ਅਸ਼ੋਕ ਵਰਮਾ , ਚੰਡੀਗੜ੍ਹ,25 ਅਪਰੈਲ 2023
ਡੇਰਾ ਸੱਚਾ ਸੌਦਾ ਸਿਰਸਾ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਨੂੰ ਇਕ ਵਾਰ ਫਿਰ ਤੋਂ ਪੈਰੋਲ ਦਿੱਤੇ ਜਾਣ ਦੇ ਚਰਚੇ ਹਨ। ਰਾਮ ਰਹੀਮ ਕਤਲ ਅਤੇ ਬਲਾਤਕਾਰ ਦੇ ਦੋਸ਼ਾਂ ਵਿੱਚ ਹਰਿਆਣਾ ਦੇ ਰੋਹਤਕ ਜਿਲ੍ਹੇ ਦੀ ਸੁਨਾਰੀਆ ਜੇਲ੍ਹ ਵਿੱਚ ਆਪਣੀ ਸਜ਼ਾ ਘੱਟ ਰਿਹਾ ਹੈ। ਡੇਰਾ ਸਿਰਸਾ ਦੇ ਸੇਵਾਦਾਰਾਂ ਦੀ ਮੰਨੀਏ ਤਾਂ ਡੇਰਾ ਮੁਖੀ 28 ਅਪ੍ਰੈਲ ਨੂੰ ਬਰਨਾਵਾ ਆਸ਼ਰਮ ਆ ਸਕਦੇ ਹਨ, ਜਿਸ ਲਈ ਪੈਰੋਕਾਰ ਤਿਆਰੀਆਂ ਵਿੱਚ ਜੁਟ ਗਏ ਹਨ। ਸਜ਼ਾ ਕੱਟ ਰਿਹਾ ਹੈ। ਅਹਿਮ ਸੂਤਰ ਦੀ ਮੰਨੀਏ ਤਾਂ ਪੈਰੋਲ ਦੋ ਜਾਂ ਤਿੰਨ ਦਿਨ ਦੀ ਹੋ ਸਕਦੀ ਹੈ।
ਡੇਰਾ ਸੱਚਾ ਸੌਦਾ ਦਾ ਸਥਾਪਨਾ ਦਿਵਸ 29 ਅਪਰੈਲ ਨੂੰ ਹੈ ਜਿਸ ਦੇ ਮੱਦੇਨਜ਼ਰ ਇਹ ਪੈਰੋਲ ਦਿੱਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਡੇਰਾ ਪੈਰੋਕਾਰ ਪੈਰੋਲ ਮਿਲ ਮਿਲਣ ਪ੍ਰਤੀ ਆਸਵੰਦ ਵੀ ਹਨ ਜਦੋਂ ਕਿ ਹੈ ਡੇਰਾ ਆਗੂ ਪ੍ਰਬੰਧਕਾਂ ਨੇ ਅਜਿਹੀ ਜਾਣਕਾਰੀ ਨਾ ਹੋਣ ਦੀ ਗੱਲ ਆਖੀ ਹੈ । ਸੂਤਰਾਂ ਨੇ ਦੱਸਿਆ ਹੈ ਕਿ ਡੇਰਾ ਮੁਖੀ ਨੇ 29 ਅਪ੍ਰੈਲ ਨੂੰ ਪ੍ਰਸਤਾਵਿਤ ਸਥਾਪਨਾ ਦਿਵਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੈਰੋਲ ਦੀ ਮੰਗ ਕੀਤੀ ਹੈ ਜਿਸ ਲਈ ਰੋਹਤਕ ਪ੍ਰਸ਼ਾਸਨ ਨੂੰ ਅਰਜ਼ੀ ਦਿੱਤੀ ਗਈ ਹੈ। ਡੇਰਾ ਪੈਰੋਕਾਰਾਂ ਵੱਲੋਂ ਡੇਰਾ ਸੱਚਾ ਸੌਦਾ ਦਾ ਸਥਾਪਨਾ ਦਿਵਸ ਕਾਫੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਸਾਲ 2007 ਵਿੱਚ ਹੀ 29 ਅਪਰੈਲ ਵਾਲੇ ਦਿਨ ਡੇਰਾ ਸਿਰਸਾ ਮੁਖੀ ਨੇ ਜਾਮ-ਏ-ਇੰਸਾਂ ਪ੍ਰੋਗਰਾਮ ਚਲਾਇਆ ਸੀ। ਇਨ੍ਹਾਂ ਦੋਹਾਂ ਪ੍ਰੋਗਰਾਮਾਂ ਦੇ ਇੱਕੋ ਦਿਨ ਹੋਣ ਕਰ ਕੇ ਡੇਰਾ ਪੈਰੋਕਾਰਾਂ ਵਿੱਚ ਕਾਫੀ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ। ਸੂਤਰ ਦੱਸਦੇ ਹਨ ਕਿ ਡੇਰਾ ਮੁਖੀ ਨੂੰ ਪੈਰੋਲ ਦੇਣ ਵਾਸਤੇ ਬਣੇ ਜੇਲ੍ਹ ਵਿਭਾਗ ਦੇ ਨਿਯਮਾਂ ਅਨੁਸਾਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਸ ਵਿੱਚ ਪਿਛਲੇ ਸਮੇਂ ਦੌਰਾਨ ਦਿੱਤੀ ਗਈ ਹਰ ਪੈਰੋਲ ਮੌਕੇ ਡੇਰਾ ਮੁਖੀ ਦੇ ਆਚਰਣ ਅਤੇ ਕਾਰ ਵਿਹਾਰ ਦੀ ਸਮੀਖਿਆ ਸ਼ਾਮਲ ਹੈ।
ਡੇਰਾ ਮੁਖੀ ਆਪਣੀ ਹਰ ਪੈਰੋਲ ਦੌਰਾਨ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਵਿੱਚ ਸਥਿਤ ਬਰਨਾਵਾ ਡੇਰੇ ਵਿੱਚ ਰੁਕੇ ਸਨ। ਦੱਸਿਆ ਜਾਂਦਾ ਹੈ ਕਿ ਜੇਕਰ ਪ੍ਰਸ਼ਾਸਨ ਵੱਲੋਂ ਹਰੀ ਝੰਡੀ ਮਿਲ ਜਾਂਦੀ ਹੈ ਆਉਣ ਵਾਲੇ ਦੋ ਤਿੰਨ ਦਿਨਾਂ ਦੌਰਾਨ ਜਾਂ ਫਿਰ 28 ਅਪ੍ਰੈਲ ਤੱਕ ਡੇਰਾ ਮੁਖੀ ਜੇਲ੍ਹ ਤੋਂ ਬਾਹਰ ਆ ਸਕਦੇ ਹਨ। ਜਾਣਕਾਰੀ ਮਿਲੀ ਹੈ ਕਿ ਉਹ ਇਸ ਵਾਰ ਵੀ ਡੇਰਾ ਸੱਚਾ ਸੌਦਾ ਬਰਨਾਵਾ ਵਿਖੇ ਠਹਿਰਨਗੇ। ਦੱਸਣਯੋਗ ਹੈ ਕਿ ਪਿਛਲੀ ਵਾਰ ਜਦੋਂ ਡੇਰਾ ਮੁੱਖੀ ਪੈਰੋਲ ਤੇ ਆਏ ਸਨ ਤਾਂ ਉਸ ਤੇ ਇਤਰਾਜ ਜਾਹਰ ਕਰਦਿਆਂ ਕੁਝ ਧਿਰਾਂ ਹਾਈਕੋਰਟ ਚੱਲੀਆਂ ਗਈਆਂ ਸਨ।
ਕਦੋਂ ਕਦੋਂ ਮਿਲੀ ਡੇਰਾ ਮੁਖੀ ਨੂੰ ਪੈਰੋਲ
ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਪਹਿਲੀ ਵਾਰ 17 ਜੂਨ 2021 ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ। ਬਰਨਾਵਾ ਡੇਰੇ ਵਿੱਚ ਰਹਿਣ ਤੋਂ ਬਾਅਦ ਉਹ 18 ਜੁਲਾਈ ਨੂੰ ਸੁਨਾਰੀਆ ਜੇਲ੍ਹ ਵਾਪਸੀ ਕੀਤੀ। ਇਸੇ ਤਰ੍ਹਾਂ ਹੀ 15 ਅਕਤੂਬਰ 2021 ਨੂੰ 88 ਦਿਨਾਂ ਬਾਅਦ ਦੂਜੀ ਵਾਰ ਪੈਰੋਲ ਮਿਲੀ ਜਿਸ ਨੂੰ ਪੂਰੀ ਕਰਨ ਤੋਂ ਬਾਅਦ 25 ਨਵੰਬਰ ਨੂੰ ਉਹ ਵਾਪਸ ਸੁਨਾਰੀਆ ਜੇਲ੍ਹ ਚਲੇ ਗਏ। ਸਾਲ 2023 ਦੀ 21 ਜਨਵਰੀ ਨੂੰ ਰਾਮ ਰਹੀਮ ਤੀਸਰੀ ਵਾਰ 40 ਦਿਨਾਂ ਦੀ ਪੈਰੋਲ ‘ਤੇ ਬਰਨਾਵਾ ਆਸ਼ਰਮ ਆਇਆ ਅਤੇ 3 ਮਾਰਚ ਨੂੰ ਪੈਰੋਲ ਪੂਰੀ ਕਰਨ ਤੋਂ ਬਾਅਦ ਸੁਨਾਰੀਆ ਜੇਲ੍ਹ ਵਾਪਸੀ ਕੀਤੀ ਸੀ। ਦੱਸਣਯੋਗ ਹੈ ਕਿ ਡੇਰਾ ਸਿਰਸਾ ਸਿਰਸਾ ਮੁਖੀ ਨੂੰ ਇੱਕ ਵਾਰ 20 ਦਿਨ ਦੀ ਫਰਲ੍ਹੋ ਵੀ ਮਿਲ ਚੁੱਕੀ ਹੈ
ਸਮਾਗਮਾਂ ਲਈ ਤਿਆਰੀਆਂ ਸ਼ੁਰੂ
ਡੇਰਾ ਸੱਚਾ ਸੌਦਾ ਸਿਰਸਾ ਦੇ ਆਗੂ ਪ੍ਰਬੰਧਕ 85 ਮੈਂਬਰ ਗੁਰਦੇਵ ਸਿੰਘ ਬਠਿੰਡਾ ਨੇ ਪੈਰੋਲ ਬਾਰੇ ਅਰਜੀ ਵਗੈਰਾ ਦੇਣ ਤੋਂ ਅਣਜਾਣਤਾ ਜਤਾਈ ਹੈ। ਉਨ੍ਹਾਂ ਦੱਸਿਆ ਇਹ ਡੇਰਾ ਸ਼ਰਧਾਲੂਆਂ ਵੱਲੋਂ ਸਥਾਪਨਾ ਦਿਵਸ ਪੂਰੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਜਿਸ ਨੂੰ ਮਨਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।