ਕੈਬਨਿਟ ਮੰਤਰੀ ਮੀਤ ਹੇਅਰ ਵੱਲੋਂ ਨਹਿਰੀ ਖਾਲਾਂ/ਪਾਈਪਲਾਈਨ ਦੇ 63 ਲੱਖ ਦੇ ਪ੍ਰਾਜੈਕਟਾਂ ਦਾ ਉਦਘਾਟਨ
ਨੰਗਲ ‘ਚ 40 ਲੱਖ ਦੀ ਲਾਗਤ ਵਾਲੇ ਪੰਚਾਇਤ ਘਰ ਦਾ ਨੀਂਹ ਪੱਥਰ ਰੱਖਿਆ
ਰਘਵੀਰ ਹੈਪੀ , ਬਰਨਾਲਾ, 19 ਮਈ 2023
ਪੰਜਾਬ ਦੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਮਹਿਲ ਕਲਾਂ ਵਿਧਾਨ ਸਭਾ ਹਲਕੇ ਦੇ ਪਿੰਡ ਕਰਮਗੜ੍ਹ ਵਿਖੇ ਕਰੀਬ 30.61 ਲੱਖ ਦੀ ਲਾਗਤ ਵਾਲੇ ਨਹਿਰੀ ਖਾਲਿਆਂ ਨੂੰ ਪੱਕੇ ਕਰਨ/ਪਾਈਪਲਾਈਨ ਪਾਉਣ ਦੇ ਪ੍ਰਾਜੈਕਟ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਵਿੱਚ ਨਹਿਰੀ ਪਾਣੀ ਦੀ ਸਹੂਲਤ ਲਈ ਕਰੀਬ 80 ਕਰੋੜ ਦੇ ਕੰਮ ਕਰਵਾਏ ਜਾ ਰਹੇ ਹਨ। ਇਸੇ ਤਹਿਤ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਲਿਮਟਿਡ, ਪੰਜਾਬ ਜਲ ਸਰੋਤ ਵਿਭਾਗ ਰਾਹੀਂ ਪਿੰਡ ਕਰਮਗੜ੍ਹ ਵਿੱਚ 1600 ਮੀਟਰ ਲੰਬਾਈ ਵਾਲੇ 20.89 ਲੱਖ ਅਤੇ 940 ਮੀਟਰ ਲੰਬਾਈ ਵਾਲੇ 9.72 ਲੱਖ ਦੀ ਲੰਬਾਈ ਵਾਲੇ ਨਹਿਰੀ ਖਾਲਾਂ ਨੂੰ ਪੱਕੇ ਕਰਨ/ ਪਾਈਪਲਾਈਨ ਪਾਉਣ ਦੇ ਪ੍ਰਾਜੈਕਟ ਦਾ ਉਦਘਾਟਨ ਉਨ੍ਹਾਂ ਕੀਤਾ।
ਇਸੇ ਤਰ੍ਹਾਂ ਕੈਬਨਿਟ ਮੰਤਰੀ ਨੇ ਪਿੰਡ ਨੰਗਲ ਵਿੱਚ 32 ਲੱਖ ਤੋਂ ਵੱਧ ਲਾਗਤ ਵਾਲੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ, ਜਿਸ ਵਿੱਚ 1776 ਮੀਟਰ ਲੰਬਾਈ ਵਾਲੇ 22.88 ਲੱਖ ਅਤੇ 1050 ਮੀਟਰ ਲੰਬਾਈ ਵਾਲੇ 9.88 ਲੱਖ ਦੇ ਨਹਿਰੀ ਖਾਲਾਂ ਆਦਿ ਦੇ ਪ੍ਰਾਜੈਕਟ ਸ਼ਾਮਲ ਹਨ। ਇਸ ਮੌਕੇ ਉਨ੍ਹਾਂ ਪਿੰਡ ਨੰਗਲ ਵਿੱਚ ਕਰੀਬ 40 ਲੱਖ ਦੀ ਲਾਗਤ ਵਾਲੇ ਪੰਚਾਇਤ ਘਰ/ਕਮਿਊਨਿਟੀ ਹਾਲ ਦੀ ਉਸਾਰੀ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ਨਾਲ ਪੰਚਾਇਤੀ ਮੀਟਿੰਗਾਂ ਤੇ ਹੋਰ ਸਾਂਝੇ ਸਮਾਗਮਾਂ ਲਈ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਪਿੰਡ ਵਿੱਚ 35 ਲੱਖ ਦੀ ਲਾਗਤ ਨਾਲ ਖੇਡ ਸਟੇਡੀਅਮ ਵਾਲਾ ਕੰਮ, 25 ਲੱਖ ਦੀ ਲਾਗਤ ਨਾਲ ਲਾਇਬੇ੍ਰਰੀ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ 50 ਲੱਖ ਰੁਪਏ ਪਿੰਡ ਦੇ ਛੱਪੜ ਨੂੰ ਨਵਿਆਉਣ ਲਈ ਦਿੱਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੀ ਸਰਕਾਰ ਦੇ ਪਹਿਲੇ ਸਾਲ ’ਚ ਹੀ ਕਰੋੜਾਂ ਦੇ ਕੰਮ ਕਰਵਾਏ ਜਾ ਰਹੇ ਹਨ, ਜਿਹੜੇ ਪਿਛਲੀਆਂ ਸਰਕਾਰਾਂ ਵੱਲੋਂ ਅਖੀਰਲੇ ਸਾਲ ’ਚ ਹੀ ਕਰਵਾਉਂਦੀਆਂ ਸਨ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਹੋਰ ਵੀ ਪ੍ਰਾਜੈਕਟ ਪਿੰਡਾਂ ਦੀ ਬਿਹਤਰੀ ਲਈ ਲਿਆਂਦੇ ਜਾਣਗੇ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਸ. ਗੋਪਾਲ ਸਿੰਘ, ਡੀਐੱਸਪੀ ਮਹਿਲ ਕਲਾਂ ਗਮਦੂਰ ਸਿੰਘ ਚਹਿਲ, ਹਰਸ਼ਾਂਤ ਵਰਮਾ ਮੰਡਲ ਇੰਜਨੀਅਰ (ਲਾਈਨਿੰਗ ਮੰਡਲ 10), ਐਕਸੀਅਨ ਪੰਚਾਇਤੀ ਰਾਜ ਰਣਜੀਤ ਸਿੰਘ ਸ਼ੇਰਗਿੱਲ, ਮੰਤਰੀ ਦੇ ਪ੍ਰਸ਼ਾਸ਼ਨਿਕ ਸਲਾਹਕਾਰ ਹਸਨਪ੍ਰੀਤ ਭਾਰਦਵਾਜ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।