ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਮਿਥੇ ਦਿਨਾਂ ਨੂੰ ਖੋਲ੍ਹੀਆਂ ਜਾਣਗੀਆਂ ਦੁਕਾਨਾਂ-ਕੁਮਾਰ ਅਮਿਤ
ਲੋਕੇਸ਼ ਕੌਸ਼ਲ ਪਟਿਆਲਾ, 23 ਮਈ:2020
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਤਾਲਾਬੰਦੀ ਦੌਰਾਨ ਜਰੂਰੀ ਸੇਵਾਵਾਂ ਚਲਾਉਣ ਦੀ ਦਿੱਤੀ ਛੋਟ ਦੇ ਹੁਕਮਾਂ ਦੀ ਲਗਾਤਾਰਤਾ ਤਹਿਤ ਕੁਝ ਹੋਰ ਜਰੂਰੀ ਸੇਵਾਵਾਂ ਨੂੰ ਦਿਨਾਂ ਦੇ ਰੋਸਟਰ ਮੁਤਾਬਕ ਚਲਾਉਣ ਦੀ ਛੋਟ ਦਿੱਤੀ ਹੈ।
ਅੱਜ ਜਾਰੀ ਹੁਕਮਾਂ ਮੁਤਾਬਕ ਆਈ.ਟੀ. ਨਾਲ ਸਬੰਧਤ ਦੁਕਾਨਾਂ ਸਮੇਤ ਡਰਾਈ ਕਲੀਨਰ, ਡਾਇਰ ਆਦਿ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਦੁਕਾਨਾਂ ਖੋਲ੍ਹ ਸਕਣਗੇ। ਜਦੋਂਕਿ ਹੇਅਰ ਸੈਲੂਨ, ਸਪਾ, ਬਾਰਬਰ ਸ਼ਾਪ, ਬਿਊਟੀ ਪਾਰਲਰ ਅਤੇ ਘੜੀਆਂ ਤੇ ਘੜੀਆਂ ਮੁਰੰਮਤ ਆਦਿ ਦੀਆਂ ਦੁਕਾਨਾਂ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਖੋਲ੍ਹੀਆਂ ਜਾ ਸਕਣਗੀਆਂ। ਇਹ ਸਾਰੀਆਂ ਦੁਕਾਨਾਂ ਨਿਰਧਾਰਤ ਦਿਨਾਂ ਦੌਰਾਨ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਖੁੱਲ੍ਹ ਸਕਣਗੀਆਂ।
ਸ੍ਰੀ ਕੁਮਾਰ ਅਮਿਤ ਨੇ ਆਪਣੇ ਹੁਕਮਾਂ ‘ਚ ਕਿਹਾ ਕਿ ਪਰੰਤੂ ਕੰਟੇਨਮੈਂਟ ਜੋਨ ਇਹ ਹੁਕਮ ਲਾਗੂ ਨਹੀਂ ਹੋਣਗੇ ਅਤੇ ਇਨ੍ਹਾਂ ਖੇਤਰਾਂ ‘ਚ ਕੋਈ ਦੁਕਾਨ ਖੋਲ੍ਹਣ ਵਾਲੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਿਨ੍ਹਾਂ ਇਨ੍ਹਾਂ ਦੁਕਾਨਾਂ ਦੇ ਪ੍ਰਬੰਧਕ ਇਹ ਸੁਨਿਚਿਤ ਕਰਨਗੇ ਕਿ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਹੋਏ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਦੀ ਪਾਲਣਾਂ ਕਰਨ ਸਮੇਤ ਸਮਾਜਿਕ ਦੂਰੀ ਬਣਾਕੇ ਰੱਖੀ ਜਾਵੇਗੀ, ਮਾਸਕ ਅਤੇ ਹੱਥਾਂ ‘ਤੇ ਦਸਤਾਨਿਆਂ ਦੀ ਵਰਤੋਂ ਕਰਨ ਸਮੇਤ ਸੈਨੇਟਾਈਜੇਸ਼ਨ ਤੇ ਹੱਥ ਧੋਹਣੇ ਵੀ ਯਕੀਨੀ ਬਣਾਏ ਜਾਣਗੇ।