ਤਪਾ ਪੁਲਿਸ , 3 ਸ਼ਰਾਬ ਤਸਕਰ ਕਾਬੂ, 34 ਬੋਤਲਾਂ ਸ਼ਰਾਬ, 52.50 ਕਿਲੋ ਲਾਹਣ ਬਰਾਮਦ, 4 ਕੇਸ ਦਰਜ਼
ਹਰਿੰਦਰ ਨਿੱਕਾ 23 ਮਈ 2020
ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ੀਆਂ ਵਿਰੁੱਧ ਪੁਲਿਸ ਕੇਸ ਦਰਜ਼ ਕਰਨ ਦਾ ਅਭਿਆਨ ਮੱਠਾ ਪੈਣ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਰਾਬ ਤਸਕਰੀ ਨੂੰ ਸਖਤੀ ਨਾਲ ਰੋਕਣ ਲਈ ਦਿੱਤੀ ਘੁਰਕੀ ਤੋਂ ਬਾਅਦ ਬਰਨਾਲਾ ਪੁਲਿਸ ਦਾ ਸ਼ਰਾਬ ਤਸਕਰਾਂ ਦੀ ਪੈੜ ਨੱਪਣ ਦੀ ਮੁਹਿੰਮ ਸ਼ੁਰੂ ਹੋ ਗਈ ਹੈ। ਇਸੇ ਕੜੀ ਤਹਿਤ ਤਪਾ ਪੁਲਿਸ ਦੇ 4 ਥਾਣੇਦਾਰਾਂ ਨੇ 3 ਸ਼ਰਾਬ ਤਸਕਰਾਂ ਨੂੰ ਕਾਬੂ ਕਰ ਲਿਆ ਹੈ ਅਤੇ ਇੱਕ ਸ਼ਰਾਬ ਤਸਕਰ ਦੇ ਘਰੋਂ ਦੇਸੀ ਸ਼ਰਾਬ ਦੀਆਂ 25 ਬੋਤਲਾਂ ਤਾਂ ਬਰਾਮਦ ਹੋ ਗਈਆਂ ਹਨ। ਪਰੰਤੂ ਦੋਸ਼ੀ ਪੁਲਿਸ ਨੂੰ ਚਕਮਾ ਦੇਣ ਚ, ਫਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣੇਦਾਰ ਗੁਰਮੇਲ ਸਿੰਘ ਦੀ ਅਗਵਾਈ ਚ, ਪੁਲਿਸ ਪਾਰਟੀ ਨੇ ਮੁਖਬਰ ਦੀ ਸੂਚਨਾ ਤੇ ਢਿੱਲਵਾਂ ਰੋਡ ਤਪਾ ਦੇ ਰਹਿਣ ਵਾਲੇ ਕੁਲਵੰਤ ਸਿੰਘ ਦੇ ਘਰ ਰੇਡ ਕਰਕੇ ਉਸਦੇ ਘਰੋਂ 25 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ, ਜਦੋਂ ਕਿ ਦੋਸ਼ੀ ਪੁਲਿਸ ਤੋਂ ਬਚ ਕੇ ਨਿੱਕਲ ਗਿਆ। ਹੌਲਦਾਰ ਸੁਖਚੈਨ ਸਿੰਘ ਦੀ ਅਗਵਾਈ ਚ, ਪੁਲਿਸ ਪਾਰਟੀ ਨੇ ਗੁਰਸੇਵਕ ਸਿੰਘ ਉਰਫ ਗੱਗੂ ਨਿਵਾਸੀ ਮਹਿਤਾ ਦੇ ਘਰ ਛਾਪਾਮਾਰੀ ਕਰਕੇ ਦੋਸ਼ੀ ਨੂੰ 9 ਬੋਤਲਾਂ ਸ਼ਰਾਬ ਸਹਿਤ ਕਾਬੂ ਕਰ ਲਿਆ। ਇਸੇ ਤਰਾਂ ਏਐਸਆਈ ਸੁਖਦੇਞ ਸਿੰਘ ਦੀ ਅਗਵਾਈ ਚ, ਪੁਲਿਸ ਪਾਰਟੀ ਨੇ ਬਲਵੀਰ ਸਿੰਘ ਉਰਫ ਬੀਰਾ ਨਿਵਾਸੀ ਤਾਜੋਕੇ ਨੂੰ ਹਿਰਾਸਤ ਚ, ਲੈ ਕੇ ਉਸ ਦੇ ਕਬਜੇ ਵਿੱਚੋਂ ਢਾਈ ਲੀਟਰ ਲਾਹਣ ਬਰਾਮਦ ਕਰ ਲਿਆ। ਤਪਾ ਦੇ ਹੀ ਏਐਸਆਈ ਜਗਸੀਰ ਸਿੰਘ ਦੀ ਅਗਵਾਈ ਚ, ਪੁਲਿਸ ਪਾਰਟੀ ਨੇ ਮੁਖਬਰੀ ਦੇ ਅਧਾਰ ਤੇ ਤਪਾ ਦੀ ਛੱਤੀ ਖੂਹੀ ਨੇੜੇ ਰੇਡ ਕਰਕੇ ਜੱਗਾ ਸਿੰਘ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਚੋਂ 50 ਕਿਲੋ ਲਾਹਣ ਬਰਾਮਦ ਕਰ ਲਿਆ। ਸਾਰੇ ਦੋਸ਼ੀਆਂ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ਼ ਕਰਕੇ ਦੋਸ਼ੀਆਂ ਨੂੰ ਬਰ ਜਮਾਨਤ ਰਿਹਾ ਵੀ ਕਰ ਦਿੱਤਾ। ਜਦੋਂ ਕਿ ਥਾਣੇਦਾਰ ਗੁਰਮੇਲ ਸਿੰਘ ਪੁਲਿਸ ਪਾਰਟੀ ਸਮੇਤ ਸ਼ਰਾਬ ਤਸਕਰ ਕੁਲਵੰਤ ਸਿੰਘ ਦੀ ਤਲਾਸ਼ ਚ, ਲੱਗੇ ਹੋਏ ਹਨ।