ਆਰਥਿਕ ਪੈਕੇਜ ਦੇ ਨਾਂ ਤੇ ਲੋਕ ਦੋਖੀ ਕਦਮ ਵਾਪਿਸ ਲਏ ਜਾਣ:-ਸੁਖਵਿੰਦਰ ਸਿੰਘ
ਬੀਟੀਐਨ ਭੁੱਚੋ ਖੁਰਦ 25 ਮਈ 2020
ਅੱਜ ਲੋਕ ਮੋਰਚਾ ਪੰਜਾਬ ਦੀ ਮੀਟਿੰਗ ਭੁੱਚੋ ਖੁਰਦ ਵਿਖੇ ਗੁਰਦੁਆਰਾ ਸਾਹਿਬ ਵਿੱਚ ਹੋਈ ਜਿਸ ਵਿੱਚ ਬਠਿੰਡਾ ਅਤੇ ਸ਼੍ਰੀ ਮੁਕਤਸ਼ਰ ਸਾਹਿਬ ਜਿਲਿਆਂ ਦੇ ਵੱਡੀ ਗਿਣਤੀ ਵਿੱਚ ਕਿਸਾਨਾਂ,ਮਜ਼ਦੂਰਾਂ, ਵਿਦਿਆਰਥੀਆਂ, ਠੇਕਾ ਕਾਮਿਆਂ, ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ,ਲੋਕ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਅੱਜ ਦੀ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕੋਵਿਡ ਸੰਕਟ ਨਾਲ ਨਜਿੱਠਣ ਦੇ ਨਾਂਅ ਹੇਠ ਜਾਰੀ ਕੀਤੇ ਗਏ ਆਰਥਿਕ ਪੈਕੇਜ ਦੇ ਦੰਭ ਨੂੰ ਲੋਕਾਂ ਵਿੱਚ ਉਜਾਗਰ ਕਰਦਿਆਂ ਕਿਹਾ ਕਿ 20 ਲੱਖ ਕਰੋੜ ਦਾ ਆਰਥਿਕ ਪੈਕੇਜ ਪੂਰੀ ਤਰ੍ਹਾਂ ਦੰਭੀ ਹੈ,ਨਾ ਸਿਰਫ ਇਹ ਮੋਦੀ ਹਕੂਮਤ ਵੱਲੋਂ ਕੀਤੇ ਜਾ ਰਹੇ ਵੱਡੇ ਦਾਅਵਿਅਾਂ ਤੋਂ ਉਲਟ ਬੇਹੱਦ ਨਿਗੂਣਾ ਹੈ,ਬਲਕਿ ਇਸਦੀ ਸਮੁੱਚੀ ਧੁੱਸ ਆਰਥਿਕ ਸੁਧਾਰਾਂ ਦਾ ਰੋਲਰ ਤੇਜ਼ ਕਰਕੇ ਕੋਵਿਡ ਸੰਕਟ ਦਾ ਸਮੁੱਚਾ ਬੋਝ ਕਿਰਤੀ ਲੋਕਾਂ ਉੱਪਰ ਤਿਲਕਾਉਣ ਵੱਲ ਸੇਧਿਤ ਹੈ ਆਰਥਿਕ ਪੈਕੇਜ ਦੇ ਨਾਂ ਹੇਠ ਪੰਜ ਪੜਾਵਾਂ ਵਿੱਚ ਜਾਰੀ ਵੀਹ ਲੱਖ ਕਰੋੜ ਦੀ ਵੱਡੀ ਰਕਮ ਦੇ ਲਿਫਾਫੇ ਉਹਲੇ ਲੋਕਾਂ ਨੂੰ ਸੰਕਟ ਦੀ ਇਸ ਘੜੀ ਸਰਕਾਰੀ ਖ਼ਜ਼ਾਨੇ ਵਿੱਚੋਂ ਦਿੱਤੀ ਜਾਣ ਵਾਲੀ ਸਿੱਧੀ ਵਿੱਤੀ ਇਮਦਾਦ ਮਹਿਜ਼ ਇੱਕ ਲੱਖ ਕਰੋੜ ਦੇ ਕਰੀਬ ਹੀ ਬਣਦੀ ਹੈ,ਸਰਕਾਰ ਵੱਲੋਂ ਧੁਮਾਏ ਜਾ ਰਹੇ ਝੂਠ ਕਿ ਇਹ ਪੈਕੇਜ ਕੁੱਲ ਘਰੇਲੂ ਉਤਪਾਦ ਦਾ ਦਸ ਫ਼ੀਸਦੀ ਹੈ ਦੇ ਉਲਟ ਇਹ ਇਮਦਾਦ ਕੁੱਲ ਘਰੇਲੂ ਉਤਪਾਦ ਦੇ ਸਿਰਫ ਇੱਕ ਫ਼ੀਸਦੀ ਦੇ ਕਰੀਬ ਬਣਦੀ ਹੈ,ਇਸ ਨਿਗੂਣੀ ਰਾਸ਼ੀ ਰਾਹੀਂ ਕੋਵਿਡ ਲੋਕ ਡਾਊਨ ਦੌਰਾਨ ਰੁਜ਼ਗਾਰ ਗੁਆ ਚੁੱਕੇ ਅਤੇ ਗੰਭੀਰ ਆਰਥਿਕ ਸੰਕਟ ਹੰਢਾ ਰਹੇ ਭਾਰਤ ਦੇ ਕਿਰਤੀ ਲੋਕਾਂ ਨੂੰ ਕੋਈ ਹਕੀਕੀ ਠੁੰਮਣਾ ਦੇਣ ਦੀ ਗੱਲ ਬੇਮਾਅਨੀ ਹੈ,ਇਹੀ ਨਹੀਂ ਇਸ ਆਰਥਿਕ ਪੈਕੇਜ ਰਾਹੀਂ ਸਾਰੇ ਖੇਤਰਾਂ ਦੇ ਦੁਅਾਰ ਕਾਰਪੋਰੇਟਾਂ ਦੀ ਲੁੱਟ ਲਈ ਖੋਲ੍ਹੇ ਗਏ ਹਨ,ਕਿਰਤ ਕਾਨੂੰਨ ਮਨਸੂਖ਼ ਕੀਤੇ ਗਏ ਹਨ,ਕਾਰਪੋਰੇਟ ਘਰਾਣਿਆਂ ਦੀ ਜਵਾਬਦੇਹੀ ਘਟਾਈ ਗਈ ਹੈ,ਨਿਯਮਾਂ ਦੀ ਉਲੰਘਣਾ ਦੇ ਰੂਪ ਵਿੱਚ ਉਨ੍ਹਾਂ ਨੂੰ ਤੈਅ ਸਜ਼ਾਵਾਂ ਤੋਂ ਛੋਟ ਦਿੱਤੀ ਗਈ ਹੈ,ਪਹਿਲੇ ਐਲਾਨਾਂ ਵਿੱਚ ਕਿਰਤੀਆਂ ਨੂੰ ਤਨਖ਼ਾਹ ਦੀ ਗਰੰਟੀ ਕਰਨ ਦੇ ਬਿਆਨਾਂ ਤੋਂ ਇਸ ਪੈਕੇਜ ਰਾਹੀਂ ਪਿੱਛੇ ਹਟਿਆ ਗਿਆ ਹੈ,ਰੱਖਿਆ,ਹਵਾਬਾਜ਼ੀ,ਪ੍ਰਮਾਣੂ ਊਰਜਾ,ਪੁਲਾੜ ਵਰਗੇ ਮਹੱਤਵਪੂਰਨ ਖੇਤਰਾਂ ਅੰਦਰ ਵੀ ਕਾਰਪੋਰੇਟ ਪੂੰਜੀ ਨੂੰ ਮਨਚਾਹੀ ਲੁੱਟ ਕਰਨ ਦੀਆਂ ਖੁੱਲ੍ਹਾਂ ਦਿੱਤੀਆਂ ਗਈਆਂ ਹਨ,ਮੁਲਕ ਦੀ ਰੀੜ੍ਹ ਦੀ ਹੱਡੀ ਬਣਦਾ ਖੇਤੀ ਖੇਤਰ ਵੀ ਅਨੇਕਾਂ ਪਾਸਿਓਂ ਕਾਰਪੋਰੇਟ ਮੁਨਾਫਿਆਂ ਲਈ ਖੋਲ੍ਹ ਦਿੱਤਾ ਗਿਆ ਹੈ,ਇਉਂ ਹਕੀਕਤ ਵਿੱਚ ਇਹ ਆਰਥਿਕ ਪੈਕੇਜ ਲੋਕਾਂ ਲਈ ਕੋਈ ਰਾਹਤ ਪੈਕੇਜ ਦੀ ਬਣਨ ਦੀ ਥਾਵੇਂ ਜਨਤਕ ਖੇਤਰ ਨੂੰ ਤਬਾਹ ਕਰਨ ਅਤੇ ਲੋਕਾਂ ਦੀ ਰੱਤ ਨਿਚੋੜ ਦੇ ਸਿਰ ਤੇ ਕਾਰਪੋਰੇਟਾਂ ਦੇ ਮੁਨਾਫ਼ੇ ਸੁਰੱਖਿਅਤ ਕਰਨ ਦੀ ਹਕੂਮਤੀ ਨੀਤੀ ਨੂੰ ਲਾਗੂ ਕਰਦਾ ਹੀ ਇੱਕ ਵੱਡਾ ਕਦਮ ਬਣਦਾ ਹੈ ਜੋ ਲੋਕਾਂ ਲਈ ਬੇਥਾਹ ਸੰਕਟ ਦੀ ਘੜੀ ਫਰੇਬੀ ਢੰਗ ਨਾਲ ਉਨ੍ਹਾਂ ਨੂੰ ਰਾਹਤ ਪਹੁੰਚਾਉਣ ਦੇ ਨਾਂ ਹੇਠ ਚੁੱਕਿਆ ਜਾ ਰਿਹਾ ਹੈ,ਆਏ ਹੋਏ ਲੋਕਾਂ ਦਾ ਧੰਨਵਾਦ ਕਰਦੇ ਹੋਏ ਲੋਕ ਮੋਰਚਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਨੇ ਮੰਗ ਕੀਤੀ ਕਿ ਇਸ ਆਰਥਿਕ ਪੈਕੇਜ ਦੇ ਨਾਂ ਹੇਠ ਚੁੱਕੇ ਜਾਣ ਵਾਲੇ ਸਾਰੇ ਲੋਕ ਦੋਖੀ ਕਦਮ ਤੁਰੰਤ ਵਾਪਸ ਲਏ ਜਾਣ,ਕਿਰਤੀ ਲੋਕਾਂ ਨੂੰ ਹਕੀਕੀ ਰਾਹਤ ਪਹੁੰਚਾਉਣ ਲਈ ਵੱਡੀਆਂ ਬਜਟ ਰਕਮਾਂ ਜਾਰੀ ਕੀਤੀਆਂ ਜਾਣ ਤੇ ਲੋਕਾਂ ਨੂੰ ਫ਼ੌਰੀ ਵਿੱਤੀ ਇਮਦਾਦ ਦਿੱਤੀ ਜਾਵੇ,ਉਨ੍ਹਾਂ ਦੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ,ਸਾਰੇ ਕਿਰਤ ਕਾਨੂੰਨ ਬਹਾਲ ਕੀਤੇ ਜਾਣ,ਮਜ਼ਬੂਤ ਕੀਤੇ ਜਾਣ ਅਤੇ ਇਨ੍ਹਾਂ ਦੀ ਪਾਲਣਾ ਯਕੀਨੀ ਕੀਤੀ ਜਾਵੇ,ਵੱਡੇ ਕਾਰਪੋਰੇਟਾਂ ਨੂੰ ਰਾਹਤਾਂ ਛੋਟਾਂ ਦੇਣ ਦੀ ਥਾਵੇਂ ਉਨ੍ਹਾਂ ਤੇ ਭਾਰੀ ਟੈਕਸ ਲਾਏ ਜਾਣ ਅਤੇ ਇਸ ਤਰ੍ਹਾਂ ਇਕੱਠੀ ਹੋਈ ਰਾਸ਼ੀ ਨੂੰ ਕੋਵਿਡ ਸੰਕਟ ਵਿੱਚੋਂ ਨਿਕਲ਼ਣ ਲਈ ਜੁਟਾਇਆ ਜਾਵੇ।