ਸੜਕ ਹਾਦਸੇ ‘ਚ ਧੀ ਦੀ ਮੌਤ ਨੇ ਲੁੱਟੇ ਮਾਪਿਆਂ ਦੇ ਅਰਮਾਨ
ਅਸ਼ੋਕ ਵਰਮਾ , ਬਠਿੰਡਾ, 2 ਅਪ੍ਰੈਲ 2023
ਉਹ ਆਪਣੀ ਸੁਪਨਿਆਂ ਦੀ ਉਡਾਨ ਭਰਨ ਲਈ, ਘਰੋਂ ਨਿੱਕਲੀ, ਪਰ ਘਰ ਦੀ ਜੋਤੀ, ਪਰਿਵਾਰ ਦਾ ਭਵਿੱਖ ਰੁਸ਼ਨਾਉਣ ਤੋਂ ਪਹਿਲਾਂ, ਹੀ ਹਮੇਸ਼ਾ ਲਈ ,ਬੁਝਕੇ ਘਰ ਅੰਦਰ ਹਨ੍ਹੇਰਾ ਘੁੱਪ ਕਰ ਗਈ। ਸ਼ਹਿਰ ‘ਚ ਵਾਪਰੇ ਅਜ਼ਿਹੇ ਦਰਦਨਾਕ ਸੜਕ ਹਾਦਸੇ ਦੌਰਾਨ ਹੋਈ ਲੜਕੀ ਦੀ ਬੇਵਕਤੀ ਮੌਤ ਨੇ ਇੱਕ ਹੱਸਦੇ ਵੱਸਦੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਅਜਿਹੀ ਟੀਸ ਦਿੱਤੀ ਹੈ ਜੋ ਉਸ ਨੂੰ ਤਾ-ਉਮਰ ਰੜਕਦੀ ਰਹੇਗੀ । ਇਨੋਵਾ ਚਾਲਕ ਦੀ ਅਣਗਹਿਲੀ ਅਤੇ ਤੇਜ਼ ਰਫਤਾਰ ਟਰੈਕਟਰ ਨੇ ਮਾਪਿਆਂ ਦੀ ਲਾਡਲੀ ਨੂੰ ਇੱਕ ਪਲ ਵਿੱਚ ਕੁਚਲ ਕੇ ਰੱਖ ਦਿੱਤਾ। ਪੀੜਤ ਪਰਿਵਾਰ ਦੇ ਘਰ ਸੱਥਰ ਤਾਂ ਵਿਛਿਆ ਹੀ ਬਲਕਿ ਹਾਉਕਿਆਂ ਦੀ ਝੜੀ ਲੱਗੀ ਹੋਈ ਹੈ ਜੋ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ।
ਮਾਮਲੇ ਦਾ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਜਿਸ ਲੜਕੀ ਦੀ ਮੌਤ ਹੋਈ ਹੈ , ਉਸ ਨੂੰ ਨੌਕਰੀ ਮਿਲੀ ਸੀ ਅਤੇ ਉਹ ਜੁਆਇਨ ਕਰਨ ਲਈ ਜਾ ਰਹੀ ਸੀ ਤਾਂ ਇਹ ਭਾਣਾ ਵਾਪਰ ਗਿਆ। ਇਸ ਸੜਕ ਹਾਦਸੇ ਵਿਚ ਮਾਰੀ ਗਈ ਲੜਕੀ ਦਾ ਨਾਮ ਜੋਤੀ ਮਿਸ਼ਰਾ ਹੈ। ਇਹ ਲੜਕੀ ਘਰੋਂ ਭਵਿੱਖ ਦੇ ਨੈਣ-ਨਕਸ਼ ਦੇਖਣ ਲਈ ਤੁਰੀ ਸੀ , ਪਰ ਉਸ ਦੇ ਹਿੱਸੇ ਇਹ ਦਰਦਨਾਕ ਮੌਤ ਆਈ। ਪਰਿਵਾਰ ਨੂੰ ਧਰਵਾਸ ਦੇਣ ਲਈ ਨੇੜਲਿਆਂ ਨੇ ਦਿਲਾਸੇ ਵੀ ਦਿੱਤੇ ,ਪਰ ਦੂਰ ਗਈ ਧੀ ਦਾ ਗਮ ਇਨ੍ਹਾਂ ਨੂੰ ਭੁਲਾਉਣਾ ਬਹੁਤ ਔਖਾ ਲੱਗ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸੜਕ ਹਾਦਸਾ ਬਠਿੰਡਾ ਸ਼ਹਿਰ ਦੇ ਪਰਸਰਾਮ ਨਗਰ ਇਲਾਕੇ ਵਿੱਚ ਵਾਪਰਿਆ ਹੈ।ਜੋਤੀ ਮਿਸ਼ਰਾ ਦੀ ਨੌਕਰੀ ਦਾ ਪਹਿਲਾ ਦਿਨ ਸੀ, ਜਿਸ ਨੂੰ ਉਸਦੇ ਪਿਤਾ ਛੱਡਣ ਜਾ ਰਹੇ ਸਨ ਤਾਂ ਇਸ ਦੌਰਾਨ ਰਾਹ ਵਿਚ ਹੀ ਇਹ ਭਾਣਾ ਵਾਪਰ ਗਿਆ। ਇਸ ਸੜਕ ਹਾਦਸੇ ’ਚ 22 ਵਰ੍ਹਿਆਂ ਦੀ ਲੜਕੀ ਜੋਤੀ ਮਿਸ਼ਰਾ ਦੀ ਮੌਤ ਹੋ ਗਈ, ਜਦੋਂਕਿ ਉਸ ਦਾ ਪਿਤਾ ਤੇ ਚਚੇਰੀ ਭੈਣ ਜ਼ਖਮੀ ਹੋ ਗਏ । ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ, ਪਰ ਬਚਾਅ ਰਹਿ ਗਿਆ ।
ਉਨ੍ਹਾਂ ਦੱਸਿਆ ਕਿ ਸੜਕ ਕੋਲ ਖਲੋਤੀ ਇੱਕ ਇਨੋਵਾ ਗੱਡੀ ਵਾਲੇ ਨੇ ਅਚਾਨਕ ਬਾਰੀ ਖੋਲ੍ਹ ਦਿੱਤੀ ਜਿਸ ਨਾਲ ਪਿੱਛੋਂ ਆ ਰਿਹਾ ਮੋਟਰਸਾਈਕਲ ਟਕਰਾ ਗਿਆ , ਸਿੱਟੇ ਵਜੋਂ ਮੋਟਰਸਾਈਕਲ ਸਵਾਰ ਸੜਕ ’ਤੇ ਡਿੱਗ ਪਏ । ਇਸ ਦੌਰਾਨ ਸੜਕ ਤੋਂ ਇੱਕ ਟਰੈਕਟਰ ਲੰਘ ਰਿਹਾ ਸੀ, ਜਿਸ ਦੀ ਲਪੇਟ ’ਚ ਆਉਣ ਨਾਲ ਲੜਕੀ ਜੋਤੀ ਮਿਸ਼ਰਾ ਮੌਕੇ ’ਤੇ ਹੀ ਮੌਤ ਦੀ ਗੋਦ ਵਿੱਚ ਸਮਾ ਗਈੇ । ਇਸ ਹਾਦਸੇ ਦੌਰਾਨ ਜੋਤੀ ਦੇ ਪਿਤਾ ਸ਼ਾਮ ਦੱਤ ਮਿਸ਼ਰਾ ਤੇ ਉਸ ਦੀ ਚਚੇਰੀ ਭੈਣ ਨਿਸ਼ਾ ਮਿਸ਼ਰਾ ਨਿਵਾਸੀ ਜੋਗੀ ਨਗਰ ਗੰਭੀਰ ਰੂਪ ’ਚ ਜ਼ਖਮੀ ਹੋ ਗਏ ।
ਬਠਿੰਡਾ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵਲੰਟੀਅਰਾਂ ਨੇ ਜ਼ਖਮੀ ਵਿਅਕਤੀ ਤੇ ਉਸਦੀ ਭਤੀਜੀ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ । ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਟੀਮ ਮੌਕੇ ’ਤੇ ਪੁੱਜੀ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਸਹਾਰਾ ਵਰਕਰਾਂ ਦੇ ਸਹਿਯੋਗ ਨਾਲ ਮ੍ਰਿਤਕ ਲੜਕੀ ਦੀ ਦੇਹ ਨੂੰ ਸਿਵਲ ਹਸਪਤਾਲ ’ਚ ਪੋਸਟਮਾਰਟਮ ਲਈ ਭਿਜਵਾਇਆ ।
ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਜੋਤੀ ਦੀ ਇੱਕ ਪ੍ਰਾਈਵੇਟ ਫਾਇਨਾਂਸ ਕੰਪਨੀ ’ਚ ਨੌਕਰੀ ਲੱਗੀ ਸੀ । ਆਪਣੇ ਪਿਤਾ ਨਾਲ ਉਹ ਪਹਿਲੇ ਦਿਨ ਹੀ ਆਪਣੀ ਡਿਊਟੀ ’ਤੇ ਜਾ ਰਹੀ ਸੀ ,ਪਰ ਰਸਤੇ ’ਚ ਹਾਦਸੇ ਦਾ ਸ਼ਿਕਾਰ ਹੋ ਗਈ। ਸਿਵਲ ਹਸਪਤਾਲ ’ਚ ਇਲਾਜ ਅਧੀਨ ਜੋਗੀ ਨਗਰ ਵਾਸੀ ਸ਼ਾਮ ਦੱਤ ਨੇ ਦੱਸਿਆ ਕਿ ਅੱਜ ਉਸ ਦੀ ਬੇਟੀ ਦੀ ਨੌਕਰੀ ਦਾ ਪਹਿਲਾ ਦਿਨ ਸੀ, ਜਿਸ ਨੂੰ ਉਹ ਆਪਣੀ ਭਤੀਜੀ ਨਿਸ਼ਾ ਮਿਸ਼ਰਾ ਦੇ ਨਾਲ ਦਫ਼ਤਰ ਛੱਡਣ ਲਈ ਜਾ ਰਿਹਾ ਸੀ।
ਜਦੋਂ ਉਹ ਪਰਸਰਾਮ ਨਗਰ ਚੌਂਕ ਪੁੱਜਿਆ ਤਾਂ ਅੱਗੇ ਇੱਕ ਇਨੋਵਾ ਖੜ੍ਹੀ ਸੀ ਜਿਸ ਨੇ ਅਚਾਨਕ ਗੱਡੀ ਦਾ ਦਰਵਾਜਾ ਖੋਲ ਦਿੱਤਾ ਜੋ ਹਾਦਸੇ ਦਾ ਕਾਰਨ ਬਣਿਆ । ਲੋਕਾਂ ਨੇ ਦੱਸਿਆ ਕਿ ਮੋਟਰਸਾਈਕਲ ਗੱਡੀ ਦੇ ਦਰਵਾਜੇ ਨਾਲ ਟਕਰਾਉਣ ਕਰਕੇ ਤਿੰਨੋਂ ਜਣੇ ਸੜਕ ਡਿੱਗ ਪਏ , ਮੌਕੇ ’ਤੇ ਮੌਜੂਦ ਲੋਕਾਂ ਮੁਤਾਬਿਕ ਜਦੋਂ ਮੋਟਰਸਾਈਕਲ ਤੋਂ ਡਿੱਗੇ ਤਾਂ ਉੱਥੋਂ ਲੰਘ ਰਹੇ ਇੱਕ ਟਰੈਕਟਰ ਨੇ ਜੋਤੀ ਨੂੰ ਲਪੇਟੇ ਵਿੱਚ ਲੈ ਲਿਆ ਜੋ ਉਸ ਦੀ ਮੌਤ ਦਾ ਕਾਰਨ ਬਣਿਆ ਹੈ ।
ਮਾਪਿਆਂ ਦੇ ਸੁਪਨੇ ਟੁੱਟੇ: ਵਿਜੇ ਗੋਇਲ
ਸਹਾਰਾ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਵਲੰਟੀਅਰ ਮੌਕੇ ’ਤੇ ਪੁੱਜ ਗਏ ਸੀ। ਜਿੰਨ੍ਹਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਜੋਤੀ ਨੂੰ ਮਿਰਤਕ ਐਲਾਨ ਦਿੱਤਾ, ਜਦੋਂਕਿ ਸ਼ਾਮ ਦੱਤ ਮਿਸ਼ਰਾ ਤੇ ਨਿਸ਼ਾ ਮਿਸ਼ਰਾ ਦਾ ਇਲਾਜ ਚੱਲ ਰਿਹਾ ਹੈ। ਉਹਨਾਂ ਆਖਿਆ ਕਿ ਨੌਕਰੀ ਲੱਗਣ ਤੋਂ ਬਾਅਦ ਮਾਪੇ ਤਾਂ ਹੋਰ ਹੀ ਸੁਪਨਾ ਦੇਖ ਰਹੇ ਸਨ ਪ੍ਰੰਤੂ ਵਕਤ ਨੇ ਪਰਿਵਾਰ ਨੂੰ ਸੁਪਨਿਆਂ ਦੇ ਹਾਣ ਦਾ ਹੀ ਹੋਣ ਨਹੀਂ ਦਿੱਤਾ।
ਮਾਮਲਾ ਦਰਜ਼ : ਪੁਲਿਸ ਅਧਿਕਾਰੀ
ਜਾਂਚ ਅਧਿਕਾਰੀ ਅਤੇ ਥਾਣਾ ਕੈਨਾਲ ਕਲੋਨੀ ਦੇ ਸਹਾਇਕ ਥਾਣੇਦਾਰ ਭੋਲਾ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਜੋਗੀ ਨਗਰ ਵਾਸੀ ਇਨੋਵਾ ਚਾਲਕ ਵਿਕਰਮਜੀਤ ਸਿੰਘ ਅਤੇ ਅਣਪਛਾਤੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਗਿ੍ਰਫ਼ਤਾਰ ਕਰਕੇ ਕਨੂੰਨ ਅਨੁਸਾਰ ਜ਼ਮਾਨਤ ਦੇ ਦਿੱਤੀ ਹੈ। ਪੁਲਿਸ ਨੇ ਪੋਸਟਮਾਰਟਮ ਮਗਰੋਂ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।