ ਹੈ।